ਪਰਾਲੀ ਨੂੰ ਅਚਾਨਕ ਅੱਗ ਲੱਗਣ ਕਾਰਨ 100 ਦੇ ਕਰੀਬ ਪਰਾਲੀ ਦੀਆਂ ਟਰਾਲੀਆਂ ਸੜ ਕੇ ਸੁਆਹ

Burns, Sudden, Flurry, Straws

ਮਲੋਟ, (ਮਨੋਜ)। ਪਸ਼ੂਆਂ ਦੇ ਚਾਰੇ ਲਈ ਇਕੱਠੀ ਕੀਤੀ ਗਈ ਪਰਾਲੀ ਨੂੰ ਅਚਾਨਕ ਅੱਗ ਲਗਣ ਨਾਲ 100 ਦੇ ਕਰੀਬ ਪਰਾਲੀ ਦੀਆਂ ਟਰਾਲੀਆਂ ਸੜ ਕੇ ਸੁਆਹ ਹੋ ਗਈਆਂ। ਮਲੋਟ ਤੇ ਗਿੱਦੜਬਾਹਾ ਦੇ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਨੇ ਪਹੁੰਚ ਕੇ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ। ਸ਼ਹਿਰ ‘ਚ ਗਰੀਬ ਲੋਕਾਂ ਦੁਆਰਾ ਪਸ਼ੂਆਂ ਦੇ ਚਾਰੇ ਲਈ ਇਕੱਠੀ ਕੀਤੀ ਗਈ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ, ਜਿਸ ਦਾ ਪਤਾ ਚੱਲਣ ‘ਤੇ ਮਲੋਟ ਦੇ ਅੱਗ ਬੁਝਾਊ ਅਮਲੇ ਨੇ ਆਪਣੀਆਂ ਚਾਰ ਗੱਡੀਆਂ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਅੱਗ ਵਧਦੀ ਦੇਖ ਕੇ ਗਿੱਦੜਬਾਹਾ ਤੋਂ ਵੀ ਗੱਡੀਆਂ ਮੰਗਵਾਉਣੀਆਂ ਪਈਆਂ। ਪਰਾਲੀ ਦੇ ਮਾਲਕ ਅਲੀ ਖਾਨ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਸ਼ੂਆਂ ਦੇ ਹਰੇ ਚਾਰੇ ਲਈ ਖੇਤਾਂ ‘ਚੋਂ ਝੋਨੇ ਦੀ ਪਰਾਲੀ ਨੂੰ ਇਕੱਠਾ ਕੀਤੀ ਗਿਆ ਸੀ।

ਜਿਸ ਨੂੰ ਉਨ੍ਹਾਂ ਵੱਲੋਂ ਖੁੱਲੀ ਜਗ੍ਹਾ ‘ਤੇ ਰੱਖਿਆ ਗਿਆ ਸੀ ਪਰੰਤੂ ਸਵੇਰ ਦੇ ਸਮੇਂ ਅਚਾਨਕ ਅੱਗ ਲੱਗ ਗਈ ਅਤੇ ਅੱਗ ਇੰਨੀ ਤੇਜ਼ੀ ਨਾਲ ਵਧੀ ਕੀ ਕਿਸੇ ਨੂੰ ਸੰਭਲਣ ਦਾ ਮੌਕਾ ਹੀ ਨਹੀਂ ਮਿਲਿਆ। ਅੱਗ ਵਧਦੀ ਹੀ ਗਈ, ਜਿਸ ਨਾਲ 100 ਦੇ ਕਰੀਬ ਪਰਾਲੀ ਦੀਆਂ ਟਰਾਲੀਆਂ ਸੜ ਗਈਆਂ। ਉਨ੍ਹਾਂ ਦੱਸਿਆ ਕਿ ਨਜ਼ਦੀਕ ਹੀ ਪਈ ਪਰਾਲੀ ਨੂੰ ਸਮਾਂ ਰਹਿੰਦੇ ਬਚਾ ਲਿਆ ਗਿਆ। ਉਧਰ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਗੁਰਚਰਨ ਸਿੰਘ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਗਏ ਤੇ ਚਾਰ ਗੱਡੀਆਂ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਅੱਗ ਵਧਦੀ ਦੇਖਦੇ ਹੋਏ ਗਿੱਦੜਬਾਹਾ ਤੋਂ ਵੀ ਇੱਕ ਗੱਡੀ ਹੋਰ ਮੰਗਵਾਉਣੀ ਪਈ ਅਤੇ ਬਹੁਤ ਕੋਸ਼ਿਸ਼ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਉਨ੍ਹਾਂ ਦੱਸਿਆ ਕਿ ਇਸ ਅੱਗ ਦੀ ਘਟਨਾ ‘ਚ 100 ਦੇ ਕਰੀਬ ਪਰਾਲੀ ਦੀਆਂ ਟਰਾਲੀਆਂ ਸੜ ਗਈਆਂ। ਇਸ ਮੌਕੇ ਐੱਸਡੀਐੱਮ ਗੋਪਾਲ ਸਿੰਘ, ਡੀਐੱਸਪੀ ਭੁਪਿੰਦਰ ਸਿੰਘ, ਥਾਣਾ ਸਿਟੀ ਦੇ ਇੰਚਾਰਜ ਸੁਖਜੀਤ ਸਿੰਘ ਵੀ ਪੁਲਿਸ ਪਾਰਟੀ ਸਮੇਂ ਘਟਨਾ ਸਥਾਨ ‘ਤੇ ਮੌਜੂਦ ਰਹੇ।