ਮੁੱਖ ਮੰਤਰੀ ਮਾਨ ਵੱਲੋਂ ਇੱਕ ਹੋਰ ਜੱਚਾ-ਬੱਚਾ ਦੇਖਭਾਲ ਕੇਂਦਰ ਲੋਕਾਂ ਨੂੰ ਕੀਤਾ ਸਮਰਪਿਤ

ਖਰੜ ਵਿਖੇ ਜੱਚਾ-ਬੱਚਾ ਸੰਭਾਲ ਕੇਂਦਰ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।

ਪੰਜਾਬ ਛੇਤੀ ਹੀ ਸਿਹਤ, ਸਿੱਖਿਆ, ਬਿਜਲੀ ਤੇ ਰੋਜ਼ਗਾਰ ਦੇ ਖੇਤਰ ਵਿਚ ਮੋਹਰੀ ਸੂਬਾ ਹੋਵੇਗਾ ( Child Care Centre )

  • ਆਉਂਦੇ ਦਿਨਾਂ ਵਿਚ 75-100 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ

(ਅਸ਼ਵਨੀ ਚਾਵਲਾ) ਖਰੜ/ਚੰਡੀਗੜ। ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖਰੜ ਵਿਖੇ 35ਵਾਂ ਜੱਚਾ-ਬੱਚਾ ਦੇਖਭਾਲ ਕੇਂਦਰ ਲੋਕਾਂ ਨੂੰ ਸਮਰਪਿਤ ਕੀਤਾ। ( Child Care Centre ) ਇੱਥੇ 8.59 ਕਰੋੜ ਰੁਪਏ ਦੀ ਲਾਗਤ ਵਾਲਾ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ 50 ਬਿਸਤਰਿਆਂ ਦੀ ਸਮਰਥਾ ਵਾਲਾ ਜੱਚਾ-ਬੱਚਾ ਦੇਖਭਾਲ ਕੇਂਦਰ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਗਰਭਵਤੀ ਮਹਿਲਾਵਾਂ ਅਤੇ ਨਵੇਂ ਜੰਮੇ ਬੱਚਿਆਂ ਦੀ ਬਿਹਤਰ ਢੰਗ ਨਾਲ ਸਾਂਭ-ਸੰਭਾਲ ਕਰਨ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਏਗਾ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਇਨ੍ਹਾਂ ਫਸਲਾਂ ‘ਤੇ MSP ਵਧਾਉਣ ਦਾ ਕੀਤਾ ਐਲਾਨ

ਮੁੱਖ ਮੰਤਰੀ ਨੇ ਦੱਸਿਆ ਕਿ ਇਕ ਸਾਲ ਦੇ ਅੰਦਰ 45 ਸਿਹਤ ਕੇਂਦਰਾਂ ਵਿੱਚੋਂ 35 ਸਿਹਤ ਕੇਂਦਰ ਸਮਰਪਿਤ ਕੀਤੇ ਜਾ ਚੁੱਕੇ ਹਨ ਅਤੇ ਅਗਲੇ ਦਿਨਾਂ ਵਿਚ ਅਜਿਹੇ ਹੋਰ ਹਸਪਤਾਲ ਸਥਾਪਤ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਸੱਤਾ ਵਿਚ ਆਉਣ ਦੇ ਪਹਿਲੇ ਦਿਨ ਤੋਂ ਸਿਹਤ, ਸਿੱਖਿਆ, ਰੋਜ਼ਗਾਰ ਤੇ ਬਿਜਲੀ ਦੇ ਖੇਤਰ ਨੂੰ ਪ੍ਰਮੁੱਖ ਤੌਰ ਉਤੇ ਤਰਜੀਹ ਦਿੱਤੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਸਿਹਤ ਖੇਤਰ ਵਿਚ ਹੁਣ ਤੱਕ 584 ਆਮ ਆਦਮੀ ਕਲੀਨਿਕ ਖੋਲੇ ਜਾ ਚੁੱਕੇ ਹਨ ਜਿੱਥੋਂ ਹੁਣ 31.19 ਲੱਖ ਲੋਕ ਇਲਾਜ ਕਰਵਾ ਚੁੱਕੇ ਹਨ। ਉਨਾਂ ਨੇ ਛੇਤੀ ਹੀ 75 ਤੋਂ 100 ਕਲੀਨਿਕ ਹੋਰ ਖੋਲਣ ਦਾ ਐਲਾਨ ਕੀਤਾ ਤਾਂ ਕਿ ਲੋਕਾਂ ਨੂੰ ਘਰ ਦੇ ਨੇੜ ਹੀ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਮੁਫਤ ਘਰੇਲੂ ਬਿਜਲੀ ਦੇਣ ਦੀ ਵੀ ਗਾਰੰਟੀ ਦਿੱਤੀ ਸੀ ਅਤੇ ਸਾਡੇ ਵਿਰੋਧੀ ਦੋਸ਼ ਲਾਉਂਦੇ ਸਨ ਕਿ ਇਹ ਗਾਰੰਟੀ ਕਦੇ ਪੂਰੀ ਨਹੀਂ ਹੋ ਸਕਦੀ। ਉਨਾਂ ਕਿਹਾ ਕਿ ਇਸ ਵੇਲੇ 88 ਫੀਸਦੀ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ।

ਪਿਛਲੇ ਸਮੇਂ ਵਿਚ ਭਿ੍ਰਸ਼ਟ ਸਰਕਾਰਾਂ ਨੇ ਸੂਬੇ ਦਾ ਭੱਠਾ ਬਿਠਾ ਦਿੱਤਾ ( Child Care Centre )

ਸੂਬੇ ਵਿਚ ਵੱਖ-ਵੱਖ ਸਰਕਾਰੀ ਅਦਾਰਿਆਂ ਦਾ ਭੱਠਾ ਬਿਠਾਉਣ ਲਈ ਪਿਛਲੀਆਂ ਸਰਕਾਰਾਂ ਉਤੇ ਤਿੱਖਾ ਨਿਸ਼ਾਨਾ ਸਾਧਦਿਆਂ ਭਗਵੰਤ ਮਾਨ ਨੇ ਅੱਜ ਕਿਹਾ ਕਿ ਇਨਾਂ ਸਰਕਾਰਾਂ ਨੇ ਆਪਣੇ ਨਿੱਜੀ ਹਿੱਤ ਪਾਲਣ ਲਈ ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਸਰਕਾਰੀ ਸੰਸਥਾਵਾਂ ਨੂੰ ਬੁਰੀ ਤਰਾਂ ਅਣਗੌਲਿਆਂ ਕਰਕੇ ਲੋਕਾਂ ਨੂੰ ਪ੍ਰਾਈਵੇਟ ਸੰਸਥਾਵਾਂ ਦੇ ਰਹਿਮੋ-ਕਰਮ ਉਤੇ ਛੱਡ ਦਿੱਤਾ ਸੀ।

ਸਰਕਾਰੀ ਖੇਤਰਾਂ ਪ੍ਰਤੀ ਪਿਛਲੀਆਂ ਸਰਕਾਰਾਂ ਦੀ ਬੇਰੁਖੀ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਪਿਛਲੀ ਹਕਮੂਤਾਂ ਮੌਕੇ ਰਵਾਇਤੀ ਪਾਰਟੀਆਂ ਦੇ ਆਗੂ ਸਿਹਤ, ਸਿੱਖਿਆ, ਟਰਾਂਸਪੋਰਟ ਤੇ ਹੋਰ ਖੇਤਰਾਂ ਵਿਚ ਪ੍ਰਾਈਵੇਟ ਲੋਕਾਂ ਦੀ ਇਜਾਰੇਦਾਰੀ ਕਾਇਮ ਕਰਵਾਉਣ ਲਈ ਸਰਕਾਰੀ ਅਦਾਰਿਆਂ ਨੂੰ ਬੁਰੀ ਤਰਾਂ ਰੋਲ ਦਿੰਦੇ ਸਨ ਤਾਂ ਕਿ ਲੋਕਾਂ ਕੋਲ ਕੋਈ ਰਾਹ ਨਾ ਬਚੇ। ਇਨਾਂ ਸਿਆਸਤਦਾਨਾਂ ਲਈ ‘ਜਿਹੜੇ ਰਾਜ ਦਾ ਰਾਜਾ ਵਪਾਰੀ, ਉਸ ਰਾਜ ਦੀ ਜਨਤਾ ਭਿਖਾਰੀ’ ਦਾ ਕਥਨ ਵਰਤਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਿਆਸਤਦਾਨ ਆਪਣਾ ਕਾਰੋਬਾਰ ਵਧਾਉਣ ਲਈ ਏਨੇ ਲਾਲਸੀ ਹੁੰਦੇ ਸਨ ਕਿ ਵੱਧ ਗਾਹਕਾਂ ਵਾਲੀ ਗੋਲ-ਗੱਪਿਆਂ ਦੀ ਰੇਹੜੀ ਵਿਚ ਹਿੱਸਾਪੱਤੀ ਪਾਉਣ ਤੋਂ ਗੁਰੇਜ਼ ਨਹੀਂ ਕਰਦੇ ਸਨ।

ਭਗਵੰਤ ਮਾਨ ਨੇ ਕਿਹਾ ਕਿ ਇਨਾਂ ਰਵਾਇਤੀ ਪਾਰਟੀਆਂ ਨੇ ਸਰਕਾਰੀ ਹਸਪਤਾਲ ਅਤੇ ਸਕੂਲਾਂ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਸੀ ਤਾਂ ਕਿ ਪ੍ਰਾਈਵੇਟ ਲੋਕਾਂ ਲਈ ਦਰਵਾਜ਼ੇ ਖੋਲੇ ਜਾ ਸਕਣ। ਉਨਾਂ ਕਿਹਾ ਕਿ ਖਸਤਾ ਹਾਲ ਹੋ ਚੁੱਕੀਆਂ ਸਿਹਤ ਸੰਸਥਾਵਾਂ ਕਾਰਨ ਲੋਕਾਂ ਨੂੰ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈਂਦਾ ਸੀ। ਇਸੇ ਤਰਾਂ ਇਨਾਂ ਸਿਆਸਤਦਾਨਾਂ ਨੇ ਆਪਣੇ ਕਾਰੋਬਾਰੀ ਹਿੱਤਾਂ ਲਈ ਸਰਕਾਰੀ ਬੱਸਾਂ ਨੂੰ ਵੱਡਾ ਨੁਕਸਾਨ ਬਣਾਇਆ ਸੀ ਅਤੇ ਪ੍ਰਾਈਵੇਟ ਬੱਸਾਂ ਲਈ ਮਨਮਰਜੀ ਦੇ ਟਾਈਮ ਟੇਬਲ ਬਣਾਏ ਜਾਂਦੇ ਸਨ।

ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ, “ਅਜਿਹੀਆਂ ਆਪਹੁਦਰੀਆਂ ਦਾ ਸਮਾਂ ਬੀਤ ਚੁੱਕਾ ਹੈ ਅਤੇ ਹੁਣ ਪੰਜਾਬ ਵਿਚ ਆਮ ਲੋਕਾਂ ਦੀ ਸਰਕਾਰ ਹੈ ਜਿੱਥੇ ਸਰਕਾਰੀ ਹਸਪਤਾਲਾਂ ਅਤੇ ਸਕੂਲਾਂ-ਕਾਲਜਾਂ ਨੂੰ ਮਜਬੂਤ ਕਰਨ ਲਈ ਤਰਜੀਹ ਦਿੱਤੀ ਜਾ ਰਹੀ ਹੈ। ਰਵਾਇਤੀ ਪਾਰਟੀਆਂ ਦੇ ਆਗੂ ਆਪਣੇ ਧੀਆਂ-ਪੁੱਤਾਂ ਦਾ ਕਾਰੋਬਾਰ ਵਧਾਉਣ ਲਈ ਕੰਮ ਕਰਦੇ ਸਨ ਪਰ ਮੈਂ ਪੰਜਾਬ ਦੇ ਵਿਕਾਸ ਲਈ ਸਮਰਪਿਤ ਭਾਵਨਾ ਨਾਲ ਕੰਮ ਕਰ ਰਿਹਾ ਹੈ।”

Child Care Centre
ਖਰੜ ਵਿਖੇ ਜੱਚਾ-ਬੱਚਾ ਸੰਭਾਲ ਕੇਂਦਰ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।

ਵਿਰੋਧੀ ਧਿਰਾਂ ਦੇ ਲੀਡਰਾਂ ਨੂੰ ਪੰਜਾਬੀਆਂ ਦੇ ਮਨੋ ਲੱਥ ਚੁੱਕੇ ਲੋਕਾਂ ਦੀ ‘ਜੁੰਡਲੀ’ ਦੱਸਿਆ

ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਪੰਜਾਬੀਆਂ ਦੇ ਮਨੋ ਲੱਥ ਚੁੱਕੇ ਲੋਕਾਂ ਦੀ ‘ਜੁੰਡਲੀ’ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਏਨਾ ਲੀਡਰਾਂ ਨੂੰ ਸਰਕਾਰ ਵਿਚ ਕੋਈ ਕਮੀ-ਪੇਸ਼ੀ ਨਜ਼ਰ ਨਹੀਂ ਆਉਂਦੀ ਤਾਂ ਮੁੱਦਾਹੀਣ ਹੋਏ ਇਹ ਲੀਡਰ ਨਿੱਜੀ ਤੌਰ ਉਤੇ ਦੂਸ਼ਣਬਾਜੀ ਉਤੇ ਉਤਰ ਆਉਂਦੇ ਹਨ। ਮੁੱਖ ਮੰਤਰੀ ਨੇ ਕਿਹਾ, “ਇਨਾਂ ਲੋਕਾਂ ਦੀਆਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਵਾਲੀਆਂ ਦੁਕਾਨਾਂ ਹੁਣ ਬੰਦ ਹੋ ਚੁੱਕੀਆਂ ਹਨ ਜਿਸ ਕਰਕੇ ਕੋਈ ਹੋਰ ਰਾਹ ਨਾ ਬਚਣ ਕਰਕੇ ਹੁਣ ਇਹ ਸਾਰੇ ਇਕ ਬੇੜੇ ਵਿਚ ਸਵਾਰ ਹੋ ਕੇ ਆਪਣੇ ਸਿਆਸੀ ਜੀਵਨ ਨੂੰ ਬਚਾਉਣ ਲਈ ਹੱਥ-ਪੈਰ ਮਾਰ ਰਹੇ ਹਨ।

ਮੈਂ ਤੁਹਾਨੂੰ ਚੁਣੌਤੀ ਦਿੰਦਾ ਹਾਂ ਕਿ ਆਪਣੀ ਸਿਆਸੀ ਹੋਂਦ ਬਚਾਉਣ ਲਈ ਤੁਹਾਡੀਆਂ ਅਜਿਹੀਆਂ ਚਾਲਬਾਜ਼ੀਆਂ ਤੁਹਾਡੇ ਕੰਮ ਨਹੀਂ ਆਉਣੀਆਂ ਕਿਉਂਕਿ ਪੰਜਾਬ ਦੇ ਲੋਕ ਤੁਹਾਡਾ ਅਸਲੀ ਕਿਰਦਾਰ ਪਛਾਣ ਚੁੱਕੇ ਹਨ ਜਿਸ ਕਰਕੇ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਤਹਾਨੂੰ ਮੂੰਹ ਤੋੜਵਾਂ ਜਵਾਬ ਦੇ ਚੁੱਕੇ ਹਨ।” ( Child Care Centre )

ਬਿਕਰਮ ਮਜੀਠੀਆ ਤੇ ਸਿੱਧੂ ਦੀ ਜੱਫੀ ’ਤੇ ਸੀਐਮ ਮਾਨ ਨੇ ਕੀਤਾ ਤੰਜ਼

ਨਵਜੋਤ ਸਿੱਧੂ ਨੂੰ ਆੜੇ ਹੱਥੀਂ ਲੈਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਚੇ-ਸੁੱਚੇ ਕਿਰਦਾਰ ਦੀਆਂ ਟਾਹਰਾਂ ਮਾਰਨ ਵਾਲਾ ਸਿਆਸਤਦਾਨ ਆਪਣੇ ਘੋਰ ਵਿਰੋਧੀ ਬਿਕਰਮ ਮਜੀਠੀਆ ਨੂੰ ਜੱਫੀ ਵਿਚ ਲੈ ਕੇ ਏਨੇ ਨੀਵੇਂ ਪੱਧਰ ਉਤੇ ਡਿੱਗਿਆ ਕਿ ਪੰਜਾਬ ਦੇ ਲੋਕ ਵੀ ਹੈਰਾਨ ਰਹਿ ਗਏ। ਮੁੱਖ ਮੰਤਰੀ ਨੇ ਕਿਹਾ, “ਅਸਲ ਵਿਚ ਇਹ ਦੋਵੇਂ ਲੀਡਰ ਆਮ ਆਦਮੀ ਪਾਰਟੀ ਦੀ ਵਿਧਾਇਕ ਜੀਵਨਜੋਤ ਕੌਰ ਪਾਸੋਂ ਬੁਰੀ ਤਰਾਂ ਹਾਰੇ ਹਨ ਜਿਸ ਕਰਕੇ ਆਪਣੀ ਬਚੀ-ਖੁਚੀ ਸਿਆਸੀ ਹੋਂਦ ਬਚਾਉਣ ਲਈ ਜੱਫੀਆਂ ਪਾਉਣ ਲਈ ਮਜਬੂਰ ਹੋ ਗਏ ਹਨ।” ਪ੍ਰਤਾਪ ਸਿੰਘ ਬਾਜਵਾ ਵੱਲੋਂ ਨਵੇਂ ਚੁਣੇ ਆਪ ਵਿਧਾਇਕਾਂ ਉੱਤੇ ਕੀਤੀ ਟਿੱਪਣੀ ਦਾ ਸਖਤ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਸਾਰੀ ਜ਼ਿੰਦਗੀ ਮੁੱਖ ਮੰਤਰੀ ਦੀ ਕੁਰਸੀ ਲਈ ਤਰਸਦੇ ਰਹੇ ਹਨ ਅਤੇ ਹੁਣ ਜਦੋਂ ਇਨਾਂ ਤੋਂ ਅੱਕੇ ਲੋਕਾਂ ਨੇ ਨਵੇਂ ਚਿਹਰਿਆਂ ਨੂੰ ਸੱਤਾ ਦੀ ਵਾਗਡੋਰ ਸੰਭਾਲੀ ਤਾਂ ਉਨਾਂ ਨੂੰ ਹਜ਼ਮ ਨਹੀਂ ਹੋ ਰਿਹਾ।