2 ਫੁੱਟ 8 ਇੰਚ ਦੇ ਕੱਦ ਵਾਲੀ ਦਸਵੀਂ ਦੀ ਟਾਪਰ ਬੱਚੀ ਨੂੰ ਉਸ ਦੇ ਘਰੋਂ ਕੀਤਾ ਰਿਸੀਵ
- ਫਿਰੋਜ਼ਪੁਰ ਲਈ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਬ੍ਰਾਂਡ ਅੰਬੇਸਡਰ ਨਿਯੁਕਤ ਕਰਨ ਦਾ ਕੀਤਾ ਗਿਆ ਐਲਾਨ
ਫਿਰੋਜ਼ਪੁਰ (ਸਤਪਾਲ ਥਿੰਦ)। ਲੋਕੋਮਟਰ ਨਾਂਅ ਦੀ ਗੰਭੀਰ ਬਿਮਾਰੀ ਤੋਂ ਪੀੜਤ 15 ਸਾਲਾਂ ਦੀ ਦਸਵੀਂ ਕਲਾਸ ਦੀ ਟਾਪਰ ਵਿਦਿਆਰਥਣ ਅਨਮੋਲ ਬੇਰੀ ਦੀ ਡੀਸੀ ਬਣਨ ਦੀ ਇੱਛਾ ਨੂੰ ਸ਼ੁੱਕਰਵਾਰ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਇਸ ਬੱਚੀ ਨੂੰ ਇੱਕ ਦਿਨ ਦਾ ਡੀਸੀ ਹੋਣ ਦਾ ਅਹਿਸਾਸ ਕਰਵਾ ਕੇ ਪੂਰੀ ਕੀਤੀ। ਡਿਪਟੀ ਕਮਿਸ਼ਨਰ ਅਨਮੋਲ ਬੇਰੀ ਨੂੰ ਲੈਣ ਲਈ ਖੁਦ ਬੈਂਕ ਕਲੋਨੀ ਸਥਿੱਤ ਉਸ ਦੇ ਘਰ ਪਹੁੰਚੇ ਤੇ ਡੀਸੀ ਦੀ ਸਰਕਾਰੀ ਗੱਡੀ ‘ਚ ਬਿਠਾ ਕੇ ਉਸ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲੈ ਕੇ ਆਏ। ਇੱਥੇ ਬੱਚੀ ਦੇ ਸਵਾਗਤ ਲਈ ਰੈੱਡ ਕਾਰਪਟ ਵਿਛਾਇਆ ਗਿਆ ਸੀ ਉੱਥੇ ਹੀ ਸਮੂਹ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਨੇ ਬੱਚੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ।
ਡਿਪਟੀ ਕਮਿਸ਼ਨਰ ਨੇ ਅਨਮੋਲ ਨੂੰ ਫਿਰੋਜ਼ਪੁਰ ਜ਼ਿਲ੍ਹੇ ਲਈ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕਰਨ ਦਾ ਵੀ ਐਲਾਨ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਨਮੋਲ ਇੱਕ ਗੰਭੀਰ ਬਿਮਾਰੀ ਨਾਲ ਪੀੜਤ ਹੈ, ਜਿਸ ਦੀ ਵਜਾ ਨਾਲ ਉਸ ਦੇ ਸਰੀਰ ਦਾ ਵਿਕਾਸ ਰੁਕ ਗਿਆ ਹੈ ਲੜਕੀ ਦਾ ਕੱਦ 2 ਫੁੱਟ 8 ਇੰਚ ਹੈ ਪਰ ਪੜ੍ਹਾਈ ਲਿਖਾਈ ਦੇ ਮਾਮਲੇ ਵਿੱਚ ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਦਸਵੀਂ ਕਲਾਸ ਵਿੱਚ ਉਹ 85.6 ਫੀਸਦੀ ਅੰਕਾਂ ਨਾਲ ਟਾਪਰ ਰਹੀ ਹੈ
ਇਹ ਵੀ ਪੜ੍ਹੋ : ਮੇਰੀ ਮਿੱਟੀ ਮੇਰਾ ਦੇਸ਼ ਤਹਿਤ ਸਕੂਲ ’ਚ ਪ੍ਰੋਗਰਾਮ ਕਰਵਾਇਆ
ਨੌਵੀਂ ਕਲਾਸ ਵਿੱਚ ਉਸ ਨੇ 95.03 ਫੀਸਦੀ ਅੰਕ ਪ੍ਰਾਪਤ ਕੀਤੇ ਸਨ ਤੇ ਹੁਣ ਉਹ ਗਿਆਰਵੀਂ ਕਲਾਸ ਵਿੱਚ ਆਰਐਸਡੀ ਰਾਜ ਰਤਨ ਪਬਲਿਕ ਸਕੂਲ ‘ਚ ਪੜ੍ਹਾਈ ਕਰ ਰਹੀ ਹੈ। ਕੁਝ ਦਿਨ ਪਹਿਲਾਂ ਉਹ ਜਦੋਂ ਇਸ ਸਕੂਲ ਵਿੱਚ ਨਸ਼ਿਆਂ ਖਿਲਾਫ਼ ਸੈਮੀਨਾਰ ਕਰਨ ਗਏ ਸਨ ਤਾਂ ਉੱਥੇ ਇਸ ਬੱਚੀ ਨਾਲ ਮੁਲਾਕਾਤ ਕੀਤੀ ਸੀ ਤੇ ਬੱਚੀ ਬਾਰੇ ਪੁੱਛਣ ‘ਤੇ ਪ੍ਰਿੰਸੀਪਲ ਨੇ ਉਸ ਦੀ ਬਿਮਾਰੀ ਬਾਰੇ ਡੀਸੀ ਨੂੰ ਜਾਣੂ ਕਰਵਾਇਆ ਤੇ ਕਿਹਾ ਕਿ ਹੁਣ ਤੱਕ ਉਸ ਦੀਆਂ 4 ਸਰਜਰੀਆਂ ਹੋ ਚੁੱਕੀਆਂ ਹਨ। ਇਸ ਦੌਰਾਨ ਡੀਸੀ ਨੇ ਅਨਮੋਲ ਨਾਲ ਗੱਲਬਾਤ ਦੌਰਾਨ ਪੁੱਛਿਆ ਸੀ ਕਿ ਉਹ ਵੱਡੀ ਹੋ ਕੀ ਬਣਨਾ ਚਾਹੁੰਦੀ ਹੈ।
ਉਸ ਨੇ ਦੱਸਿਆ ਕਿ ਉਹ ਆਈਏਐੱਸ ਪਾਸ ਕਰਕੇ ਡਿਪਟੀ ਕਮਿਸ਼ਨਰ ਬਣਨਾ ਚਾਹੁੰਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਉਸ ਨੂੰ ਆਪਣੇ ਸੁਫ਼ਨੇ ਦੇ ਨੇੜੇ ਲੈ ਕੇ ਜਾਣ ‘ਚ ਮੱਦਦ ਕਰ ਸਕਦੇ ਹਨ, ਜਿਸ ਦੇ ਤਹਿਤ ਉਹ ਉਸ ਨੂੰ ਇੱਕ ਦਿਨ ਲਈ ਡੀਸੀ ਹੋਣ ਦਾ ਅਹਿਸਾਸ ਕਰਵਾਉਣਗੇ ਤੇ ਸ਼ੁੱਕਰਵਾਰ ਨੂੰ ਡੀਸੀ ਚੰਦਰ ਗੈਂਦ ਨੂੰ ਅਨਮੋਲ ਬੇਰੀ ਨੂੰ ਡੀਸੀ ਹੋਣ ਦਾ ਅਹਿਸਾਸ ਕਰਵਾਇਆ। ਇਸ ਮੌਕੇ ਅਨਮੋਲ ਦੀ ਹੌਸਲਾ ਅਫਜਾਈ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਖਾਸ ਤੌਰ ‘ਤੇ ਡੀਸੀ ਦਫਤਰ ਪਹੁੰਚੇ। ਉਨ੍ਹਾਂ ਸਰੀਰਕ ਤੌਰ ‘ਤੇ ਕਮਜ਼ੋਰ ਹੋਣ ਦੇ ਬਾਵਜ਼ੂਦ ਅਨਮੋਲ ਦੇ ਜਜ਼ਬੇ ਆਪਣੇ ਸੁਫ਼ਨੇ ਨੂੰ ਸਕਾਰ ਕਰਨ ਦੀ ਲਗਨ ਤੇ ਪੜ੍ਹਾਈ ‘ਚ ਚੰਗੀ ਪ੍ਰਫਾਰਮੈਂਸ ਲਈ ਅਨਮੋਲ ਨੂੰ ਸਨਮਾਨਿਤ ਵੀ ਕੀਤਾ। (Anmol Berry)
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 51000 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ
ਗ੍ਰਾਂਟ ਦੇਣ ਲਈ ਪ੍ਰੈਸ ਕਲੱਬ ਪਹੁੰਚੀ ਡੀਸੀ ਅਨਮੋਲ ਬੇਰੀਦਫਤਰੀ ਕੰਮ-ਕਾਜ ਦੇਖਣ ਤੋਂ ਬਾਅਦ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਤੇ ਡੀਸੀ ਚੰਦਰ ਗੈਂਦ ਦੇ ਨਾਲ ਡੀਸੀ ਅਨਮੋਲ ਬੇਰੀ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪਹੁੰਚੀ, ਜਿੱਥੇ ਵਿਧਾਇਕ ਤੇ ਡੀਸੀ ਦੇ ਨਾਲ ਅਨਮੋਲ ਨੇ ਪ੍ਰੈਸ ਕਲੱਬ ਨੂੰ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ। ਇਸ ਮੌਕੇ ਡੀਸੀ ਅਨਮੋਲ ਬੇਰੀ ਨੇ ਸ਼ਹਿਰ ਦੀਆਂਸਮੱਸਿਆਵਾਂ ਨੂੰ ਮੀਡੀਆ ਕਰਮੀਆਂ ਨਾਲ ਸਾਂਝਾ ਕੀਤਾ। ਇਸ ਮੌਕੇ ਪਰਮਿੰਦਰ ਸਿੰਘ ਥਿੰਦ ਪ੍ਰਧਾਨ ਪ੍ਰੈਸ ਕਲੱਬ ਤੇ ਕਲੱਬ ਮੈਂਬਰਾਂ ਨੇ ਪਰਮਿੰਦਰ ਸਿੰਘ ਪਿੰਕੀ ਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਤੇ ਡੀਸੀ ਅਨਮੋਲ ਬੇਰੀ ਦਾ ਧੰਨਵਾਦ ਕੀਤਾ।
ਡੀਸੀ ਅਨਮੋਲ ਨੇ ਸ਼ਹਿਰ ‘ਚ ਅਵਾਰਾ ਪਸ਼ੂਆਂ, ਟੁੱਟੀਆਂ ਸੜਕਾਂ ਤੇ ਸਨੈਚਿੰਗ ਦਾ ਚੁੱਕਿਆ ਮਸਲਾ
ਇੱਕ ਦਿਨ ਦੀ ਡੀਸੀ ਅਨਮੋਲ ਨੂੰ ਡਿਪਟੀ ਕਮਿਸ਼ਨਰ ਦੀ ਕੁਰਸੀ ਦੇ ਨਾਲ ਕੁਰਸੀ ‘ਤੇ ਬਿਠਾਇਆ ਗਿਆ ਤੇ ਪ੍ਰਸ਼ਾਸਨਿਕ ਕੰਮਕਾਜ ਨੂੰ ਬੇਹੱਦ ਨੇੜੇ ਤੋਂ ਦਿਖਾਇਆ ਗਿਆ। ਇਸ ਦੌਰਾਨ ਕਈ ਫੋਨ ਕਾਲਾਂ ਵੀ ਅਟੈਂਡ ਕੀਤੀਆਂ। ਇਸ ਮੌਕੇ ਡੀਸੀ ਅਨਮੋਲ ਨੇ ਸ਼ਹਿਰ ਨਾਲ ਸਬੰਧਿਤ ਪੰਜ ਸੁਝਾਅ ਦਿੱਤੇ ਤੇ ਕਿਹਾ ਉਹ ਚਾਹੁੰਦੀ ਹੈ ਕਿ ਇਨ੍ਹਾਂ ਮਸਲਿਆਂ ‘ਤੇ ਜਲਦ ਤੋਂ ਜਲਦ ਕੰਮ ਹੋਣਾ ਚਾਹੀਦਾ ਹੈ। ਅਨਮੋਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸ਼ਹਿਰ ਦੀਆਂ ਸੜਕਾਂ ਨੂੰ ਲੈ ਕੇ ਕੰਮ ਹੋਣਾ ਚਾਹੀਦਾ ਹੈ, ਜਿਸ ‘ਤੇ ਮੌਕੇ ‘ਤੇ ਮੌਜ਼ੂਦ ਨਗਰ ਕੌਂਸਲ ਦੇ ਈਓ ਨੇ ਦੱਸਿਆ ਕਿ ਇਸ ਲਈ ਟੈਂਡਰ ਲੱਗ ਚੁੱਕੇ ਹਨ।
30 ਦਿਨਾਂ ਤੋਂ ਸ਼ਹਿਰ ਦੀਆਂ ਸੜਕਾਂ ਹਾਈ ਕੁਆਲਟੀ ਦੀਆਂ ਬਣਾਈਆਂ ਜਾਣਗੀਆਂ। ਇਸ ਤੋਂ ਬਾਅਦ ਅਨਮੋਲ ਨੇ ਪਲਾਸਿਟਕ ਬੈਨ ਕਰਨ, ਸਾਫ ਸਫਾਈ ਨੂੰ ਬਿਹਤਰ ਕਰਨ, ਸਨੈਚਿੰਗ ਤੇ ਬੇਸਹਾਰਾ ਪਸ਼ੂਆਂ ਦੇ ਮਸਲੇ ‘ਤੇ ਕਦਮ ਉਠਾਉਣ ਲਈ ਕਿਹਾ, ਜਿਸ ‘ਤੇ ਡਿਪਟੀ ਕਮਿਸ਼ਨਰ ਚੰਦਰ ਗੈਂਦਰ ਨੇ ਦੱਸਿਆ ਕਿ ਸਰਕਾਰ ਵੱਲੋਂ ਬੇਸਹਾਰਾ ਪਸ਼ੂਆਂ ਦੇ ਮਸਲੇ ‘ਤੇ 3 ਕਰੋੜ ਰੁਪਏ ਦੀ ਰਾਸ਼ੀ ਭੇਜੀ ਗਈ ਹੈ, ਜਿਸ ਤਹਿਤ ਸਹੀ ਜਗ੍ਹਾ ਦੀ ਤਲਾਸ਼ ਕਰਕੇ ਵੱਡੀ ਗਊਸ਼ਾਲਾ ਬਣਾਈ ਜਾਵੇਗੀ, ਜਿਸ ਨਾਲ ਇਸ ਸਮੱਸਿਆ ਦਾ ਹੱਲ ਹੋਵੇਗਾ।