ਸਿੱਖਿਆ ਮੰਤਰੀ ਦੀ ਕੋਠੀ ਅੱਗੇ ਗਰਜੀਆਂ ਆਂਗਣਵਾੜੀ ਵਰਕਰਾਂ

ਮੰਗਾਂ ਦੀ ਪ੍ਰਾਪਤੀ ਤੱਕ ਪੱਕਾ ਧਰਨਾ ਲਾ ਕੇ ਡਟਣ ਦਾ ਕੀਤਾ ਐਲਾਨ

ਸੰਗਰੂਰ, (ਗੁਰਪ੍ਰੀਤ ਸਿੰਘ (ਸੱਚ ਕਹੂੰ)) | ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਅੱਜ ਸਿੱਖਿਆ ਮੰਤਰੀ ਦੀ ਕੋਠੀ ਸਾਹਮਣੇ ਇਕੱਠੀ ਹੋਈ ਅਤੇ ਨਾਅਰਿਆਂ ਨਾਲ ਕਨਵੈਨਸ਼ਨ ਦਾ ਆਗਾਜ ਕੀਤਾ ਗਿਆ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਹੈਲਪਰ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ ਨੇ ਕਿਹਾ ਕਿ ਆਂਗਣਵਾੜੀ ਕੇਂਦਰ ਦੀਆਂ ਰੌਣਕਾਂ ਵਾਪਸ ਕਰਾਉਣ ਅਤੇ 27 ਨਵੰਬਰ 2017 ਦੇ ਫ਼ੈਸਲੇ ’ਤੇ ਮੁੜ ਸਰਕਾਰ ਨੂੰ ਵਿਚਾਰ ਕਰਨ ਲਈ ਜਗਾਉਣ ਦਾ ਉਪਰਾਲਾ ਇਹ ਰੋਸ ਧਰਨਾ ਲਾ ਕੇ ਕੀਤਾ ਗਿਆ ਹੈ

ਉਨ੍ਹਾਂ ਕਿਹਾ ਕਿ ਜਿਹੜਾ ਕੇਂਦਰ ਸਰਕਾਰ ਵੱਲੋਂ 2020 ਸਿੱਖਿਆ ਨੀਤੀ ਦਾ ਖਰੜਾ ਤਿਆਰ ਕੀਤਾ ਗਿਆ ਹੈ, ਉਹ ਆਈਸੀਡੀਐਸ ਸਕੀਮ ਅਤੇ ਇਸ ਨਾਲ ਜੁੜੇ ਹੋਏ ਲਾਭਪਾਤਰੀਆਂ ਅਤੇ ਆਂਗਣਵਾੜੀ ਵਰਕਰ ਹੈਲਪਰਾਂ ਲਈ ਹੋਰ ਵੀ ਘਾਤਕ ਸਿੱਧ ਹੋ ਰਿਹਾ ਹੈ 21 ਸਤੰਬਰ 2017 ਨੂੰ ਪੰਜਾਬ ਕੈਬਨਿਟ ਵਿੱਚ ਜੋ ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ 3 ਤੋਂ 6 ਸਾਲ ਦੇ ਬੱਚਿਆਂ ਨੂੰ ਸਕੂਲਾਂ ਵਿੱਚ ਦਾਖਲ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਅਤੇ ਜਿਸ ਨੇ ਪਿਛਲੇ 45 ਸਾਲਾਂ ਤੋਂ ਬੱਚਿਆਂ ਦੇ ਚਹੁੰਪੱਖੀ ਵਿਕਾਸ ਲਈ ਕੇਂਦਰੀ ਸਕੀਮ ਆਈਸੀਡੀਐਸ ਨੂੰ ਆਖਰੀ ਸਾਹਾਂ ’ਤੇ ਲਿਆ ਖੜ੍ਹਾ ਕੀਤਾ ਹੈ

1 ਅਕਤੂਬਰ 2018 ਨੂੰ ਲਾਗੂ ਕੇਂਦਰ ਸਰਕਾਰ ਵੱਲੋਂ ਵਧਾਏ ਮਾਣ ਭੱਤੇ ’ਚੋਂ 40 ਫੀਸਦੀ ਕਟੌਤੀ ਨੂੰ ਖ਼ਤਮ ਕਰਦੇ ਹੋਏ ਆਂਗਣਵਾੜੀ ਵਰਕਰ ਦੇ 600 ਮਿੰਨੀ ਵਰਕਰ 500, ਹੈਲਪਰ ਦੇ 300 ਰੁਪਏ ਤੁਰੰਤ ਬਕਾਏ ਸਮੇਤ ਲਾਗੂ ਕੀਤੇ ਜਾਣ, ਤਿੰਨ ਤੋਂ ਛੇ ਸਾਲ ਦੇ ਬੱਚਿਆਂ ਦਾ ਦਾਖਲਾ ਆਂਗਣਵਾੜੀ ਕੇਂਦਰ ਵਿੱਚ ਯਕੀਨੀ ਬਣਾਇਆ ਜਾਵੇ ਆਂਗਣਵਾੜੀ ਵਰਕਰਾਂ ਤੋਂ ਵਾਧੂ ਕੰਮ ਲੈਣੇ ਬੰਦ ਕੀਤੇ ਜਾਣ, ਪਿਛਲੇ ਦੋ ਸਾਲਾਂ ਤੋਂ ਬਕਾਇਆ ਪਏ ਆਂਗਣਵਾੜੀ ਬਿਲਡਿੰਗਾਂ ਦੇ ਕਿਰਾਏ ਤੁਰੰਤ ਜਾਰੀ ਕੀਤੇ ਜਾਣ, ਆਂਗਣਵਾੜੀ ਸੈਂਟਰਾਂ ਵਿੱਚ ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਤੁਰੰਤ ਭਰਤੀ ਕੀਤੀ ਜਾਵੇ

ਉਨ੍ਹਾਂ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀਆਂ ਮੰਗਾਂ ਦੀ ਪ੍ਰਾਪਤੀ ਤੱਕ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਘਰ ਅੱਗੇ ਪੱਕਾ ਮੋਰਚਾ ਚੱਲੇਗਾ ਅੱਜ ਦੀ ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਜਨਰਲ ਸਕੱਤਰ ਸੁਭਾਸ਼ ਰਾਣੀ , ਵਿੱਤ ਸਕੱਤਰ ਅੰਮਿ੍ਰਤਪਾਲ ਕੌਰ, ਮੀਤ ਪ੍ਰਧਾਨ ਬਲਰਾਜ, ਗੁਰਮੇਲ ਕੌਰ, ਗੁਰਮੀਤ ਕੌਰ ਜੁਆਇੰਟ ਸਕੱਤਰ ਗੁਰਦੀਪ ਕੌਰ, ਸਕੱਤਰ ਜਸਵਿੰਦਰ ਕੌਰ, ਸੁਰਜੀਤ ਕੌਰ, ਅਨੂਪ ਕੌਰ, ਗੁਰਮਿੰਦਰ ਕੌਰ, ਸਿੰਦਰ ਕੌਰ ਬੜੀ, ਗੁਰਪ੍ਰੀਤ ਕੌਰ, ਕ੍ਰਿਸ਼ਨਾ ਕੁਮਾਰੀ, ਜਸਵਿੰਦਰ ਕੌਰ ਨੀਲੋਂ ਅਤੇ ਵਰਿੰਦਰ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.