ਹੱਕ ਸੱਚ ਦੀ ਆਵਾਜ਼ ਨੂੰ ਝੂਠੇ ਕੇਸ ਪਾ ਕੇ ਜੇਲ੍ਹੀਂ ਬੰਦ ਕੀਤਾ ਜਾ ਰਿਹੈ: ਸੰਜੀਵ ਮਿੰਟੂ

ਪਿੰਡ ਮਹਿਲਾਂ ਚੌਕ ਵਿਖੇ ਹੋਈ ਤੀਜੀ ਕਿਰਤੀ ਪੰਚਾਇਤ ’ਚ ਹੋਇਆ ਭਰਵਾਂ ਇਕੱਠ

ਸੁਨਾਮ ਊਧਮ ਸਿੰਘ ਵਾਲਾ (ਖੁਸ਼ਪ੍ਰੀਤ ਜੋਸ਼ਨ (ਸੱਚ ਕਹੂੰ)) | ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ 17 ਮਾਰਚ ਨੂੰ ਤੀਜੀ ਕਿਰਤੀ ਪੰਚਾਇਤ ਪਿੰਡ ਮਹਿਲਾਂ ਚੌਕ ਵਿਖੇ ਹੋਈ। ਇਸ ਪੰਚਾਇਤ ਵਿੱਚ ਵੱਖ-ਵੱਖ ਪਿੰਡਾਂ ਵਿਚੋਂ ਲੋਕ ਸਵੇਰ ਤੋਂ ਹੀ ਕਾਫ਼ਲੇ ਬੰਨ੍ਹ ਕੇ ਪਹੁੰਚਣੇ ਸ਼ੁਰੂ ਹੋ ਗਏ ਅਤੇ ਪੂਰਾ ਪੰਡਾਲ ਖਚਾਖਚ ਭਰ ਗਿਆ । ਇਸ ਕਿਰਤੀ ਪੰਚਾਇਤ ਦੀ ਸ਼ੁਰੂਆਤ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ । ਕਿਰਤੀ ਪੰਚਾਇਤ ਨੂੰ ਸੰਚਾਰੂ ਰੂਪ ’ਚ ਚਲਾਉਣ ਲਈ ਪ੍ਰਧਾਨਗੀ ਮੰਡਲ ਵਿੱਚ ਬਲਜੀਤ ਸਿੰਘ, ਜਗਰਾਜ ਸਿੰਘ ਟੱਲੇਵਾਲ, ਬਿਮਲ ਕੌਰ, ਸੰਦੀਪ ਕੌਰ, ਦਰਸ਼ਨ ਸਿੰਘ ਫਤਿਹਗਡ੍ਹ, ਗਿੰਦਰ ਸਿੰਘ ਰੋਡੇ , ਰਾਜ ਖੋਖਰ ਨੇ ਕੀਤੀ । ਇਸ ਦੌਰਾਨ ਪੀਪਲਜ਼ ਲਹਿਰਾਗਾਗਾ ਥੀਏਟਰ ਦੀ ਟੀਮ ਵੱਲੋਂ ਨਾਟਕ ਪੇਸ਼ ਕੀਤਾ ਗਿਆ ।

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਇਹ ਕਿਰਤੀ ਪੰਚਾਇਤ ਉਸ ਸਮੇਂ ਦੌਰਾਨ ਕੀਤੀ ਜਾ ਰਹੀ ਹੈ , ਜਿਸ ਸਮੇਂ ਅਣ-ਐਲਾਨੀ ਅਮਰਜੈਂਸੀ ਹਾਲਤ ਬਣ ਚੁੱਕੀ ਹੈ। ਹਰੇਕ ਹੱਕ ਸੱਚ ਦੀ ਆਵਾਜ਼ ਨੂੰ ਝੂਠੇ ਕੇਸ ਪਾ ਕੇ ਜੇਲ੍ਹੀਂ ਬੰਦ ਕੀਤਾ ਜਾ ਰਿਹਾ ਹੈ । ਆਗੂਆਂ ਨੇ ਅੱਗੇ ਕਿਹਾ ਕਿ ਤਿੰਨ ਖੇਤੀ ਵਿਰੋਧੀ ਕਾਨੂੰਨ ਅਤੇ ਕਿਰਤ ਕਾਨੂੰਨ ’ਚ ਕੀਤੀਆਂ ਸੋਧਾਂ ਸਮੁੱਚੀ ਲੋਕਾਈ ਲਈ ਖਤਰਾ ਹੈ ਇਸ ਨੂੰ ਰੱਦ ਕਰਵਾਉਣਾ ਹਰੇਕ ਦੇਸ਼ ਭਗਤ ਨਾਗਰਿਕ ਦਾ ਮੁੱਢਲਾ ਫਰਜ ਬਣਦਾ ਹੈ। ਇਸ ਉਪਰੰਤ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਧਰਮਪਾਲ ਸਿੰਘ ਨੇ ਕਿਹਾ ਕਿ ਪੇਂਡੂ ਦਲਿਤ ਬੇਜ਼ਮੀਨੇ ਦਾ ਮਾਣ ਸਨਮਾਨ ਪੈਦਾਵਾਰੀ ਸਾਧਨਾਂ ਦੀ ਕਾਣੀ ਵੰਡ ਖ਼ਤਮ ਕੀਤੇ ਬਿਨਾਂ ਸੰਭਵ ਨਹੀਂ ਹੈ ।

ਬੇਨੜੇ ਪਿੰਡ ਤੋਂ ਸ਼ੁਰੂ ਹੋਇਆ ਜ਼ਮੀਨੀ ਘੋਲ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਫੈਲ ਰਿਹਾ ਹੈ । ਇਸ ਉਪਰੰਤ ਸੂਬਾਈ ਆਗੂ ਪ੍ਰਗਟ ਸਿੰਘ ਕਾਲਾਝਾੜ ਨੇ ਕਿਹਾ ਕਿ ਇਹ ਕਿਰਤੀ ਪੰਚਾਇਤ ਸੱਦਾ ਦਿੰਦੀ ਹੈ ਕਿ ਜਥੇਬੰਦੀ ਪੇਂਡੂ ਦਲਿਤ ਬੇਜ਼ਮੀਨਿਆਂ ਅਤੇ ਛੋਟੇ ਗਰੀਬ ਕਿਸਾਨਾਂ ਦੀ ਲਹਿਰ ਪੇਂਡੂ ਬੇਜ਼ਮੀਨਿਆਂ ਲਈ ਤੀਜੇ ਹਿੱਸੇ ਦੀ ਜ਼ਮੀਨ ਘੱਟ ਰੇਟ ਤੇ ਸਾਂਝੇ ਤੌਰ ’ਤੇ ਲੈਣ ਬਾਕੀ ਦੋ ਹਿੱਸੇ ਛੋਟੀ ਅਤੇ ਗ਼ਰੀਬ ਕਿਸਾਨੀ ਲਈ, 10-10 ਮਰਲੇ ਪਲਾਂਟ ਅਤੇ ਉਸਾਰੀ ਲਈ 5- 5 ਲੱਖ ਰੁਪਏ ਦਾ ਇੰਤਜ਼ਾਮ, ਮਗਨਰੇਗਾ, ਦਲਿਤ ਬੇਜ਼ਮੀਨਿਆਂ ਨੂੰ ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਬਿਨਾਂ ਸ਼ਰਤ ਕਰਜੇ ਦੇਣ ਅਤੇ ਹਰੇਕ ਤਰ੍ਹਾਂ ਦੇ ਕਰਜੇ ਮੁਆਫ, ਬਿਜਲੀ ਬਿੱਲ 2020 ਰੱਦ ਕਰਵਾਉਣ ਅਤੇ ਜ਼ਮੀਨ ਹੱਦਬੰਦੀ ਕਾਨੂੰਨ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਪੇਂਡੂ ਬੇਜ਼ਮੀਨਿਆਂ, ਛੋਟੀ ਅਤੇ ਗਰੀਬ ਕਿਸਾਨੀ ਦੀ ਲਹਿਰ ਨੂੰ ਅੱਗੇ ਵਧਾਉਣ ਲਈ ਜ਼ੋਰਦਾਰ ਹੰਭਲਾ ਮਾਰਿਆ ਜਾਵੇ।

ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਬੁੱਟਰ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ, ਇਨਕਲਾਬੀ ਜਮਹੂਰੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਸਵਰਨਜੀਤ ਸਿੰਘ ਪੱਲੇਦਾਰ ਯੂਨੀਅਨ ਆਜ਼ਾਦ ਦੇ ਰਾਮਪਾਲ ਮੂਣਕ ਆਦਿ ਨੇ ਸੰਬੋਧਨ ਕੀਤਾ । ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਾਖੂਬੀ ਸੂਬਾਈ ਆਗੂ ਬਲਵਿੰਦਰ ਸਿੰਘ ਜਲੂਰ ਨੇ ਨਿਭਾਈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.