…ਤੇ ਖਟਮਲ ਲੜਨੇ ਬੰਦ ਹੋ ਗਏ

Khatam, Fighting, Stopped

ਫਬਲਰਾਜ ਸਿੰਘ ਸਿੱਧੂ ਐਸ.ਪੀ.

ਪੁਲਿਸ ਅਤੇ ਫੌਜ ਦੇ ਟਰੇਨਿੰਗ ਸੈਂਟਰਾਂ ਵਿੱਚ ਇੱਕ ਅਲੱਗ ਹੀ ਕਿਸਮ ਦੀ ਦੁਨੀਆਂ ਵੱਸਦੀ ਹੈ। ਉੱਥੇ ਰੰਗਰੂਟਾਂ ਵਾਸਤੇ ਉਸਤਾਦ ਹੀ ਰੱਬ ਹੁੰਦਾ ਹੈ। ਉਸ ਦੇ ਮੂੰਹ ਵਿੱਚੋਂ ਨਿੱਕਲਣ ਵਾਲਾ ਹਰ ਸ਼ਬਦ ਇਲਾਹੀ ਹੁਕਮ ਹੁੰਦਾ ਹੈ। ਜੇ ਉਹ ਕਹੇ ਭੱਜੋ ਤਾਂ ਭੱਜਣਾ ਹੀ ਪੈਣਾ ਹੈ, ਜੇ ਉਹ ਕਹੇ ਮਿੱਟੀ ਵਿੱਚ ਲੰਮੇ ਪੈ ਜਾਉ, ਤਾਂ ਲੰਮੇ ਪੈ ਜਾਉ, ਜੇ ਉਹ ਕਹੇ ਉਲਟ ਬਾਜ਼ੀਆਂ ਮਾਰੋ ਤਾਂ ਉਲਟ ਬਾਜ਼ੀਆਂ ਮਾਰੋ। ਰੰਗਰੂਟ ਵੱਖ-ਵੱਖ ਪਿੱਠ ਭੂਮੀਆਂ ਤੋਂ ਆਉਂਦੇ ਹਨ। ਕੋਈ ਅਮੀਰ ਘਰ ਦਾ ਹੁੰਦਾ ਹੈ ਤੇ ਕੋਈ ਗਰੀਬ ਘਰ ਦਾ। ਪਰ ਉੱਥੇ ਸਭ ਨੂੰ ਇੱਕ ਸਮਝਿਆ ਜਾਂਦਾ ਹੈ। ਬਰਾਬਰੀ ਦੀ ਭਾਵਨਾ ਭਰਨ ਲਈ ਸਭ ਤੋਂ ਪਹਿਲਾਂ ਰੰਗਰੂਟਾਂ ਦੀ ਆਕੜ ਭੰਨ੍ਹੀ ਜਾਂਦੀ ਹੈ ਤੇ ਸੀਨੀਅਰ ਦਾ ਹੁਕਮ ਬਗੈਰ ਕਿਸੇ ਹੀਲ-ਹੁੱਜ਼ਤ ਦੇ ਮੰਨਣਾ ਸਿਖਾਇਆ ਜਾਂਦਾ ਹੈ। ਸਾਂਝੀ ਜ਼ਵਾਬਦੇਹੀ ਦੀ ਭਾਵਨਾ ਭਰਨ ਲਈ ਇੱਕ ਦੀ ਗਲਤੀ ਸਭ ਦੀ ਗਲਤੀ ਮੰਨੀ ਜਾਂਦੀ ਹੈ। ਉਸ ਲਈ ਸਭ ਨੂੰ ਸਖ਼ਤ ਸਰੀਰਕ ਸਜ਼ਾ ਮਿਲਦੀ ਹੈ ਜਿਸ ਵਿੱਚ ਵਾਧੂ ਪੀ.ਟੀ.-ਪਰੇਡ ਸ਼ਾਮਲ ਹੁੰਦੀ ਹੈ। ਸਜ਼ਾ ਤੋਂ ਡਰਦੇ ਰੰਗਰੂਟ ਇੱਕ-ਦੂਸਰੇ ਨੂੰ ਸ਼ਰਾਰਤਾਂ ਕਰਨ ਤੋਂ ਰੋਕਦੇ ਹਨ ਤੇ ਕਈ ਵਾਰ ਬਹੁਤੇ ਸ਼ਰਾਰਤੀ ਰੰਗਰੂਟਾਂ ਦੀ ਉਸਤਾਦਾਂ ਕੋਲ ਚੁਗਲੀ ਵੀ ਮਾਰ ਦਿੰਦੇ ਹਨ। ਵੈਸੇ ਟਰੇਨਿੰਗ ਸੈਂਟਰਾਂ ਵਿੱਚ ਚੁਗਲੀ ਮਾਰਨੀ ਬਹੁਤ ਬੁਰੀ ਸਮਝੀ ਜਾਂਦੀ ਹੈ।

ਪੰਜਾਬ ਪੁਲਿਸ ਦੇ ਤਰੱਕੀ ਵਾਲੇ ਕੋਰਸ ਜਿਵੇਂ ਸਿਪਾਹੀ ਤੋਂ ਹਵਾਲਦਾਰ, ਹਵਾਲਦਾਰ ਤੋਂ ਸਹਾਇਕ ਥਾਣੇਦਾਰ, ਸਹਾਇਕ ਥਾਣੇਦਾਰ ਤੋਂ ਵੱਡਾ ਥਾਣੇਦਾਰ ਅਤੇ ਸਿੱਧੇ ਭਰਤੀ ਥਾਣੇਦਾਰ ਅਤੇ ਡੀ.ਐਸ.ਪੀ ਦੇ ਟਰੇਨਿੰਗ ਕੋਰਸ ਮਹਾਰਾਜ ਰਣਜੀਤ ਸਿੰਘ ਪੁਲਿਸ ਟਰੇਨਿੰਗ ਅਕੈਡਮੀ ਫਿਲੌਰ ਵਿਖੇ ਹੁੰਦੇ ਹਨ। ਇੱਥੇ ਵੀ ਇੱਕ ਅਲੱਗ ਹੀ ਦੁਨੀਆਂ ਵੱਸਦੀ ਹੈ। ਇੱਥੇ ਪਹੁੰਚਦੇ ਸਾਰ ਸਭ ਤੋਂ ਪਹਿਲਾ ਕੰਮ ਹੁੰਦਾ ਹੈ ਰੰਗਰੂਟਾਂ ਦੇ ਸ਼ਾਹਰੁਖ ਖਾਨ ਵਰਗੇ ਰੀਝਾਂ ਨਾਲ ਪਾਲ਼ੇ ਵਾਲ ਖੁੰਢੀਆਂ ਕੈਂਚੀਆਂ ਨਾਲ ਵੱਢ ਕੇ ਘੋਟਣੇ ਵਰਗੀ ਟਿੰਡ ਬਣਾਉਣੀ। ਸ਼ੁਰੂ-ਸ਼ੁਰੂ ਵਿੱਚ ਉਸਤਾਦਾਂ ਤੋਂ ਬਹੁਤ ਡਰ ਲੱਗਦਾ ਹੈ, ਪਰ ਸਾਲ-ਛੇ ਮਹੀਨਿਆਂ ਦੀ ਟਰੇਨਿੰਗ ਦੌਰਾਨ ਉਸਤਾਦ ਰੰਗਰੂਟਾਂ ਅਤੇ ਰੰਗਰੂਟ ਉਸਤਾਦਾਂ ਦੇ ਭੇਤੀ ਹੋ ਜਾਂਦੇ ਹਨ। ਉਸਤਾਦ ਕਿਲ੍ਹੇ ਦੀ ਸਪੈਸ਼ਲ ਭਾਸ਼ਾ ਬੋਲਦੇ ਹਨ ਜੋ ਹਿੰਦੀ, ਪੰਜਾਬੀ, ਉਰਦੂ ਦਾ ਮਿਲਗੋਭਾ ਹੁੰਦੀ ਹੈ। ਉਸਤਾਦ ਢੀਠ ਰੰਗਰੂਟਾਂ ਨੂੰ ਜਲੀਲ ਅਤੇ ਘਾਂਬੜ ਆਦਿ ਵਿਸ਼ੇਸ਼ਣਾਂ ਨਾਲ ਸੰਬੋਧਨ ਕਰਦੇ ਹਨ ਤੇ ਰੰਗਰੂਟ ਉਸਤਾਦਾਂ ਦੇ ਪੁੱਠੇ-ਸਿੱਧੇ ਨਾਂਅ ਜਿਵੇਂ ਫਲਾਣਾ ਪੱਟਾਂ ਵਾਲਾ, ਫਲਾਣਾ ਮੁੱਛ, ਫਲਾਣਾ ਕਾਲਾ ਅਤੇ ਵੱਢ ਖਾਣਾ ਆਦਿ ਪਾ ਦਿੰਦੇ ਹਨ। ਕਈ ਰੰਗਰੂਟਾਂ ਨੂੰ ਪੁੱਠੇ ਪੰਗੇ ਲੈਣ ਦੀ ਆਦਤ ਹੁੰਦੀ ਹੈ ਤੇ ਉਹ ਬਾਕੀ ਸਾਰਿਆਂ ਨੂੰ ਵੀ ਮੁਸੀਬਤ ਵਿੱਚ ਪਾ ਦਿੰਦੇ ਹਨ। ਸਾਲ ਵਿੱਚ ਇੱਕ-ਦੋ ਵਾਰ ਅਕੈਡਮੀ ਦਾ ਪ੍ਰਿੰਸੀਪਲ, ਜੋ ਹੁਣ ਏ.ਡੀ.ਜੀ.ਪੀ. ਰੈਂਕ ਦਾ ਅਫਸਰ ਹੁੰਦਾ ਹੈ, ਦਰਬਾਰ ਲਾਉਂਦਾ ਹੈ। ਉਸ ਵਿੱਚ ਰੰਗਰੂਟਾਂ ਕੋਲੋਂ ਦੁੱਖ-ਮੁਸੀਬਤਾਂ ਬਾਰੇ ਪੁੱਛਿਆ ਜਾਂਦਾ ਹੈ।

ਆਮ ਤੌਰ ‘ਤੇ ਅਜਿਹੇ ਦਰਬਾਰ ਵਿੱਚ ਕੋਈ ਰੰਗਰੂਟ ਡਰਦਾ ਮਾਰਾ ਉਸਤਾਦਾਂ ਜਾਂ ਕਿਸੇ ਹੋਰ ਚੀਜ਼ ਜਿਵੇਂ ਖਾਣੇ ਆਦਿ ਦੀ ਸ਼ਿਕਾਇਤ ਕਰਨ ਦੀ ਜੁਰਅਤ ਨਹੀਂ ਕਰਦਾ, ਕਿਉਂਕਿ ਬਾਅਦ ਵਿੱਚ ਉਸੇ ਨੂੰ ਰਗੜਾ ਲੱਗਦਾ ਹੈ। ਪਰ ਇੱਕ ਵਾਰ ਦੇ ਦਰਬਾਰ ਵਿੱਚ ਸਾਡੀ ਪਲਟੂਨ ਦੇ ਇੱਕ ਸਿਰਫਿਰੇ ਰੰਗਰੂਟ ਨੇ ਸ਼ਿਕਾਇਤ ਕਰ ਦਿੱਤੀ ਕਿ ਸਾਡੇ ਮੰਜਿਆਂ ਵਿੱਚ ਬਹੁਤ ਮਾਂਗਣੂ (ਖਟਮਲ) ਹਨ ਜੋ ਸਾਨੂੰ ਰਾਤ ਨੂੰ ਸੌਣ ਨਹੀਂ ਦਿੰਦੇ। ਫਿਲੌਰ ਦੇ ਮੰਜਿਆਂ ਵਿੱਚ ਵਾਕਿਆ ਹੀ ਬਹੁਤ ਖਟਮਲ ਹੁੰਦੇ ਹਨ ਜੋ ਸਾਲਾਂ ਤੋਂ ਪੁਲਿਸ ਦਾ ਖੂਨ ਪੀ ਪੀ ਕੇ ਪੂਰੇ ਮੋਟੇ ਮੁਸ਼ਟੰਡੇ ਬਣੇ ਹੋਏ ਹਨ। ਅਸੀਂ ਗਰਮੀਆਂ ਵਿੱਚ ਮੰਜੇ ਬਿਸਤਰੇ ਧੁੱਪੇ ਰੱਖ-ਰੱਖ ਕੇ ਤੇ ਟਿੱਕ ਟਵੰਟੀ ਨਾਮਕ ਦਵਾਈ ਛਿੜਕ-ਛਿੜਕ ਕੇ ਦੁਖੀ ਹੋ ਗਏ, ਪਰ ਖਟਮਲ ਸਗੋਂ ਹੋਰ ਸਿਹਤਮੰਦ ਹੋ ਗਏ। ਮੇਰੇ ਸਮੇਤ ਕਈ ਰੰਗਰੂਟ ਤਾਂ ਇਸ ਡਰੋਂ ਟਰੇਨਿੰਗ ਖਤਮ ਹੋਣ ਤੋਂ ਬਾਅਦ ਆਪਣੇ ਬਿਸਤਰੇ ਵੀ Àੁੱਥੇ ਹੀ ਛੱਡ ਆਏ ਕਿ ਕਿਤੇ ਇਹ ਸਰਕਾਰੀ ਖਟਮਲ ਘਰ ਹੀ ਨਾ ਪਹੁੰਚ ਜਾਣ।

ਇਹ ਸ਼ਿਕਾਇਤ ਸੁਣ ਕੇ ਪ੍ਰਿੰਸੀਪਲ ਮੁਸ਼ਕਣੀਆਂ ਵਿੱਚ ਹੱਸਿਆ ਤੇ ਉਸ ਨੇ ਉੱਥੇ ਹਾਜ਼ਰ ਸਾਰੇ ਉਸਤਾਦ ਅੱਗੇ ਬੁਲਾ ਲਏ। ਉਸ ਨੇ ਉਹਨਾਂ ਦੀ ਟਿਕਾ ਕੇ ਬੇਇੱਜਤੀ ਕੀਤੀ ਤੇ ਲਲਕਾਰ ਕੇ ਕਿਹਾ ਕਿ ਤੁਸੀਂ ਕਾਹਦੇ ਉਸਤਾਦ ਹੋ, ਜੇ ਤੁਹਾਡੇ ਹੁੰਦੇ ਜਵਾਨਾਂ ਨੂੰ ਖਟਮਲ ਹੀ ਲੜਦੇ ਰਹੇ। ਬੱਸ, ਬੇਇੱਜਤੀ ਤੋਂ ਸੜੇ-ਬਲੇ ਉਸਤਾਦ ਉਸ ਦੇ ਗੁੱਝੇ ਇਸ਼ਾਰੇ ਨੂੰ ਸਮਝ ਕੇ ਐਲੀ-ਐਲੀ ਕਰਦੇ ਹੱਥ ਧੋ ਕੇ ਰੰਗਰੂਟਾਂ ਮਗਰ ਪੈ ਗਏ। ਉਹਨਾਂ ਨੇ ਪੀ.ਟੀ. ਪਰੇਡ ਕਰਵਾ-ਕਰਵਾ ਕੇ ਸਾਡੀ ਬੱਸ ਕਰਵਾ ਦਿੱਤੀ। ਸਾਰਾ ਦਿਨ ਗਰਮੀ ਵਿੱਚ ਮਿੱਟੀ ਨਾਲ ਮਿੱਟੀ ਹੋਏ ਅਸੀਂ ਉਸ ਕਮੀਨੇ ਰੰਗਰੂਟ ਨੂੰ ਗਾਲ੍ਹਾਂ ਕੱਢਦੇ ਰਹਿੰਦੇ ਜਿਸ ਨੇ ਸ਼ਿਕਾਇਤ ਕੀਤੀ ਸੀ। ਸ਼ਾਮ ਤੱਕ ਉਸਤਾਦ ਸਾਡਾ ਥਕਾਵਟ ਨਾਲ ਉਹ ਹਾਲ ਕਰ ਦਿੰਦੇ ਕਿ ਰਾਤ ਨੂੰ ਸੁੱਤੇ ਪਿਆਂ ਨੂੰ ਖਟਮਲ ਛੱਡ ਕੇ ਚਾਹੇ ਸੱਪ ਲੜ ਜਾਂਦਾ, ਸਾਨੂੰ ਪਤਾ ਨਹੀਂ ਸੀ ਲੱਗਣਾ। ਸਵੇਰੇ ਕਿਤੇ ਪੀ. ਟੀ. ਦੇ ਟਾਈਮ ਜਾ ਕੇ ਬਹੁਤ ਮੁਸ਼ਕਲ ਨਾਲ ਅੱਖ ਖੁੱਲ੍ਹਦੀ। ਕੁਝ ਦਿਨਾਂ ਬਾਅਦ ਪ੍ਰਿੰਸੀਪਲ ਨੇ ਦੁਬਾਰਾ ਦਰਬਾਰ ਲਾਇਆ। ਉਸ ਨੇ ਪਹਿਲਾ ਸਵਾਲ ਹੀ ਇਹ ਪੁੱਛਿਆ, ‘ਹਾਂ ਬਈ, ਹੁਣ ਤਾਂ ਨਹੀਂ ਕਿਸੇ ਨੂੰ ਖਟਮਲ ਲੜਦੇ ਰਾਤ ਨੂੰ?’   ਸਾਰੇ ਰੰਗਰੂਟ ਇੱਕ ਅਵਾਜ਼ ਨਾਲ ਚੀਕੇ, ‘ਨਹੀਂ ਜੀ, ਹੁਣ ਬਿਲਕੁਲ ਠੀਕ ਹੈ। ਖਟਮਲ ਮੁੱਢੋਂ ਖਤਮ ਹੋ ਚੁੱਕੇ ਹਨ।’

ਪੰਡੋਰੀ ਸਿੱਧਵਾਂ 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।