…ਤੇ ਜੇ ਮੈਨੂੰ ਅੱਧਾ ਘੰਟਾ ਹੋਰ ਪਾਣੀ ਨਾ ਮਿਲਦਾ!

…ਤੇ ਜੇ ਮੈਨੂੰ ਅੱਧਾ ਘੰਟਾ ਹੋਰ ਪਾਣੀ ਨਾ ਮਿਲਦਾ!

ਘਟਨਾ 1985 ਦੀ ਹੋਵੇਗੀ। ਮੈਂ ਹਰ ਸਾਲ ਵਾਂਗ, ਨੌਵੀਂ ਜਮਾਤ ਦੇ ਸਾਲਾਨਾ ਪੇਪਰ ਦੇ ਕੇ ਆਪਣੇ ਨਾਨਕੇ ਪਿੰਡ ਰਾਜਸਥਾਨ ਗਿਆ ਹੋਇਆ ਸੀ। ਮੇਰੇ ਨਾਨਕੇ ਪਿੰਡ ਤੋਂ ਲਗਭਗ ਪੰਜ-ਛੇ ਕਿਲੋਮੀਟਰ ਦੂਰੀ ’ਤੇ ਸਥਿਤ ਕਿਸੇ ਹੋਰ ਪਿੰਡ ਵਿੱਚ ਮੇਰੇ ਦੋ ਮਾਮੇ ਰਹਿੰਦੇ ਹੁੰਦੇ ਸਨ। ਮੇਰਾ ਸਭ ਤੋਂ ਛੋਟਾ ਮਾਮਾ, ਜੋ ਮੇਰਾ ਦੋਸਤ ਵੀ ਸੀ, ਮੇਰਾ ਉਸ ਨਾਲ ਬੜਾ ਸਨੇਹ ਸੀ

ਇਹੀ ਰੁੱਤ ਸੀ। ਮੇਰੇ ਨਾਨੀ ਜੀ ਕਹਿਣ ਲੱਗੇ, ‘‘ਜਾਹ, ਜਿੱਥੇ ਤੇਰਾ ਛੋਟਾ ਮਾਮਾ ਰਹਿੰਦਾ ਹੈ, ਉਹਨਾਂ ਜਿਮੀਂਦਾਰਾਂ ਦੇ ਖੇਤ ਵਿੱਚੋਂ ਹਰਾ ਛੋਲੀਆ ਪੁੱਟ ਕੇ ਲਿਆ।’’ ਉਸ ਸਮੇਂ ਮੇਰੇ ਨਾਨਕੇ ਪਿੰਡ ਵਿਚੋਂ ਸਾਰੇ ਦਿਨ ਵਿੱਚ ਕਰੀਬ 3-4 ਬੱਸਾਂ ਹੀ ਉਸ ਪਿੰਡ ਵੱਲ ਜਾਂਦੀਆਂ ਸਨ। ਜਿਆਦਾਤਰ ਲੋਕ ਇੱਕ ਪਿੰਡ ਤੋਂ ਦੂਸਰੇ-ਤੀਸਰੇ ਪਿੰਡ ਤੱਕ ਵੀ ਤੁਰ ਕੇ ਜਾਂਦੇ ਸਨ, ਕਿਉਂਕਿ ਉਦੋਂ ਪੁਸ਼ਾਕਾਂ ਨਾਲੋਂ ਜ਼ਿਆਦਾ ਖੁਰਾਕਾਂ ’ਤੇ ਜ਼ੋਰ ਦਿੱਤਾ ਜਾਂਦਾ ਸੀ। ਜਿੰਨੀ ਮਰਜ਼ੀ ਮਿਹਨਤ ਕਰ ਲੈਂਦੇ, ਸਰੀਰ ਥੱਕਦੇ ਨਹੀਂ ਸਨ ਹੁੰਦੇ

ਮੈਂ ਆਪਣੇ ਨਾਨਕੇ ਦੇ ਗੁਆਂਢੀ ਦੇ ਘਰੋਂ ਉਹਨਾਂ ਦਾ ਸਾਈਕਲ ਮੰਗਿਆ, ਕਿਉਂਕਿ ਉਦੋਂ ਹਰ ਘਰ ਵਿੱਚ ਸਾਈਕਲ ਤੇ ਰੇਡੀਓ ਨਹੀਂ ਸਨ ਹੁੰਦੇ। ਮੈਂ ਸੜਕੇ-ਸੜਕ ਆਪਣੇ ਮਾਮੇ ਦੇ ਪਿੰਡ ਲਈ ਰਵਾਨਾ ਹੋ ਗਿਆ। ਉੱਥੇ ਜਾ ਕੇ, ਪਹਿਲਾਂ ਮੈਂ ਆਪਣੇ ਵੱਡੇ ਮਾਮੇ ਦੇ ਘਰ ਜਾ ਕੇ ਚਾਹ-ਪਾਣੀ ਪੀਤਾ ਤੇ ਫਿਰ ਛੋਟੇ ਮਾਮੇ ਨਾਲ ਬੈਠ ਕੇ ਰੋਟੀ ਖਾਧੀ। ਗੱਲਾਂ-ਬਾਤਾਂ ਕੀਤੀਆਂ। ਮਾਮੇ ਨੂੰ ਛੋਲੀਆ ਲੈ ਕੇ ਜਾਣ ਬਾਰੇ ਦੱਸਿਆ। ਉਸ ਸਮੇਂ ਮਾਮਾ ਉਸ ਪਿੰਡ ਵਿੱਚ ਪ੍ਰਚੂਨ ਦੀ ਇੱਕ ਛੋਟੀ ਜਿਹੀ ਦੁਕਾਨ ਚਲਾਉਂਦਾ ਹੁੰਦਾ ਸੀ। ਉਸ ਦੀ ਛੋਟੀ ਜਿਹੀ ਦੁਕਾਨ ਅੱਗੇ, ਦੁਕਾਨ ਤੋਂ ਵੀ ਵੱਡੀ ਬਣੀ ਹੋਈ ਮਿੱਟੀ ਦੀ ਥੜ੍ਹੀ ’ਤੇ ਚੰਨ ਚਾਨਣੀ ਰਾਤ ਵਿਚ ਮੌਜ਼ ਤੇ ਬੇਫਿਕਰੀ ਨਾਲ ਬੈਠਣਾ, ਮੈਨੂੰ ਅੱਜ ਵੀ ਯਾਦ ਹੈ

ਮਾਮੇ ਨੇ ਮੈਨੂੰ ਛੋਲੀਆ ਲਿਆ ਕੇ ਦਿੱਤਾ ਤੇ ਨਾਲ ਕਿਹਾ ਕਿ ਅਜੇ ਨਾਨੀ ਕੋਲ ਨਹੀਂ ਜਾਣਾ। ਦੁਪਹਿਰ ਹੋ ਗਈ ਹੈ ਤੇ ਧੁੱਪ ਬਹੁਤ ਤੇਜ਼ ਹੈ। ਸ਼ਾਮ ਨੂੰ ਜਾਵੀਂ। ਅਖੇ, ਤੂੰ ਕਿਹੜਾ ਓਥੇ ਜਾ ਕੇ ਮੂੰਗੀ ਗੋਡਣੀ ਆ ਮੈਂ ਕੁੱਛ ਦੇਰ ਤਾਂ ਬੈਠਾ ਫਿਰ ਮੈਨੂੰ ਅੱਚਵੀ ਜਿਹੀ ਹੋਣ ਲੱਗੀ ਕਿ ਨਾਨੀ ਕੋਲ ਚੱਲਿਆ ਜਾਵੇ। ਕਿਉਂਕੀ ਨਾਨਕੇ ਪਿੰਡ ਦੀ ਕੁਦਰਤੀ ਖਿੱਚ, ਚਾਹੇ ਉਹ ਹੁਣ ਬਰਕਰਾਰ ਨਹੀਂ ਰਹੀ, ਮੈਨੂੰ ਅੱਜ ਵੀ ਯਾਦ ਹੈ।
ਮੈਂ ਸਾਈਕਲ ਦੇ ਕੈਰੀਅਰ ’ਤੇ ਹਰੇ ਛੋਲੀਏ ਦੇ ਬੂਟੇ ਟੰਗ ਕੇ ਤੁਰ ਪਿਆ। ਤੁਰਨ ਲੱਗੇ ਨੇ ਮਾਮੇ ਦੀ ਦੁਕਾਨ ਵਿੱਚੋਂ ਪੰਜ-ਚਾਰ ਮਿੱਠੀਆਂ ਗੋਲੀਆਂ ਨਾਲ ਲੈ ਲਈਆਂ। ਪਲਾਸਟਿਕ ਦੀਆਂ ਬੋਤਲਾਂ ਦਾ ਉਦੋਂ ਨਾਮੋ-ਨਿਸ਼ਾਨ ਵੀ ਨਹੀਂ ਹੁੰਦਾ ਸੀ ਤੇ ਕਿਸੇ ਹੋਰ ਭਾਂਡੇ ਵਿੱਚ ਪਾਣੀ ਨਾਲ ਲੈ ਕੇ ਜਾਣ ਬਾਰੇ ਸੁੱਝਿਆ ਨਹੀਂ ਸੀ

ਪਿੰਡੋਂ ਕਰੀਬ ਇੱਕ ਡੇਢ ਕਿਲੋਮੀਟਰ ਪਹੀ ਰਾਹੀਂ ਜਰਨੈਲੀ ਸੜਕ ’ਤੇ ਆਉਣਾ ਪੈਂਦਾ ਸੀ ਤੇ ਉੱਥੋਂ ਨਾਨਕੇ ਪਿੰਡ। ਪਰ ਉੱਥੇ ਇੱਕ ਢਾਣੀ ਸਥਿਤ ਸੀ। ਜੇ ਉਸ ਢਾਣੀ ਵਿਚੋਂ ਲੰਘ ਕੇ ਜਰਨੈਲੀ ਸੜਕ ’ਤੇ ਚੜ੍ਹ ਜਾਈਏ ਤਾਂ ਵਾਟ ਕਾਫ਼ੀ ਘਟ ਜਾਂਦੀ ਸੀ, ਪਰ ਅੱਧਾ-ਪੌਣਾ ਕਿਲੋਮੀਟਰ ਕੱਚੇ ਰਸਤੇ ਤੁਰਨਾ ਪੈਂਦਾ ਸੀ ਇੱਕ ਵਾਰ ਮੈਂ ਆਪਣੇ ਮਾਮੇ ਨਾਲ ਇਸ ਢਾਣੀ ਵਿਚੋਂ ਲੰਘਿਆ ਵੀ ਸੀ। ਮੈਂ ਸੋਚਿਆ ਚਲੋ ਅੱਜ ਅਡਵੈਂਚਰ ਕਰਦੇ ਹਾਂ। ਨਵੇਂ ਰਾਸਤੇ ਤੋਂ ਚੱਲਦੇ ਹਾਂ

ਮੈਂ ਸਾਈਕਲ ਢਾਣੀ ਵੱਲ ਮੋੜ ਲਿਆ। ਕੋਈ ਗਿੱਠ-ਗਿੱਠ ਕੱਕਾ ਰੇਤਾ ਹੋਵੇਗਾ, ਉਹ ਵੀ ਗਰਮ। ਉਤੋਂ ਤੇਜ਼ ਧੁੱਪ। ਮੈਂ ਤੁਰਿਆ ਜਾਂਦਾ ਢਾਣੀ ਪਿੱਛੇ ਛੱਡ ਗਿਆ। ਅਜੇ ਕਰੀਬ ਅੱਧਾ-ਪੌਣਾ ਕਿਲੋਮੀਟਰ ਹੀ ਸਾਈਕਲ ਧੂਹਿਆ ਹੋਵੇਗਾ ਕਿ ਗਰਮੀ ਕਰਕੇ, ਜ਼ੋਰ ਲੱਗਣ ਕਰਕੇ ਤੇ ਮਿੱਠੀਆਂ ਗੋਲੀਆਂ ਖਾਧੀਆਂ ਹੋਣ ਕਰਕੇ, ਮੈਨੂੰ ਤ੍ਰੇਹ ਲੱਗ ਗਈ। ਮੈਂ ਥੋੜ੍ਹੀ ਦੂਰ ਹੋਰ ਅੱਗੇ ਗਿਆ ਤਾਂ ਮੈਨੂੰ ਤਾਂ ਟਿੱਬੇ ਹੀ ਟਿੱਬੇ ਦਿਖਾਈ ਦੇਣ। ਨਾ ਕੋਈ ਦਰੱਖਤ, ਨਾ ਕੋਈ ਬੰਦਾ ਤੇ ਨਾ ਕੋਈ ਪਰਿੰਦਾ

ਸੋਚਿਆ ਕਿ ਜੇ ਹੋਰ ਅੱਗੇ ਗਿਆ ਤਾਂ ਮੁਸ਼ਕਲ ਹੋਵੇਗੀ ਬੁੱਲ੍ਹਾਂ ’ਤੇ ਜੀਭ ਫੇਰਨ ਦਾ ਵੀ ਕੋਈ ਫਾਇਦਾ ਨਹੀਂ ਹੋ ਰਿਹਾ ਸੀ। ਕਿਉਂਕਿ ਜੀਭ ਤਾਂ ਪਹਿਲਾਂ ਹੀ ਸੁੱਕੀ ਲੱਕੜ ਵਾਂਗ ਖੁਸ਼ਕ ਹੋਈ ਪਈ ਸੀ। ਹਾਰ ਕੇ ਮੈਂ ਉੱਥੋਂ ਸਾਈਕਲ ਮੋੜਿਆ। ਵਾਪਸੀ ’ਤੇ ਮੈਂ ਦੇਖਿਆ ਕਿ ਪਹੀ ਤੋਂ ਥੋੜ੍ਹਾ ਜਿਹਾ ਪਾਸੇ, ਇੱਕ ਛੋਟੇ ਜਿਹੇ ਜੰਡ ਥੱਲੇ ਕੁੱਝ ਆਜੜੀ ਬੈਠੇ ਸਨ। ਮੈਂ ਸਾਈਕਲ ਉੱਥੇ ਹੀ ਸੁੱਟ ਕੇ ਉਹਨਾਂ ਤੱਕ ਪਹੁੰਚਿਆ ਤੇ ਪਾਣੀ ਮੰਗਿਆ। ਪਰ ਉਹਨਾਂ ਨੇ ਜਵਾਬ ਦੇ ਦਿੱਤਾ। ਸ਼ਾਇਦ ਉਹਨਾਂ ਕੋਲ ਵੀ ਆਪਣੀ ਜ਼ਰੂਰਤ ਜਿੰਨਾ ਹੀ ਪਾਣੀ ਸੀ

ਮੈਂ ਪਹੀ ’ਤੇ ਆ ਕੇ ਆਪਣਾ ਸਾਈਕਲ ਚੁੱਕਿਆ ਤੇ ਵਾਪਿਸ ਚੱਲ ਪਿਆ, ਜਰਨੈਲੀ ਸੜਕ ਵੱਲ। ਥੋੜ੍ਹੀ ਦੂਰ ਆਉਣ ’ਤੇ ਮੈਨੂੰ ਆਪਣੇ ਖੱਬੇ ਹੱਥ ਕੁੱਝ ਦਰੱਖਤਾਂ ਦਾ ਇੱਕ ਝੁੰਡ ਤੇ ਦੋ-ਤਿੰਨ ਘਰ ਦਿਖਾਈ ਦਿੱਤੇ ਮੈਂ ਸਾਈਕਲ ਸਮੇਤ ਉੱਧਰ ਨੂੰ ਹੋ ਤੁਰਿਆ। ਉੱਥੇ ਜਾ ਕੇ ਮੈਂ ਸੁਖ ਦਾ ਸਾਹ ਲਿਆ। ਕਿਉਂਕਿ ਉਹਨਾਂ ਘਰਾਂ ਦੇ ਬਾਹਰ ਦੋ-ਤਿੰਨ ਘੜਿਆਂ ਵਿੱਚ ਪੀਣ ਵਾਲਾ ਪਾਣੀ ਭਰ ਕੇ ਰੱਖਿਆ ਹੋਇਆ ਸੀ। ਪਹਿਲਾਂ ਤਾਂ ਮੈਂ ਉੱਥੇ ਬੈਠ ਕੇ ਸਾਹ ਲਿਆ ਤੇ ਫਿਰ ਪਾਣੀ ਪੀਤਾ

ਇਸ ਘਟਨਾ ਦੇ ਛੱਤੀ ਸਾਲ ਬੀਤ ਜਾਣ ’ਤੇ ਵੀ ਮੈਂ ਅੱਜ ਸੋਚਦਾ ਹਾਂ ਕਿ ਜੇ ਮੈਂ ਦੋ-ਚਾਰ ਕਿਲੋਮੀਟਰ ਹੋਰ ਅੱਗੇ ਚਲਾ ਜਾਂਦਾ ਤਾਂ ਮੈਂ ਅੱਜ ਜਿਉਂਦਾ ਨਾ ਹੁੰਦਾ ਸਥਿਤੀ ਅੱਜ ਦੀ ਵੀ ਉਹੋ-ਜਿਹੀ ਹੀ ਹੁੰਦੀ ਜਾ ਰਹੀ ਹੈ। ਪਾਣੀ ਦੀ ਦੁਰਵਰਤੋਂ ਯਕੀਨਨ ਸਾਨੂੰ ਇਹੋ-ਜਿਹਾ ਸਮਾਂ ਦਿਖਾਵੇਗੀ ਹੀ। ਘਰਾਂ ਦੀਆਂ ਟੈਂਕੀਆਂ ਵਿਚੋਂ ਨਾਲੀਆਂ ਵਿਚ ਪਹੁੰਚਦਾ ਪਾਣੀ ਆਪਣੀ ਕੀਮਤ ਜ਼ਰੂਰ ਦੱਸੇਗਾ। ਪਿਛਲੇ ਪੱਚੀ-ਤੀਹ ਸਾਲਾਂ ਤੋਂ ਮੈਂ ਨਹੀਂ ਦੇਖਿਆ ਕਿ ਕਦੇ ਝੜੀ ਲੱਗੀ ਹੋਵੇ। ਹੁਣ ਤਾਂ ਮੀਂਹ ਵੀ ਕਦੇ ਹੀ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ।

ਨਹੀਂ ਤਾਂ ਕਈ ਵਾਰੀ ਤਾਂ ਸਾਉਣ-ਭਾਦੋਂ ਵੀ ਸੁੱਕੇ ਨਿੱਕਲ ਜਾਂਦੇ ਹਨ। ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਨੇ ਬਾਰਿਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ। ਮੱਛੀ ਮੋਟਰਾਂ ਰਾਹੀਂ ਨਸ਼ਟ ਕੀਤੇ ਜਾਂਦੇ ਧਰਤੀ ਹੇਠਲੇ ਪਾਣੀ ਨੇ ਧਰਤੀ ਦੀ ਹਿੱਕ ਖੁਸ਼ਕ ਕਰ ਕੇ ਰੱਖ ਦਿੱਤੀ ਹੈ ਨਦੀਆਂ ਨਾਲਿਆਂ ਦਾ ਪਾਣੀ ਫੈਕਟਰੀਆਂ ਦੇ ਗੰਦੇ ਪਾਣੀ ਨੇ ਪੀਣ ਯੋਗ ਨਹੀਂ ਛੱਡਿਆ ਤੇ ਧਰਤੀ ਹੇਠਲਾ ਪਾਣੀ ਰੇਹਾਂ-ਸਪਰੇਆਂ ਨੇ ਜ਼ਹਿਰੀਲਾ ਕਰ ਦਿੱਤਾ। ਹਾਲੇ ਵੀ ਵਕਤ ਹੈ ਸੰਭਾਲ ਜਾਣ ਦਾ। ਨਹੀਂ ਤਾਂ ਪਾਣੀ ਬਿਨਾਂ ਅੱਧੇ ਘੰਟੇ ਵਿਚ ਮੇਰਾ ਕੀ ਹਾਲ ਹੋ ਗਿਆ ਸੀ, ਤੇ ਆਪਣਾ ਗੁਜ਼ਾਰਾ ਕਿਵੇਂ ਹੋਵੇਗਾ, ਇਹ ਹੁਣੇ ਹੀ ਸੋਚਣ ਵਾਲਾ ਵਿਸ਼ਾ ਹੈ
ਬਠਿੰਡਾ
ਮੋ. 99889-95533
ਜਗਸੀਰ ਸਿੰਘ ਤਾਜ਼ੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.