ਪਰਿਵਾਰ ਤੋਂ ਵੀਹ ਲੱਖ ਰੁਪਏ ਦੀ ਫਰੌਤੀ ਦੀ ਮੰਗ
- ਪਾਰਸਲ ‘ਚ ਮਿਲੀ ਸ਼ੱਕੀ ਵਸਤੂ ਦੀ ਜਾਂਚ ਕਰ ਰਹੀ ਹੈ ਪੁਲਿਸ
ਬੁਢਲਾਡਾ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ‘ਚ ਇੱਕ ਘਰ ‘ਚ ਪਹੁੰਚੇ ਪਾਰਸਲ ‘ਚੋਂ ਸੱਕੀ ਵਸਤੂ ਮਿਲਣ ਤੋਂ ਬਾਅਦ ਸ਼ਹਿਰ ‘ਚ ਭਾਰੀ ਸਹਿਮ ਦਾ ਮਾਹੌਲ ਹੈ । ਸ੍ਰੀ ਮਾਤਾ ਮਹਾਕਾਲੀ ਮੰਦਿਰ ਦੇ ਨੇੜੇ ਵਾਰਡ ਨੰ 11 ‘ਚ ਹੋਈ ਇਸ ਘਟਨਾ ਤੋਂ ਬਾਅਦ ਸ਼ਹਿਰ ਵਿਚ ਚਰਚਾ ਦਾ ਬਜ਼ਾਰ ਗਰਮ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਕੁਮਾਰ ਦੀ ਪਤਨੀ ਜਦ ਆਪਣੇ ਘਰ ਦੇ ਬਾਹਰ ਬੈਠੀ ਸੀ । ਤਦ ਇੱਕ ਲੜਕਾ ਉਸ ਕੋਲ ਆਇਆ ਤੇ ਪੁੱਛਣ ਲੱਗਾ ਕਿ ਇਹ ਬੈਂਕ ਵਾਲਿਆਂ ਦਾ ਘਰ ਹੈ।
ਉਸ ਦੇ ਹਾਂ ਕਹਿਣ ‘ਤੇ ਉਸ ਨੇ ਇੱਕ ਪਾਰਸਲ ਦਿੰਦੇ ਹੋਏ ਕਿਹਾ ਕਿ ਇਹ ਗਿਫਟ ਆਇਆ ਹੈ ਤੇ ਨਾਲ ਹੀ ਹਿੰਦੀ ‘ਚ ਲਿਖਿਆ ਹੋਇਆ ਇੱਕ ਪੱਤਰ ਵੀ ਫੜਾ ਦਿਤਾ। ਉੁਨ੍ਹਾਂ ਦੇ ਪੁੱਤਰ ਸੋਨੂ ਬਾਂਸਲ ਨੇ ਦੱਸਿਆ ਜਦ ਉਸ ਦੀ ਪਤਨੀ ਨੇ ਇਹ ਪੱਤਰ ਪੜ੍ਹਿਆ ਤਾਂ ਘਬਰਾ ਕੇ ਉਸ ਨੇ ਤਰੁੰਤ ਉਸ ਨੂੰ ਫੋਨ ਕੀਤਾ। ਪੱਤਰ ਵਿਚ ਲਿਖਿਆ ਹੈ ਕਿ ਇਸ ਪਾਰਸਲ ਵਿਚ ਬੰਬ ਹੈ ਜਿਸ ਦਾ ਰਿਮੋਟ ਉਹਨਾਂ ਕੋਲ ਹੈ। ਨਾਲ ਹੀ ਚਿਤਾਵਨੀ ਦਿੱਤੀ ਗਈ ਕਿ ਸ਼ਨਿੱਚਰਵਾਰ ਸ਼ਾਮ 4 ਵਜੇ ਤੱਕ ਸਰਕਾਰੀ ਹਸਪਤਾਲ ਰਤਿਆ (ਹਰਿਆਣਾ) ਦੇ ਗੇਟ ਕੋਲ ਵੀਹ ਲੱਖ ਰੁਪਏ ਲੈ ਕੇ ਪਹੁੰਚ ਜਾਓ।
ਕਿਸੇ ਕਿਸਮ ਦੀ ਹੁਸ਼ਿਆਰੀ ਕਰਨ ‘ਤੇ ਰਿਮੋਟ ਦਾ ਵਟਨ ਦਬਾ ਦਿਤਾ ਜਾਵੇਗਾ । ਸੋਨੂੰ ਨੇ ਇਸ ਦੀ ਸੂਚਨਾ ਥਾਣਾ ਸਿਟੀ ਬੁਢਲਾਡਾ ਵਿਖੇ ਦਿਤੀ ਸੂਚਨਾ ਮਿਲਦੇ ਹੀ ਐੱਸਐੱਚਓ ਮੋਹਨ ਲਾਲ ਦੀ ਅਗਵਾਈ ਹੇਠ ਪੁਲਿਸ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਲੋਕਾਂ ਨੂੰ ਇਸ ਤੋਂ ਦੂਰ ਕੀਤਾ । ਇਸ ਤੋਂ ਬਾਅਦ ਐੱਸਐੱਸਪੀ ਮਨਧੀਰ ਸਿੰਘ ਅਤੇ ਡੀ ਐੱਸਪੀ ਬੁਢਲਾਡਾ ਜਸਪ੍ਰੀਤ ਸਿੰਘ ਮੌਕੇ ‘ਤੇ ਪਹੁੰਚ ਗਏ। ਬੰਬ ਨਿਰੋਧੀ ਦਸਤੇ ਨੂੰ ਬੁਲਾਉਣ ‘ਤੇ ਪਾਰਸਲ ਖੋਲ੍ਹਿਆ ਗਿਆ ਤਾਂ ਇਸ ‘ਚੋਂ ਸ਼ੱਕੀ ਵਸਤੂ ਮਿਲੀ ਜਿਸ ਨੂੰ ਟੀਮ ਆਪਣੇ ਨਾਲ ਲੈ ਗਈ । ਜ਼ਿਕਰਯੋਗ ਹੈ ਕਿ ਪਾਰਸਲ ‘ਚ ਬੰਬ ਹੋਣ ਦੀ ਗੱਲ ਨੂੰ ਮਜਾਕ ਸਮਝਦੇ ਰਹੇ ਪ੍ਰੰਤੂ ਸ਼ੱਕੀ ਵਸਤੂ ਮਿਲਣ ‘ਤੇ ਸ਼ਹਿਰ ਦਾ ਮਾਹੌਲ ਇੱਕਦਮ ਬਦਲ ਗਿਆ ਤੇ ਲੋਕਾਂ ‘ਚ ਡਰ ਤੇ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ














