ਬਾਹਰਲੇ ਸੂਬਿਆ ਤੋਂ ਵਾਪਿਸ ਪਰਤ ਰਹੇ ਵਿਅਕਤੀਆਂ ਕਾਰਨ ਇਲਾਕੇ ‘ਚ ਸਹਿਮ ਦਾ ਮਾਹੌਲ

Fight with Corona

ਬਾਹਰਲੇ ਸੂਬਿਆ ਤੋਂ ਵਾਪਿਸ ਪਰਤ ਰਹੇ ਵਿਅਕਤੀਆਂ ਕਾਰਨ ਇਲਾਕੇ ‘ਚ ਸਹਿਮ ਦਾ ਮਾਹੌਲ

ਸੇਰਪੁਰ (ਰਵੀ ਗੁਰਮਾ) ਭਾਵੇਂ ਕਿ ਸੂਬਾ ਸਰਕਾਰ ਵੱਲੋਂ ਇੱਕ ਪਾਸੇ ਤਾਂ ਸਖ਼ਤ ਦਿਸ਼ਾ ਨਿਰਦੇਸ਼ ਹੇਠ ਲੋਕਾਂ ਨੂੰ ਬਾਹਰਲੇ ਸੂਬਿਆਂ ਵਿੱਚੋਂ ਵਾਪਸ ਲਿਆਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਪਰ ਦੂਜੇ ਪਾਸੇ ਕੁਝ ਲੋਕ ਆਪਣੇ ਨਿੱਜੀ ਸਾਧਨਾਂ ਰਾਹੀਂ ਵੀ ਸੂਬੇ ਵਿੱਚ ਵਾਪਸੀ ਕਰ ਰਹੇ ਹਨ ,ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸੇ ਤਹਿਤ ਕਸਬਾ ਸ਼ੇਰਪੁਰ ਦੇ ਲਾਗਲੇ ਪਿੰਡਾਂ ਵਿੱਚ ਆਪਣੇ ਨਿੱਜੀ ਸਾਧਨਾਂ ਰਾਹੀ ਬਾਹਰਲੇ ਸੂਬਿਆਂ ਤੇ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ ਦੀਆਂ ਚਰਚਾ ਵੀ ਜ਼ੋਰਾਂ ‘ਤੇ ਹੈ। ਜੇਕਰ ਇਨ੍ਹਾਂ ਲੋਕਾਂ ਨੂੰ ਸਮਾਂ ਰਹਿੰਦੇ ਘਰਾਂ ਤੋਂ ਬਾਹਰ ਪਹਿਚਾਣ ਕਰਕੇ ਇਕਾਂਤਵਾਸ ਨਹੀਂ ਕੀਤਾ ਗਿਆ ਜਾਂ ਇਸੇ ਤਰ੍ਹਾਂ ਹੋਰ ਆਉਣ ਵਾਲੇ ਲੋਕਾਂ ਨੂੰ ਆਉਣ ਤੋਂ ਨਾ ਰੋਕਿਆ ਗਿਆ ਤਾਂ ਕੋਰੋਨਾ ਮਹਾਮਾਰੀ ਦਾ ਫੈਲਾਅ ਵੱਡੇ ਪੱਧਰ ‘ਤੇ ਫੈਲਣ ਦਾ ਖ਼ਾਦਸਾ ਬਣ ਜਾਵੇਗਾ।

ਹਾਲੇ ਤੱਕ ਉਹਨਾਂ ਲੋਕਾਂ ਦਾ ਪੰਜਾਬ ਵਿੱਚ ਕੋਰੋਨਾ ਸਬੰਧੀ ਟੈਸਟ ਨਹੀਂ ਕੀਤਾ ਗਿਆ। ਜਦੋਂ ਕਿ ਇਸ ਸਬੰਧੀ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀ ਕਾਰਜਗਾਰੀ ‘ਤੇ ਵੀ ਸਵਾਲੀਆ ਚਿੰਨ ਲੱਗਦਾ ਹੈ, ਕਿਉਂਕਿ ਇਸੇ ਤਰ੍ਹਾਂ ਬਾਹਰਲੇ ਸੂਬਿਆਂ ਵਿੱਚੋਂ ਆ ਰਹੀਆਂ ਕੰਬਾਈਨਾਂ ਤੇ ਲੇਬਰ ਵੀ ਬਹੁਗਿਣਤੀ ਵਾਪਸ ਪੰਜਾਬ ਪਰਤ ਰਹੇ ਹਨ, ਪ੍ਰੰਤੂ ਉਨ੍ਹਾਂ ਦੀ ਸ਼ਨਾਖ਼ਤ ਸਹੀ ਰੂਪ ਵਿੱਚ ਨਹੀਂ ਹੋ ਰਹੀ। ਜੇਕਰ ਉਨ੍ਹਾਂ ਦੀ ਸ਼ਨਾਖ਼ਤ ਹੋ ਰਹੀ ਹੈ ਤਾਂ ਉਨ੍ਹਾਂ ਨੂੰ ਕੇਵਲ ਘਰਾਂ ਵਿੱਚ ਹੀ ਇਕਾਂਤਵਾਸ ਕਰਕੇ ਡੰਗ ਟਪਾਇਆ ਜਾ ਰਿਹਾ ਹੈ ।

ਇੱਕ ਪਾਸੇ ਤਾਂ ਸੂਬਾ ਸਰਕਾਰ ਜ਼ਿਲ੍ਹੇ ਸੀਲ ਤੇ ਸੂਬੇ ਦੀਆਂ ਸਰਹੱਦਾਂ ਸੀਲ ਕਰਨ ਦੀ ਗੱਲ ਕਹਿ ਰਹੀ ਹੈ ਤਾਂ ਫਿਰ ਇਸ ਤਰ੍ਹਾਂ ਚਾਰ ਸੂਬਿਆਂ ਦੀਆਂ ਸਰਹੱਦਾਂ ਨੂੰ ਪਾਰ ਕਰਕੇ ਇਹ ਲੋਕ ਆਪਣੇ ਘਰਾਂ ਵਿੱਚ ਚੁੱਪ ਚੁਪੀਤੇ ਕਿਸ ਤਰ੍ਹਾਂ ਵਾਪਸ ਪਰਤ ਰਹੇ ਹਨ। ਇਹ ਗੱਲ ਗਹਿਰੀ ਚਿੰਤਾ ਤੇ ਜਾਂਚ ਦਾ ਵਿਸ਼ਾ ਹੈ। ਜਿਕਰਯੋਗ ਹੈ ਕਿ ਕਸਬਾ ਸ਼ੇਰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਅਧੀਨ ਪੈਂਦੇ ਪਿੰਡਾਂ ਵਿੱਚੋਂ 45 ਦੇ ਲਗਭਗ ਸ਼ਰਧਾਲੂ ਹਜ਼ੂਰ ਸਾਹਿਬ ਗਏ ਹੋਏ ਸਨ। ਜੋਕਿ ਹੁਣ ਵਾਪਸ ਪਰਤ ਰਹੇ ਹਨ।

ਕੀ ਕਹਿਣਾ ਐਸ.ਐਮ.ੳ ਸ਼ੇਰਪੁਰ ਦਾ

ਜਦੋਂ ਇਸ ਸਬੰਧੀ ਐਸ.ਐਮ.ੳ ਸੇਰਪੁਰ ਡਾ. ਬਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਬਾਹਰਲੇ ਸੂਬਿਆ ਤੋਂ ਆਉਣ ਵਾਲੇ ਵਿਅਕਤੀ ,ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਹੀਂ ਪਾਇਆ ਜਾਂਦਾ ਤਾਂ ਉਹਨਾਂ ਨੂੰ ਘਰਾਂ ਵਿੱਚ ਹੀ ਇਕਾਂਤਵਾਸ ਕੀਤਾ ਜਾਂਦਾ ਹੈ। ਇਸੇ ਤਰਾਂ ਹੀ ਪਿਛਲੇ ਦਿਨੀਂ ਹਜੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆ ਨੂੰ ਘਰਾਂ ਵਿੱਚ ਇਕਾਂਤਵਾਸ਼ ਕੀਤਾ ਗਿਆ ਹੈ। ਹੁਣ ਅਸੀਂ ਉਹਨਾਂ ਦਾ ਕੋਰੋਨਾ ਟੈਸਟ ਵੀ ਕਰਵਾ ਰਹੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।