ਅਮਰਿੰਦਰ ਵੱਲੋਂ 521 ਕਰੋੜ ਰੁਪਏ ਦੀ ਲਾਗਤ ਵਾਲੇ ਫੂਡ ਪ੍ਰੋਸੈਸਿੰਗ ਪਲਾਂਟ ਦਾ ਨੀਂਹ ਪੱਥਰ

Amrinder Singh, Foundation, Food Processing

10 ਹਜ਼ਾਰ ਤੋਂ ਵਧੇਰੇ ਕਿਸਾਨਾਂ ਨੂੰ ਮਿਲੇਗਾ ਲਾਭ

ਮਾਛੀਵਾੜਾ (ਰਾਮ ਗੋਪਾਲ ਰਾਏਕੋਟੀ) | ਸੂਬੇ ਵਿੱਚ ਸਨਅਤੀ ਵਿਕਾਸ ਤੇ ਰੁਜ਼ਗਾਰ ਉਤਪਤੀ ਨੂੰ ਹੋਰ ਉਤਸ਼ਾਹਿਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਲਾਕੇ ਵਿੱਚ ਸਬਜ਼ੀਆਂ ਦੇ ਪ੍ਰੋਸੈਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਭਾਰਤੀ ਸਹਿਕਾਰਤਾ ਅਦਾਰਾ ‘ਇਫ਼ਕੋ’ (ਇੰਡੀਅਨ ਫਾਰਮਰਜ਼ ਫਰਟੀਲਾਈਜਰਜ਼ ਕੋਆਪਰੇਟਿਵ ਲਿਮਟਿਡ) ਤੇ ਸਪੇਨ ਦੀ ਮੋਹਰੀ ਫੂਡ ਪ੍ਰੋਸੈਸਿੰਗ ਕੰਪਨੀ ‘ਕੋਂਗੇਲਡੋਸ ਡੇ ਨਵਾਰਾ’ (ਸੀ. ਐੱਨ. ਕਾਰਪੋਰੇਸ਼ਨ) ਵੱਲੋਂ ਸਾਂਝੇ ਉਦਮ ਤਹਿਤ ਸਥਾਪਤ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਪਰਾਲਾ ਪੰਜਾਬ ਵਿੱਚ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ ਸਨਅਤੀ ਖੇਤਰ ਨੂੰ ਹੋਰ ਵਿਕਸਤ ਕਰਨ ਤੇ ਸੂਬੇ ਨੂੰ ਮਾਲੀ ਤੌਰ ‘ਤੇ ਮਜ਼ਬੂਤ ਕਰਨ ਦਾ ਇੱਕ ਕਦਮ ਹੈ।
ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਸਨਅਤੀ ਨੀਤੀ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਵੀਂ ਨੀਤੀ ਦੇ ਲਾਗੂ ਹੋਣ ਨਾਲ ਜਿੱਥੇ ਮੰਡੀ ਗੋਬਿੰਦਗੜ੍ਹ ਵਿੱਚ ਬੰਦ ਪਏ 600 ਯੂਨਿਟ ਮੁੜ ਚੱਲ ਪਏ ਹਨ ਉੱਥੇ 40 ਹੋਰ ਨਵੇਂ ਯੂਨਿਟ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੁਣ ਤੱਕ ਕਈ ਕੰਪਨੀਆਂ ਨਾਲ 51,969 ਕਰੋੜ ਰੁਪਏ ਦੀ ਲਾਗਤ ਵਾਲੇ 299 ਸਮਝੌਤੇ ਸਹੀਬੱਧ ਕੀਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ 46,902 ਕਰੋੜ ਰੁਪਏ ਦੀ ਲਾਗਤ ਵਾਲੇ 650 ਨਵੇਂ ਪ੍ਰੋਜੈਕਟ ਸੂਬੇ ਵਿੱਚ ਆਏ ਹਨ, ਜਿਨ੍ਹਾਂ ਨਾਲ 167,309 ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ 521 ਕਰੋੜ ਰੁਪਏ ਦੀ ਲਾਗਤ ਨਾਲ 55 ਏਕੜ ਰਕਬੇ ਵਿੱਚ ਸਥਾਪਤ ਕੀਤਾ ਜਾਵੇਗਾ, ਜਿਸ ਦੀ ਸਾਲਾਨਾ ਫੂਡ ਪ੍ਰੋਸੈਸਿੰਗ ਸਮਰੱਥਾ 80 ਹਜ਼ਾਰ ਮੀਟਰਿਕ ਟਨ ਹੋਵੇਗੀ। ਇਸ ਪ੍ਰੋਜੈਕਟ ‘ਤੇ ਕੁੱਲ 1000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੇ ਚਾਲੂ ਹੋਣ ਨਾਲ ਸਿੱਧੇ ਤੇ ਅਸਿੱਧੇ ਤੌਰ ‘ਤੇ 2500 ਨਵੀਂਆਂ ਨੌਕਰੀਆਂ ਪੈਦਾ ਹੋਣਗੀਆਂ। ਇਸ ਪਲਾਂਟ ਦੇ ਚਾਲੂ ਹੋਣ ਨਾਲ ਕਿਸਾਨੀ ਨੂੰ ਵੱਡਾ ਆਰਥਿਕ ਹੁਲਾਰਾ ਮਿਲੇਗਾ ਕਿਉਂਕਿ ਇਸ ਪਲਾਂਟ ਵਿੱਚ ਪ੍ਰੋਸੈਸ ਕਰਨ ਲਈ ਕਰੀਬ 150,00 ਮੀਟਰਿਕ ਟਨ ਸਬਜ਼ੀਆਂ ਸਥਾਨਕ ਕਿਸਾਨਾਂ ਤੋਂ ਲਈਆਂ ਜਾਇਆ ਕਰਨਗੀਆਂ।
ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਬਰੌਕਲੀ, ਗੋਭੀ, ਗਾਜਰ, ਮਟਰ ਅਤੇ ਮੱਕੀ ਦੇ ਦਾਣੇ ਪ੍ਰੋਸੈਸ ਕੀਤੇ ਜਾਇਆ ਕਰਨਗੇ ਤੇ ਇਸ ਤੋਂ ਇਲਾਵਾ ਆਲੂਆਂ ਦੇ ਫਰੈਂਚ ਫਰਾਈਜ਼ ਅਤੇ ਸਨੈਕਸ ਤਿਆਰ ਕਰਕੇ ਮਾਰਕੀਟ ਵਿੱਚ ਲਿਆਂਦੇ ਜਾਣਗੇ। ਇਸ ਪਲਾਂਟ ਵੱਲੋਂ ਸਾਲ 2020 ਤੱਕ ਉਤਪਾਦਨ ਸ਼ੁਰੂ ਕਰ ਦੇਣ ਦਾ ਅਨੁਮਾਨ ਹੈ। ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਭਾਰਤ ਵਿੱਚ ਸਪੇਨ ਦੀਆਂ ਖੇਤੀ ਤਕਨੀਕਾਂ ਦੇ ਵਿਕਾਸ ਦੇ ਨਾਲ-ਨਾਲ ਦੇਸ਼ ਦੇ ਸਮਾਜਿਕ, ਆਰਥਿਕ, ਖੋਜ, ਬੀਜ ਪੈਦਾਵਾਰ, ਮਸ਼ੀਨਰੀ ਪੈਦਾਵਾਰ, ਕੋਲਡ ਸਟੋਰੇਜ਼ ਅਤੇ ਟਰਾਂਸਪੋਰਟ ਖੇਤਰ ਵਿੱਚ ਵਿਕਾਸ ਹੋਵੇਗਾ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਕਿਸਾਨਾਂ ਨੂੰ ਨਵੀਂਆਂ ਖੇਤੀ ਤਕਨੀਕਾਂ ਅਤੇ ਬੀਜ਼ਾਂ ਸਬੰਧੀ ਸਿਖ਼ਲਾਈ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ 10 ਹਜ਼ਾਰ ਤੋਂ ਵਧੇਰੇ ਕਿਸਾਨਾਂ ਨੂੰ ਆਰਥਿਕ ਲਾਭ ਹੋਵੇਗਾ।
ਇਸ ਤੋਂ ਪਹਿਲਾਂ ਇਫ਼ਕੇ ਦੇ ਚੇਅਰਮੈਨ ਬਲਵਿੰਦਰ ਸਿੰਘ ਨਕੱਈ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਾਲ ਅਤੇ ਕ੍ਰਿਪਾਨ ਨਾਲ ਸਨਮਾਨਿਤ ਕੀਤਾ। ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਹਲਕੇ ਵਿੱਚ ਵੱਡਾ ਪ੍ਰੋਜੈਕਟ ਲਗਾਉਣ ਅਤੇ ਚੋਣਾਂ ਤੋਂ ਪਹਿਲਾਂ ਵਾਅਦੇ ਪੂਰੇ ਕਰਨ ‘ਤੇ ਪੰਜਾਬ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਇਸ ਤੋਂ ਇਲਾਵਾ ਉਨਾਂ ਹਲਕਾ ਸਮਰਾਲਾ ਦੀਆਂ ਜ਼ਰੂਰੀ ਲੋੜਾਂ ਬਾਰੇ ਵੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ।
ਇਸ ਮੌਕੇ ਭਾਰਤ ਵਿੱਚ ਸਪੇਨ ਦੇ ਡਿਪਟੀ ਅੰਬੈਸਡਰ ਮਿਸਟਰ ਐਡੂਆਰਡੋ ਸਾਂਚੇਜ਼ ਨੇ ਬੋਲਦਿਆਂ ਕਿਹਾ ਕਿ ਇਸ ਪ੍ਰੋਜੈਕਟ ਦੇ ਲੱਗਣ ਨਾਲ ਸੂਬੇ ਵਿੱਚ ਕਿਸਾਨਾਂ ਦੀ ਆਮਦਨੀ ਵਿੱਚ ਵਾਧਾ ਹੋਵੇਗਾ।
ਸਮਾਗਮ ਨੂੰ ਪੰਜਾਬ ਦੇ ਸਨਅਤਾਂ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੀ ਸੰਬੋਧਨ ਕੀਤਾ। ਸਮਾਗਮ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ, ਲੋਕ ਸਭਾ ਮੈਂਬਰ ਡਾ. ਅਮਰ ਸਿੰਘ, ਲਖ਼ਬੀਰ ਸਿੰਘ ਅਤੇ ਕੁਲਦੀਪ ਸਿੰਘ ਵੈਦ (ਦੋਵੇਂ ਵਿਧਾਇਕ), ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ, ਇੰਨਵੈਸਟ ਪੰਜਾਬ ਦੇ ਸੀ. ਈ. ਓ. ਰਜਤ ਅਗਰਵਾਲ, ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਐਗਰੋ ਅਤੇ ਫੂਡ ਪ੍ਰੋਸੈਸਿੰਗ ਦੇ ਇੰਨਵੈਸਟ ਪੰਜਾਬ ਸੈਕਟਰ ਅਫ਼ਸਰ ਸੰਜੀਵ ਗੁਪਤਾ, ਇਫਕੋ ਦੇ ਐੱਮ. ਡੀ. ਯੂ. ਐੱਸ. ਅਵਸਥੀ, ਸੀਐੱਨ-ਇਫ਼ਕੋ ਦੇ ਚੇਅਰਮੈਨ ਬੈਨੀਟੋ ਜਿਮੇਨੇਜ਼ ਅਤੇ ਹੋਰ ਵੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।