ਸਭ ਤੋਂ ਕਮਜ਼ੋਰ ਵਿਧਾਨ ਸਭਾ ਹਲਕੇ ‘ਚ ਕਰਨਗੇ ਚੋਣ ਰੈਲੀ
ਪਿਛਲੇ 15 ਸਾਲਾਂ ‘ਚ ਪਹਿਲੀ ਵਾਰ ਅਮਰਿੰਦਰ ਸਿੰਘ ਪਰਨੀਤ ਕੌਰ ਲਈ ਕਰ ਰਹੇ ਹਨ ਇੰਨਾ ਜ਼ਿਆਦਾ ਪ੍ਰਚਾਰ
ਚੰਡੀਗੜ੍ਹ, ਅਸ਼ਵਨੀ ਚਾਵਲਾ
ਲੋਕ ਸਭਾ ਚੋਣਾਂ ‘ਚ ਪਤੀ ਧਰਮ ਨਿਭਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਅੱਜ ਪਰਨੀਤ ਕੌਰ ਲਈ ਹਲਕਾ ਪਟਿਆਲਾ ਦੀਆਂ ਸੜਕਾਂ ‘ਤੇ ਉਤਰਨ ਜਾ ਰਹੇ ਹਨ। ਪਟਿਆਲਾ ਲੋਕ ਸਭਾ ਹਲਕੇ ਵਿੱਚ ਡੇਰਾ ਬੱਸੀ ਸੀਟ ਨੂੰ ਕਾਂਗਰਸ ਸਭ ਤੋਂ ਕਮਜ਼ੋਰ ਮੰਨ ਕੇ ਚੱਲ ਰਹੀ ਹੈ, ਜਿਸ ਕਾਰਨ ਇਸੇ ਵਿਧਾਨ ਸਭਾ ਹਲਕੇ ਵਿੱਚ ਅੱਜ ਅਮਰਿੰਦਰ ਸਿੰਘ ਚੋਣ ਰੈਲੀ ਕਰਨਗੇ। ਦੁਪਹਿਰ ਤੋਂ ਪਹਿਲਾਂ ਡੇਰਾ ਬੱਸੀ ‘ਚ ਅਮਰਿੰਦਰ ਸਿੰਘ ਚੋਣ ਰੈਲੀ ਕਰਨ ਤੋਂ ਬਾਅਦ ਦੇਰ ਸ਼ਾਮ ਪਟਿਆਲਾ ਵਿਖੇ 2 ਨੁੱਕੜ ਮੀਟਿੰਗਾਂ ਕਰਨਗੇ। ਇਸ ਤੋਂ ਪਹਿਲਾਂ ਵੀ ਅਮਰਿੰਦਰ ਸਿੰਘ ਕਈ ਨੁੱਕੜ ਮੀਟਿੰਗਾਂ ਪਟਿਆਲਾ ਹਲਕੇ ‘ਚ ਕਰ ਚੁੱਕੇ ਹਨ। ਅਮਰਿੰਦਰ ਸਿੰਘ ਪਿਛਲੇ 15 ਸਾਲ ਦੇ ਦੌਰਾਨ ਪਹਿਲੀ ਵਾਰ ਇਸ ਪੱਧਰ ‘ਤੇ ਪਰਨੀਤ ਕੌਰ ਲਈ ਪ੍ਰਚਾਰ ਕਰ ਰਹੇ ਹਨ, ਇਸ ਤੋਂ ਪਹਿਲਾਂ ਉਹ 2-3 ਨੁੱਕੜ ਮੀਟਿੰਗਾਂ ਕਰਦੇ ਹੋਏ ਕੰਮ ਖ਼ਤਮ ਕਰ ਦਿੰਦੇ ਸਨ ।
ਪਟਿਆਲਾ ਵਿਖੇ ਤਿਕੋਣੀ ਟੱਕਰ ਹੋਣ ਕਾਰਨ ਅਮਰਿੰਦਰ ਸਿੰਘ ਖ਼ੁਦ ਇਸ ਵਾਰ ਪਰਨੀਤ ਕੌਰ ਲਈ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦੇ ਹਨ, ਜਿਸ ਕਾਰਨ ਉਹ ਆਪਣੇ ਵਿਧਾਨ ਸਭਾ ਹਲਕੇ ‘ਚ ਸਭ ਤੋਂ ਜਿਆਦਾ ਪਰਨੀਤ ਕੌਰ ਲਈ ਪ੍ਰਚਾਰ ਕਰਨ ਦੇ ਨਾਲ ਹੀ ਹੁਣ ਜਿਹੜੇ ਜਿਹੜੇ ਹਲਕੇ ‘ਚ ਕਾਂਗਰਸ ਕਮਜ਼ੋਰ ਨਜ਼ਰ ਆ ਰਹੀ ਹੈ, ਉਨ੍ਹਾਂ ਵਿਧਾਨ ਸਭਾ ਹਲਕਿਆਂ ‘ਚ ਪ੍ਰਚਾਰ ਕਰਨ ਲਈ ਜਾ ਰਹੇ ਹਨ।
ਅਮਰਿੰਦਰ ਸਿੰਘ ਵੀਰਵਾਰ ਨੂੰ ਸਵੇਰੇ ਹੀ ਡੇਰਾ ਬੱਸੀ ਵਿਧਾਨ ਸਭਾ ਹਲਕੇ ‘ਤੇ ਜ਼ੀਰਕਪੁਰ ਵਿਖੇ ਚੋਣ ਰੈਲੀ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੀ ਧਰਮ ਪਤਨੀ ਪਰਨੀਤ ਕੌਰ ਵੀ ਨਾਲ ਹੀ ਰਹਿਣਗੇ। ਇਸ ਚੋਣ ਰੈਲੀ ਰਾਹੀਂ ਅਮਰਿੰਦਰ ਸਿੰਘ ਡੇਰਾ ਬੱਸੀ ਹਲਕੇ ਦੇ ਲੋਕਾਂ ਨੂੰ ਸਾਫ਼ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਪਰਨੀਤ ਕੌਰ ਨੂੰ ਵੋਟ ਦੇਣਾ ਸਿੱਧੇ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਵੋਟ ਦੇਣਾ ਹੋਏਗਾ, ਜਿਸ ਕਾਰਨ ਉਹ ਖੁਦ ਵੋਟ ਮੰਗਣ ਲਈ ਇੱਥੇ ਆਏ ਹਨ।
ਡੇਰਾ ਬੱਸੀ ‘ਚ ਹੀ ਡਾ. ਗਾਂਧੀ ਨੇ ਪਿਛਲੇ ਦਿਨੀਂ ਰੋਡ ਸ਼ੋਅ ਕੀਤਾ ਸੀ ਤੇ ਇੱਥੇ ਡਾ. ਗਾਂਧੀ ਨੂੰ ਸਭ ਤੋਂ ਜ਼ਿਆਦਾ ਹੁੰਗਾਰਾ ਮਿਲਿਆ ਸੀ ਤੇ ਲੋਕਾਂ ਦਾ ਇਕੱਠ ਵੀ ਦੇਖਣ ਵਾਲਾ ਸੀ। ਡੇਰਾ ਬੱਸੀ ਵਿਧਾਨ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਜ਼ਿਆਦਾ ਵੋਟ ਮਿਲਣ ਦੀ ਆਸ ਬੱਝੀ ਬੈਠੀ ਹੈ। ਡਾ. ਗਾਂਧੀ ਤੇ ਸੁਰਜੀਤ ਸਿੰਘ ਰੱਖੜਾ ਦੀਆਂ ਆਸਾਂ ‘ਤੇ ਪਾਣੀ ਫੇਰਨ ਲਈ ਅਮਰਿੰਦਰ ਸਿੰਘ ਨੇ ਖ਼ੁਦ ਮੋਰਚਾ ਸੰਭਲਿਆ ਹੈ। ਅਮਰਿੰਦਰ ਸਿੰਘ ਤੇਜ਼ ਗਰਮੀ ‘ਚ ਚੋਣ ਰੈਲੀ ਕਰਨ ਤੋਂ ਬਾਅਦ ਸ਼ਾਮ ਨੂੰ ਤਿੱਪੜੀ ਤੇ ਕਿੱਲਾ ਚੌਂਕ ਵਿਖੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਨਗੇ।
ਮੰਤਰੀ ਨਹੀਂ ਨਿਕਲ ਰਹੇ ਆਪਣੇ ਵਿਧਾਨ ਸਭਾ ਹਲਕੇ ਤੋਂ ਬਾਹਰ
ਪਟਿਆਲਾ ਲੋਕ ਸਭਾ ਸੀਟ ‘ਤੇ 2 ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਸਾਧੂ ਸਿੰਘ ਧਰਮਸੋਤ ਆਪਣੀ ਵਿਧਾਨ ਸਭਾ ਸੀਟ ਤੋਂ ਬਾਹਰ ਹੀ ਨਹੀਂ ਨਿਕਲ ਰਹੇ। ਇਹ ਦੋਵੇਂ ਕੈਬਨਿਟ ਮੰਤਰੀ ਆਪਣੀ ਵਿਧਾਨ ਸਭਾ ਸੀਟ ਤੋਂ ਕਿਸੇ ਵੀ ਹਾਲਤ ਵਿੱਚ ਘੱਟ ਵੋਟ ਨਹੀਂ ਲੈਣਾ ਚਾਹੁੰਦੇ ਹਨ, ਕਿਉਂਕਿ ਅਮਰਿੰਦਰ ਸਿੰਘ ਦੀ ਚਿਤਾਵਨੀ ਦੇ ਤਹਿਤ ਉਨ੍ਹਾਂ ਦੀ ਵਿਧਾਨ ਸਭਾ ਸੀਟ ‘ਤੇ ਜੇਕਰ ਕਿਸੇ ਵੀ ਤਰ੍ਹਾਂ ਵੋਟ ਘਟੀ ਤਾਂ ਸਿੱਧੇ ਤੌਰ ‘ਤੇ ਉਨ੍ਹਾਂ ਦੀ ਕੈਬਨਿਟ ਦੀ ਕੁਰਸੀ ਨੂੰ ਖਤਰਾ ਪੈਦਾ ਹੋ ਜਾਏਗਾ। ਬ੍ਰਹਮ ਮਹਿੰਦਰਾ ਤੇ ਸਾਧੂ ਸਿੰਘ ਧਰਮਸੋਤ ਆਪਣੀ ਵਿਧਾਨ ਸਭਾ ਸੀਟ ‘ਚ ਹੀ ਪ੍ਰਚਾਰ ਕਰਨ ‘ਚ ਲੱਗੇ ਹੋਏ ਹਨ। ਜਦੋਂ ਕਿ ਬਤੌਰ ਕੈਬਨਿਟ ਮੰਤਰੀ ਉਨ੍ਹਾਂ ਨੂੰ ਪੰਜਾਬ ਭਰ ‘ਚ ਪ੍ਰਚਾਰ ਕਰਨਾ ਚਾਹੀਦਾ ਸੀ। ਇਹੋ ਦੋਵੇਂ ਮੰਤਰੀ ਪੰਜਾਬ ਭਰ ‘ਚ ਤਾਂ ਦੂਰ ਦੀ ਗੱਲ ਆਪਣੇ ਵਿਧਾਨ ਸਭਾ ਹਲਕੇ ਤੋਂ ਵੀ ਬਾਹਰ ਨਹੀਂ ਨਿਕਲ ਪਾਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।