ਅਮਰਿੰਦਰ ਦੀ ‘ਟਵਿੱਟਰ ਸਰਕਾਰ’, ਹੁਣ ਟਵਿੱਟਰ ਰਾਹੀਂ ਕਰੇਗੀ ਪ੍ਰਚਾਰ

Amarinder, Twitter, Government, Propagated

ਪ੍ਰਾਈਵੇਟ ਕੰਪਨੀ ਨੂੰ ਦਿੱਤਾ ਜਾਵੇਗਾ ਠੇਕੇ ‘ਤੇ ਸਰਕਾਰੀ ਟਵਿੱਟਰ ਹੈਂਡਲ | Twitter Govt

  • ਫੋਟੋ ਤੋਂ ਲੈ ਕੇ ਸਰਕਾਰ ਦੇ ਹਰ ਫੈਸਲੇ ਨੂੰ ਟਵਿੱਟਰ ਰਹੀਂ ਪਹੁੰਚਾਇਆ ਜਾਵੇਗਾ ਜਨਤਾ ਤੱਕ | Twitter Govt

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੀ ਅਮਰਿੰਦਰ ਸਿੰਘ ਦੀ ਸਰਕਾਰ ਜਲਦ ਹੀ ‘ਟਵਿੱਟਰ ਸਰਕਾਰ’ ਬਣਨ ਜਾ ਰਹੀ ਹੈ। ਅਮਰਿੰਦਰ ਸਿੰਘ ਦੀ ਸਰਕਾਰ ਦੇ ਹਰ ਕੰਮਕਾਜ ਸਣੇ ਹਰ ਫੈਸਲੇ ਦਾ ਪ੍ਰਚਾਰ ਹੁਣ ਟਵਿੱਟਰ ਰਾਹੀਂ ਪ੍ਰਚਾਰ ਕੀਤਾ ਜਾਵੇਗਾ। ਇਸ ਸਬੰਧੀ ਕੋਈ ਵੀ ਪ੍ਰਾਈਵੇਟ ਕੰਪਨੀ ਸਰਕਾਰ ਦੀ ਦੇਖ-ਰੇਖ ਵਿੱਚ ਟਵਿੱਟਰ ਹੈਂਡਲ ਨੂੰ ਚਲਾਵੇਗੀ। ਜਿਸ ਰਾਹੀਂ ਸਰਕਾਰੀ ਕੰਮਾਂ ਦੀਆਂ ਫੋਟੋਆਂ ਅਤੇ ਫੈਸਲੇ ਦੀ ਜਾਣਕਾਰੀ ਆਮ ਜਨਤਾ ਤੱਕ ਪਹੁੰਚਾਉਣ ਦੀ ਕੋਸ਼ਸ਼ ਕੀਤੀ ਜਾਏਗੀ। ਇਥੇ ਸੁਆਲ ਇਹ ਉੱਠਦਾ ਹੈ ਕਿ ਪੰਜਾਬ ਦੇ ਪਿੰਡਾਂ ਦੀ ਜਨਤਾ ਤੱਕ ਪਹੁੰਚ ਕਰਨ ਵਿੱਚ ਅਸਫ਼ਲ ਸਾਬਤ ਹੋ ਰਹੀ ਅਮਰਿੰਦਰ ਸਿੰਘ ਦੀ ਸਰਕਾਰ ਕੀ ਟਵਿੱਟਰ ਰਾਹੀਂ ਪਹੁੰਚ ਕਰ ਸਕੇਗੀ।

ਸੋਸ਼ਲ ਮੀਡੀਆ ‘ਤੇ ਪੰਜਾਬ ਸਰਕਾਰ ਦੀ ਨਸ਼ੇ ਅਤੇ ਹੋਰਨਾਂ ਮਾਮਲਿਆਂ ਵਿੱਚ ਹੋ ਰਹੀ ਕਿਰਕਿਰੀ ਤੋਂ ਬਾਅਦ ਸਰਕਾਰ ਨੇ ਇਸੇ ਸੋਸ਼ਲ ਮੀਡੀਆ ਨੂੰ ਹੀ ਆਪਣਾ ਹਥਿਆਰ ਬਣਾਉਣ ਲਈ ਫੈਸਲਾ ਕਰ ਲਿਆ ਹੈ। ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਨੂੰ ਟਵਿੱਟਰ ‘ਤੇ ਹਰ ਸਮੇਂ ਸਰਗਰਮ ਰੱਖਣ ਲਈ ਆਦੇਸ਼ ਜਾਰੀ ਕਰ ਦਿੱਤੇ ਹਨ। ਹਾਲਾਂਕਿ ਇਹ ਟਵਿਟਰ ਰਾਹੀਂ ਅਮਰਿੰਦਰ ਸਿੰਘ ਦਾ ਟੀਚਾ ਪੰਜਾਬ ਦੀ ਜਨਤਾ ਘੱਟ ਅਤੇ ਪੰਜਾਬ ਤੋਂ ਬਾਹਰ ਬੈਠੇ ਵਿਦੇਸ਼ਾਂ ਵਿੱਚ ਪੰਜਾਬੀਆਂ ਸਣੇ ਦੇਸ਼ ਦੇ ਹੋਰ ਕੋਨੇ ਵਿੱਚ ਬੈਠੇ ਆਮ ਲੋਕਾਂ ਤੱਕ ਪਹੁੰਚ ਕਰ ਸਕਦੀ ਹੈ, ਕਿਉਂਕਿ ਪੰਜਾਬ ਵਿੱਚ ਇਸ ਸਮੇਂ ਟਵਿੱਟਰ ਦੀ ਵਰਤੋਂ ਕਰਨ ਵਾਲੀਆਂ ਦੀ ਗਿਣਤੀ ਵੀ ਕਾਫ਼ੀ ਜਿਆਦਾ ਘੱਟ ਹੈ।

ਪੰਜਾਬ ਸਰਕਾਰ ਆਪਣੇ ਟਵਿੱਟਰ ਹੈਂਡਲ ਰਾਹੀਂ ਵੱਡੀ ਸਮਾਚਾਰ ਏਜੰਸੀਆਂ ਸਣੇ ਕੌਮੀ ਸਮਾਚਾਰ ਚੈਨਲਾਂ ਤੱਕ ਵੀ ਆਪਣੀ ਪਹੁੰਚ ਕਰਨਾ ਚਾਹੁੰਦੀ ਹੈ, ਕਿਉਂਕਿ ਦੇਸ਼ ਦੀਆਂ ਹੋਰ ਸਰਕਾਰਾਂ ਦੇ ਅਧਿਕਾਰਤ ਟਵਿੱਟਰ ਹੈਂਡਲ ਹੋਣ ਦੇ ਕਾਰਨ ਦੇਸ਼ ਦੇ ਕੌਮੀ ਲੀਡਰ ਉਸ ਟਵਿੱਟਰ ਹੈਂਡਲ ਨੂੰ ਫਾਲੋ ਕਰਨ ਦੇ ਨਾਲ ਹੀ ਦੇਸ਼ ਦੇ ਸਮਾਚਾਰ ਚੈਨਲ ਅਤੇ ਅਖ਼ਬਾਰਾਂ ਸਣੇ ਕੌਮੀ ਸਮਾਚਾਰ ਏਜੰਸੀਆਂ ਉਨਾਂ ਸਰਕਾਰਾਂ ਦੇ ਟਵਿੱਟਰ ਹੈਂਡਲ ਨੂੰ ਅਧਿਕਾਰਤ ਮੰਨਦੇ ਹੋਏ ਆਪਣੀ ਖ਼ਬਰ ਨੂੰ ਚਲਾਉਂਦੇ ਹਨ। ਇਸ ਲਈ ਸੋਸ਼ਲ ਮੀਡੀਆ ਵਿੱਚ ਸਭ ਤੋਂ ਪਹਿਲਾਂ ਟਵਿੱਟਰ ਨੂੰ ਹੀ ਚੁਣਿਆ ਗਿਆ ਹੈ।

ਪਿੰਡਾਂ ਵਾਸੀਆਂ ਤੱਕ ਕਿਵੇਂ ਪੁੱਜੇਗੀ ਸਰਕਾਰ, ਵੱਡਾ ਸੁਆਲ? | Twitter Govt

ਟਵਿੱਟਰ ਹੈਂਡਲ ਰਾਹੀਂ ਅਮਰਿੰਦਰ ਸਿੰਘ ਦੀ ਸਰਕਾਰ ਪਿੰਡਾਂ ਦੇ ਆਮ ਲੋਕਾਂ ਤੱਕ ਕਿਵੇਂ ਪਹੁੰਚ ਕਰੇਗੀ, ਇਹ ਵੱਡਾ ਸੁਆਲ ਉੱਭਰ ਕੇ ਬਾਹਰ ਆ ਰਿਹਾ ਹੈ, ਕਿਉਂਕਿ ਅਮਰਿੰਦਰ ਸਿੰਘ ਟਵਿੱਟਰ ਰਾਹੀਂ ਜਿੰਨਾ ਮਰਜ਼ੀ ਪ੍ਰਚਾਰ ਕਰ ਲੈਣ ਜਾ ਫਿਰ ਆਪਣੀ ਗੱਲ ਰੱਖ ਲੈਣ ਪਰ ਪਿੰਡਾਂ ਤੱਕ ਟਵਿੱਟਰ ਦੀ ਅਜੇ ਤੱਕ ਪਹੁੰਚ ਨਹੀਂ ਹੈ। ਟਵਿੱਟਰ ਨੂੰ ਜ਼ਿਆਦਾਤਰ ਸ਼ਹਿਰੀ ਇਲਾਕੇ ਵਿੱਚ ਚਲਾਇਆ ਜਾਂਦਾ ਹੈ ਅਤੇ ਟਵਿੱਟਰ ਦੇ ਅਕਾਉਂਟ ਦੀ ਗਿਣਤੀ ਪੰਜਾਬ ਵਿੱਚ ਕੋਈ ਜਿਆਦਾ ਵੀ ਨਹੀਂ ਹੈ।