ਨਵਜੋਤ ਸਿੱਧੂ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣਗੇ ਅਮਰਿੰਦਰ ਸਿੰਘ, ਸਵੀਕਾਰ ਕੀਤਾ ਸੱਦਾ ਪੱਤਰ

ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਅਮਰਿੰਦਰ ਸਿੰਘ ਨਾਲ ਕਰਨਗੇ ਸਿੱਧੂ ਸਣੇ ਵਿਧਾਇਕ ਚਾਹ ਪਾਰਟੀ ’ਚ ਮੁਲਾਕਾਤ

  • ਕੁਲਜੀਤ ਸਿੰਘ ਨਾਗਰਾ ਲੈ ਕੇ ਗਏ ਸਨ ਸੱਦਾ ਪੱਤਰ, ਅਮਰਿੰਦਰ ਸਿੰਘ ਨੇ ਕੀਤਾ ਸਵੀਕਾਰ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਹਾਮੀ ਭਰ ਦਿੱਤੀ ਹੈ। ਅਮਰਿੰਦਰ ਸਿੰਘ ਕੋਲ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਚੀਆ ਅਤੇ ਕੁਲਜੀਤ ਨਾਗਰਾ ਸੱਦਾ ਪੱਤਰ ਲੈ ਕੇ ਗਏ ਸਨ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ। ਇਸ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਨਵਜੋਤ ਸਿੱਧੂ ਲਗਭਗ 60-65 ਵਿਧਾਇਕਾਂ ਸਣੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣ ਲਈ ਪੰਜਾਬ ਭਵਨ ਵਿਖੇ ਆਉਣਗੇ, ਜਿੱਥੇ ਇਨ੍ਹਾਂ ਦੋ ਗਿੱਲੇ ਸ਼ਿਕਵੇ ਦੂਰ ਕਰਨ ਤੋਂ ਬਾਅਦ ਪੰਜਾਬ ਭਵਨ ਤੋਂ ਕਾਫ਼ਲਾ ਰਵਾਨਾ ਹੋਏਗਾ ਅਤੇ ਨਵਜੋਤ ਸਿੱਧੂ ਤੇ ਅਮਰਿੰਦਰ ਸਿੰਘ ਇਕੋ ਹੀ ਗੱਡੀ ਵਿੱਚ ਸਵਾਰ ਹੋ ਕੇ ਕਾਂਗਰਸ ਭਵਨ ਵਿਖੇ ਪੁੱਜਣਗੇ।

ਅਮਰਿੰਦਰ ਸਿੰਘ ਵੱਲੋਂ ਸਹੁੰ ਚੁੱਕ ਸਮਾਗਮ ਵਿੱਚ ਆਉਣ ਲਈ ਹਾਮੀ ਭਰਨ ਨਾਲ ਪੰਜਾਬ ਕਾਂਗਰਸ ਵਿੱਚ ਪੈਦਾ ਹੋਇਆ ਵੱਡਾ ਸੰਕਟ ਟਲ ਗਿਆ ਹੈ, ਕਿਉਂਕਿ ਜੇਕਰ ਅਮਰਿੰਦਰ ਸਿੰਘ ਇਸ ਸਹੁੰ ਚੁੱਕ ਸਮਾਗਮ ਵਿੱਚ ਨਾ ਪੁੱਜਦੇ ਤਾਂ ਪੰਜਾਬ ਵਿੱਚ ਇਸ ਦਾ ਕਾਫ਼ੀ ਜਿਆਦਾ ਗਲਤ ਸੁਨੇਹਾ ਜਾਣਾ ਸੀ, ਜਿਸ ਨਾਲ ਕਾਂਗਰਸ ਪਾਰਟੀ ਨੂੰ ਨੁਕਸਾਨ ਹੋ ਸਕਦਾ ਸੀ ਪਰ ਇਹ ਸੰਕਟ ਹੁਣ ਟਲ ਗਿਆ ਹੈ। ਨਵਜੋਤ ਸਿੱਧੂ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਵੱਲੋਂ ਅਮਰਿੰਦਰ ਸਿੰਘ ਦੇ ਨਾਅ ’ਤੇ ਇੱਕ ਸੱਦਾ ਪੱਤਰ ਲਿਖਿਆ ਗਿਆ ਸੀ ਕਿ ਉਹ ਇਸ ਸਹੂੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਅਤੇ ਇਸ ਸੱਦੇ ਪੱਤਰ ਇਨਾਂ ਪ੍ਰਧਾਨਾਂ ਤੋਂ ਇਲਾਵਾ 55 ਦੇ ਕਰੀਬ ਵਿਧਾਇਕਾਂ ਨੇ ਵੀ ਦਸਤਖ਼ਤ ਕੀਤੇ ਸਨ।

ਇਸ ਸੱਦਾ ਪੱਤਰ ਨੂੰ ਲੈ ਕੇ ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਚੀਆ ਅਤੇ ਕੁਲਜੀਤ ਨਾਗਰਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਊਸ ’ਤੇ ਲੈ ਕੇ ਪੁੱਜੇ ਸਨ। ਸੱਦਾ ਪੱਤਰ ਨੂੰ ਦੇਣ ਤੋਂ ਬਾਅਦ ਕੁਲਜੀਤ ਨਾਗਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਮਰਿੰਦਰ ਸਿੰਘ ਵੱਲੋਂ ਇਹ ਸੱਦਾ ਕਬੂਲ ਕਰ ਲਿਆ ਗਿਆ ਹੈ। ਮੁੱਖ ਮੰਤਰੀ ਇਸ ਸਹੂੰ ਚੁੱਕ ਸਮਾਗਮ ਵਿੱਚ ਪੁੱਜ ਰਹੇ ਹਨ। ਇੱਥੇ ਹੀ ਸੰਗਤ ਸਿੰਘ ਗਿਲਚੀਆ ਨੇ ਦੱਸਿਆ ਕਿ ਇਸ ਸਹੂੰ ਚੁੱਕ ਸਮਾਗਮ ਤੋਂ ਪਹਿਲਾਂ ਸਾਰੇ ਵਿਧਾਇਕਾਂ ਅਤੇ ਮੰਤਰੀ ਪੰਜਾਬ ਭਵਨ ਵਿਖੇ ਇਕੱਠੇ ਹੋਣਗੇ ਅਤੇ ਅਮਰਿੰਦਰ ਸਿੰਘ ਨਾਲ ਇਥੇ ਹੀ ਸਾਰੀਆਂ ਦੀ ਮੁਲਾਕਾਤ ਹੋਵੇਗੀ, ਜਿੱਥੇ ਕਿ ਚਾਹ ਨਾਸ਼ਤਾ ਕਰਨ ਤੋਂ ਬਾਅਦ ਨਵਜੋਤ ਸਿੱਧੂ ਅਤੇ ਅਮਰਿੰਦਰ ਸਿੰਘ ਇਕੱਠੇ ਹੀ ਕਾਂਗਰਸ ਭਵਨ ਲਈ ਰਵਾਨਾ ਹੋਣਗੇ।

ਕਾਂਗਰਸ ਭਵਨ ਵਿਖੇ ਤਿਆਰੀਆਂ ਮੁਕੰਮਲ, ਪ੍ਰਧਾਨਾਂ ਨੂੰ ਅਲਾਟ ਹੋਏ ਦਫ਼ਤਰ

ਪੰਜਾਬ ਕਾਂਗਰਸ ਭਵਨ ਵਿਖੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਨੂੰ ਮੁਕੰਮਲ ਕਰ ਲਿਆ ਗਿਆ ਹੈ। ਸਹੁੰ ਚੁੱਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਉਣਗੇ ਅਤੇ ਸਮਾਗਮ ਦੀ ਸਮਾਪਤੀ ਤੋਂ ਬਾਅਦ ਇਹ ਪ੍ਰਧਾਨ ਆਪਣੇ ਆਪਣੇ ਦਫ਼ਤਰ ਨੂੰ ਸੰਭਾਲਣਗੇ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੱਧੂ ਨੂੰ ਮੁੱਖ ਦਫ਼ਤਰ ਮਿਲਣ ਤੋਂ ਬਾਅਦ 2 ਹੋਰ ਦਫ਼ਤਰ ਤਿਆਰ ਕੀਤੇ ਗਏ ਹਨ। ਜਿਸ ਅਨੁਸਾਰ ਇੱਕ ਦਫ਼ਤਰ ਵਿੱਚ 2-2 ਕਾਰਜਕਾਰੀ ਪ੍ਰਧਾਨ ਬੈਠਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ