ਸਿਆਸੀ ਸਕੱਤਰਾਂ ਨੂੰ ਮਕਾਨ ਭੱਤਾ ਦੇਣ ਦੀ ਤਿਆਰੀ ‘ਚ ਸਰਕਾਰ, ਫਾਈਲ ਹੋਈ ਤਿਆਰ
ਹਰ ਮਹੀਨੇ ਮਿਲੇਗਾ 25 ਹਜ਼ਾਰ ਰੁਪਏ ਭੱਤਾ, ਜ਼ਿਆਦਾਤਰ ਨਹੀਂ ਲੈਣਗੇ ਸਰਕਾਰੀ ਮਕਾਨ
ਤਾਇਨਾਤੀ ਦੇ ਸਮੇਂ ਤੋਂ ਲਾਗੂ ਹੋਣਗੇ ਆਦੇਸ਼
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਜਲਦ ਹੀ ਮਾਲਾਮਾਲ ਹੋਣ ਜਾ ਰਹੇ ਹਨ, ਕਿਉਂਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਮਕਾਨ ਭੱਤਾ ਦੇਣ ਜਾ ਰਹੀ ਹੈ, ਜਿਹੜਾ ਕਿ ਹੁਣ ਤੱਕ ਉਨ੍ਹਾਂ ਨੂੰ ਨਹੀਂ ਦਿੱਤਾ ਜਾ ਰਿਹਾ ਸੀ। ਸਰਕਾਰ ਵੱਲੋਂ ਤਿਆਰ ਕੀਤੇ ਜਾ ਰਹੇ ਨਵੇਂ ਸਿਆਸੀ ਸਕੱਤਰ ਨੂੰ 25 ਹਜ਼ਾਰ ਰੁਪਏ ਮਹੀਨਾ ਭੱਤਾ ਮਿਲੇਗਾ। ਇਹ ਫੈਸਲਾ ਤਾਇਨਾਤੀ ਆਦੇਸ਼ ਜਾਰੀ ਹੋਣ ਦੇ ਸਮੇਂ ਤੋਂ ਲਾਗੂ ਹੋਵੇਗਾ, ਜਿਸ ਨਾਲ ਹਰ ਸਿਆਸੀ ਸਕੱਤਰ ਨੂੰ ਪਿਛਲੇ 17-18 ਮਹੀਨੇ ਦਾ 4 ਲੱਖ 50 ਹਜ਼ਾਰ ਦੇ ਲਗਭਗ ਬਕਾਇਆ ਵੀ ਜਾਰੀ ਕੀਤਾ ਜਾਏਗਾ, ਜਿਸ ਨਾਲ ਹਰ ਸਿਆਸੀ ਸਕੱਤਰ ਦੀ ਜੇਬ ਨੋਟਾਂ ਨਾਲ ਹੀ ਭਰ ਜਾਏਗੀ।
ਇਸ ਸਬੰਧੀ ਫੈਸਲਾ ਅਗਾਮੀ ਸਮੇਂ ਵਿੱਚ ਆਉਣ ਵਾਲੀ ਕਿਸੇ ਵੀ ਕੈਬਨਿਟ ਮੀਟਿੰਗ ਵਿੱਚ ਲਿਆ ਜਾ ਸਕਦਾ ਹੈ ਅਤੇ ਇਸ ਮਾਮਲੇ ਵਿੱਚ ਫਾਈਲ ਨੂੰ ਪਾਸ ਕਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਲਾਹਕਾਰਾਂ ਅਤੇ ਓ.ਐਸ.ਡੀਜ ਦੀ ਲੰਬੀ ਕਤਾਰ ਵਿੱਚ 4 ਇਹੋ ਜਿਹੇ ਸਿਆਸੀ ਸਕੱਤਰ ਵੀ ਸ਼ਾਮਲ ਹਨ, ਜਿਹੜੇ ਕਿ ਅਮਰਿੰਦਰ ਸਿੰਘ ਲਈ ਸਿਆਸਤ ਦਾ ਕੰਮ ਦੇਖਦੇ ਹਨ।
ਇਨ੍ਹਾਂ ਵਿੱਚ ਕੈਪਟਨ ਸੰਦੀਪ ਸੰਧੂ ਸਿਆਸੀ ਲੀਡਰਾਂ ਦਾ ਮੁੱਖ ਮੰਤਰੀ ਦਫ਼ਤਰ ਵਿੱਚ ਕੰਮ ਸੰਭਾਲਦੇ ਹਨ ਤਾਂ ਕਰਨਪਾਲ ਸੇਖੋਂ ਅਤੇ ਮੇਜਰ ਅਮਰਦੀਪ ਸਿੰਘ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਰਹਿੰਦੇ ਹੋਏ ਸਾਰਾ ਕੰਮਕਾਜ ਦੇਖਦੇ ਹਨ। ਇੱਥੇ ਹੀ ਵਿਮਲ ਸੁੰਬਲੀ ਸਿਵਲ ਸਕੱਤਰੇਤ ਵਿਖੇ ਬੈਠਦੇ ਹੋਏ ਮੀਡੀਆ ਨੂੰ ਬਤੌਰ ਸਕੱਤਰ ਪ੍ਰੈਸ ਦੇਖਦੇ ਹਨ। ਇਨ੍ਹਾਂ ਚਾਰੇ ਸਿਆਸੀ ਸਕੱਤਰਾਂ ਨੂੰ ਹੁਣ ਤੱਕ ਚੰਡੀਗੜ ਵਿਖੇ ਕੋਈ ਸਰਕਾਰੀ ਮਕਾਨ ਜਾਂ ਫਿਰ ਮਕਾਨ ਭੱਤਾ ਨਹੀਂ ਦਿੱਤਾ ਜਾ ਰਿਹਾ ਸੀ, ਕਿਉਂਕਿ ਇਨ੍ਹਾਂ ਦੀ ਤੈਨਾਤੀ ਸਮੇਂ ਤਿਆਰ ਕੀਤੇ ਗਏ ਨਿਯਮਾਂ ਅਨੁਸਾਰ ਇਹ ਕੁਝ ਇਨ੍ਹਾਂ ਨੂੰ ਨਹੀਂ ਦਿੱਤਾ ਜਾ ਸਕਦਾ ਸੀ।
ਪਿਛਲੇ ਦਿਨੀਂ ਮੁੱਖ ਮੰਤਰੀ ਦੇ 5 ਓ.ਐਸ.ਡੀ. ਨੂੰ ਸਰਕਾਰੀ ਮਕਾਨ ਦੇਣ ਸਬੰਧੀ ਆਏ ਆਦੇਸ਼ਾਂ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਆਪਣੇ ਚਾਰੇ ਸਿਆਸੀ ਸਕੱਤਰਾਂ ਨੂੰ ਵੀ ਇਸ ਤਰ੍ਹਾਂ ਦਾ ਫਾਇਦਾ ਦੇਣ ਦੇ ਆਦੇਸ਼ ਦਿੱਤੇ ਸਨ, ਜਿਸ ਤੋਂ ਬਾਅਦ ਸਕੱਤਰੇਤ ਪ੍ਰਸ਼ਾਸਨ ਵੱਲੋਂ ਫਾਈਲ ਤਿਆਰ ਕਰਦੇ ਹੋਏ ਨਿਯਮਾਂ ਵਿੱਚ ਸੋਧ ਕਰਨ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਭੇਜ ਦਿੱਤੀ ਗਈ ਹੈ। ਜਿਸ ਨੂੰ ਕੈਬਨਿਟ ਮੀਟਿੰਗ ਵਿੱਚ ਪੇਸ਼ ਕਰਦੇ ਹੋਏ ਪਾਸ ਕੀਤਾ ਜਾਏਗਾ। ਇਸ ਤੋਂ ਬਾਅਦ ਹਰ ਸਿਆਸੀ ਸਕੱਤਰ ਨੂੰ ਤਨਖਾਹ ਦਾ 20 ਫੀਸਦੀ ਯਾਨੀ 25 ਹਜ਼ਾਰ ਰੁਪਏ ਮਕਾਨ ਭੱਤਾ ਮਿਲਣਾ ਸ਼ੁਰੂ ਹੋ ਜਾਏਗਾ, ਇਹ ਆਦੇਸ਼ਾਂ ਇਨ੍ਹਾਂ ਦੀ ਤੈਨਾਤੀ ਸਮੇਂ ਤੋਂ ਲਾਗੂ ਹੋਣਗੇ, ਜਿਸ ਕਾਰਨ ਇਨ੍ਹਾਂ ਹਰੇਕ ਸਿਆਸੀ ਸਕੱਤਰਾਂ ਨੂੰ 4 ਲੱਖ 50 ਹਜ਼ਾਰ ਰੁਪਏ ਪਿਛਲਾ ਬਕਾਇਆ ਜਾਰੀ ਕੀਤਾ ਜਾਏਗਾ।
ਖਜ਼ਾਨਾ ਵਿਭਾਗ ਤਿਆਰ ਨਹੀਂ ਇਜਾਜ਼ਤ ਦੇਣ ਲਈ
ਦੱਸਿਆ ਜਾ ਰਿਹਾ ਹੈ ਕਿ ਸਿਆਸੀ ਸਕੱਤਰਾਂ ਨੂੰ ਮਕਾਨ ਭੱਤਾ ਤਨਖ਼ਾਹ ਦਾ 20 ਫੀਸਦੀ ਦੇਣ ਲਈ ਖਜ਼ਾਨਾ ਵਿਭਾਗ ਤਿਆਰ ਨਹੀਂ ਹੈ, ਕਿਉਂਕਿ ਜਿੱਥੇ ਹਰ ਸਿਆਸੀ ਸਲਾਹਕਾਰ ਨੂੰ 4 ਲੱਖ 50 ਹਜ਼ਾਰ ਰੁਪਏ ਪਿਛਲਾ ਬਕਾਇਆ ਜਾਰੀ ਕਰਨਾ ਪਏਗਾ, ਜਿਸ ਨਾਲ ਲਗਭਗ 18 ਲੱਖ ਰੁਪਏ ਖ਼ਰਚ ਹੋਣਗੇ, ਉਥੇ ਹੀ ਹਰ ਮਹੀਨੇ 1 ਲੱਖ ਰੁਪਏ ਦੀ ਵਾਧੂ ਅਦਾਇਗੀ ਕਰਨੀ ਪਵੇਗੀ। ਜਿਸ ਕਾਰਨ ਖਜ਼ਾਨਾ ਵਿਭਾਗ ਇਸ ਮਾਮਲੇ ਵਿੱਚ ਇਜਾਜ਼ਤ ਦੇਣ ਨੂੰ ਤਿਆਰ ਨਹੀਂ ਹੈ। ਇਸ ਗੱਲ ਨੂੰ ਦੇਖਦੇ ਹੋਏ ਇਹ ਫਾਈਲ ਸਿੱਧਾ ਹੀ ਕੈਬਨਿਟ ਵਿੱਚ ਲਿਆਂਦੀ ਜਾ ਰਹੀ ਹੈ ਜਿੱਥੇ ਕਿ ਸਿੱਧਾ ਹੀ ਪਾਸ ਕਰਦੇ ਹੋਏ ਆਦੇਸ਼ ਜਾਰੀ ਕਰ ਦਿੱਤੇ ਜਾਣਗੇ।
ਸਿਆਸੀ ਸਲਾਹਕਾਰ ਨਹੀਂ ਚਾਹੁੰਦੇ ਸਰਕਾਰੀ ਮਕਾਨ
ਸੂਤਰ ਦੱਸਦੇ ਹਨ ਕਿ ਚਾਰੇ ਸਿਆਸੀ ਸਲਾਹਕਾਰ ਚੰਡੀਗੜ੍ਹ ਵਿਖੇ ਸਰਕਾਰੀ ਮਕਾਨ ਨਹੀਂ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਪਹਿਲਾਂ ਹੀ ਆਮ ਅਤੇ ਰਾਜ ਪ੍ਰਬੰਧ ਵਿਭਾਗ ਨੂੰ ਲਿਖਤੀ ਰੂਪ ਵਿੱਚ ਮਕਾਨ ਭੱਤਾ ਦੇਣ ਲਈ ਲਿਖ ਕੇ ਦਿੱਤਾ ਹੋਇਆ ਹੈ। ਇਸ ਕਾਰਨ ਇਹ ਫਾਈਲ ਪਾਸ ਹੋਣ ਤੋਂ ਤੁਰੰਤ ਬਾਅਦ ਹੀ ਇਨ੍ਹਾਂ ਨੂੰ ਮਕਾਨ ਦਾ ਭੱਤਾ ਦੇਣਾ ਸ਼ੁਰੂ ਕਰ ਦਿੱਤਾ ਜਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।