ਅਮਰਿੰਦਰ ਨੇ ਵਧੀ ਕਮਾਈ ਬਾਰੇ ਦਿੱਤੀ ਸਫ਼ਾਈ

Amarinder, Expresses, Earning

ਕਿਹਾ, ਤਨਖਾਹ, ਹੋਰ ਲਾਭਾਂ ਅਤੇ ਕੁਝ ਜਾਇਦਾਦਾਂ ਦੀ ਵਿੱਕਰੀ ਨਾਲ ਵਧੀ ਆਮਦਨ

ਚੰਡੀਗੜ੍ਹ (ਸੱਚ ਕਹੂੰ ਨਿਊਜ਼) | ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਆਮਦਨ ‘ਚ ਵਾਧੇ ਬਾਰੇ ਬੀਤੇ ਦਿਨ ‘ਸੱਚ ਕਹੂੰ’ ‘ਚ ਛਪੀ ਇੱਕ ਖ਼ਬਰ ਸਬੰਧੀ ਸਪੱਸ਼ਟੀਕਰਨ ਜਾਰੀ ਕੀਤਾ ਗਿਆ ਹੈ ਸਰਕਾਰੀ ਬਿਆਨ ‘ਚ ਦਾਅਵਾ ਕੀਤਾ ਗਿਆ ਹੈ ਮੁੱਖ ਮੰਤਰੀ ਦੀ ਆਮਦਨ ‘ਚ ਵਾਧਾ ਤਨਖਾਹ ਕੁਝ ਲਾਭਾਂ ਤੇ ਜਾਇਦਾਦ ਵੇਚਣ ਨਾਲ ਹੋਇਆ ਹੈ, ਜਿਸ ਦਾ ਹਲਫੀਆ ਬਿਆਨ ‘ਚ ਜਿਕਰ ਸੰਭਵ ਨਹੀਂ ਸੀ
ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਆਮਦਨ ਵਿੱਚ ਸੱਤ ਗੁਣਾ ਵਾਧਾ ਉਨ੍ਹਾਂ ਦੀ ਤਨਖਾਹ, ਤਨਖਾਹ ਤੋਂ ਇਲਾਵਾ ਹੋਰ ਲਾਭਾਂ ਅਤੇ ਕੁਝ ਜਾਇਦਾਦਾਂ ਦੀ ਵਿਕਰੀ ਕਾਰਨ ਹੋਇਆ ਹੈ। ਮੁੱਖ ਮੰਤਰੀ ਦੀ ਪਤਨੀ ਪਰਨੀਤ ਕੌਰ ਵੱਲੋਂ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਨ ਮੌਕੇ ਪੇਸ਼ ਕੀਤੇ ਫਾਰਮ 26 ਹਲਫੀਆ ਬਿਆਨ ਵਿੱਚ ਇਸ ਸਬੰਧੀ ਜ਼ਿਕਰ ਕਰਨ ਦੀ ਕੋਈ ਵਿਵਸਥਾ ਨਹੀਂ ਹੈ।

ਇਕ ਬੁਲਾਰੇ ਨੇ ਇਸ ਸਬੰਧੀ ਸਪਸ਼ਟ ਕਰਦੇ ਹੋਏ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਾਲ 2016-17 ਵਿੱਚ ਵਿਅਕਤੀਗਤ ਆਮਦਨ 12.14 ਲੱਖ ਸੀ। ਉਨ੍ਹਾਂ ਦੀ ਐਚ.ਯੂ.ਐਫ. ਆਮਦਨ ਕੋਈ ਵੀ ਨਹੀਂ ਸੀ। ਸਾਲ 2017-18 ਦੇ ਵਿੱਤੀ ਸਾਲ ਦੇ ਅੰਤ ਤੱਕ ਮੁੱਖ ਮੰਤਰੀ ਨੂੰ ਤਨਖਾਹ ਅਤੇ ਆਪਣੇ ਅਹੁਦੇ ਕਾਰਨ ਹੋਰ ਲਾਭਾਂ ਤੋਂ 81.43 ਲੱਖ ਆਮਦਨ ਹੋਈ, ਜਿਸ ਦੇ ਵਿੱਚ 72 ਲੱਖ ਦੀ ਸਾਲਾਨਾ ਤਨਖਾਹ ਅਤੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦਾ ਵਿਆਜ ਸ਼ਾਮਲ ਹੈ, ਜਿਸ ਨੂੰ ਉਨ੍ਹਾਂ ਦੀ ਆਮਦਨ ਟੈਕਸ ਦੀ ਰਿਟਰਨ ਵਿੱਚ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਉਨਾਂ ਨੂੰ 9.72 ਲੱਖ ਦੀ ਹੋਰ ਆਮਦਨ ਹੋਈ ਹੈ ਜੋ ਸਾਲ 2017-18 ਦੌਰਾਨ ਕਰਤਾ ਆਫ ਹਿੰਦੂ ਅਨਡਿਵਾਇਡਡ ਫੈਮਲੀ (ਐਚ.ਯੂ.ਐਫ.) ਵਜੋਂ ਹੋਈ ਹੈ। ਇਹ ਜਾਇਦਾਦ ਦੀ ਵਿਕਰੀ ਰਾਹੀਂ ਪੂੰਜੀ ਲਾਭ ਦੇ ਅੰਤਰ ਵਜੋਂ ਹੋਈ ਹੈ।
ਜਿੱਥੋਂ ਤੱਕ ਸੰਪਤੀ ਦੀ ਕੀਮਤ ਵਿੱਚ ਵਾਧੇ ਦਾ ਸਵਾਲ ਹੈ ਇਹ 48.29 ਕਰੋੜ ਤੋਂ ਵੱਧ ਕੇ 58.40 ਕਰੋੜ ਰੁਪਏ ਪਿਛਲੇ ਦੋ ਸਾਲਾਂ ਦੌਰਾਨ ਹੋਈ ਹੈ। ਬੁਲਾਰੇ ਨੇ ਦੱਸਿਆ ਕਿ ਇਹ ਵਾਧਾ ਕੁਝ ਜਾਇਦਾਦਾਂ/ਜ਼ਮੀਨ ਦੀ ਵਿਕਰੀ ਦੇ ਨਤੀਜੇ ਵਜੋਂ ਹੋਇਆ ਹੈ।

ਬੁਲਾਰੇ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ ਦੀ ਵਿਕਰੀ ਦੇ ਵਿਰੁੱਧ ਪੇਸ਼ਗੀ ਰਕਮ ਪ੍ਰਾਪਤ ਕਰਨ ਵਜੋਂ 4 ਕਰੋੜ ਰੁਪਏ, ਪਟਿਆਲਾ ਦੇ ਬਹਾਦਰਗੜ੍ਹ ਪਿੰਡ ਵਿੱਚ ਐਚ.ਯੂ.ਐਫ. ਜ਼ਮੀਨ ਦੀ ਵਿਕਰੀ ਤੋਂ 5 ਕਰੋੜ ਰੁਪਏ, ਮਾਰਜ਼ੀ ਪਿੰਡ ਵਿੱਚ ਜ਼ਮੀਨ ਦੀ ਵਿਕਰੀ ਤੋਂ ਇੱਕ ਕਰੋੜ ਰੁਪਏ ਅਤੇ ਦੁਬਈ ਫਲੈਟ ਦੀ ਵਿਕਰੀ ਤੋਂ 1.25 ਕਰੋੜ ਰੁਪਏ ਪ੍ਰਾਪਤ ਹੋਏ ਹਨ।
ਇਨ੍ਹਾਂ ਵਿਕਰੀਆਂ ਦੇ ਸੰਦਰਭ ਵਿੱਚ ਸਿਸਵਾਂ ਪਿੰਡ ਵਿੱਚ ਜ਼ਮੀਨ ਦੀ ਖਰੀਦ ‘ਤੇ 3.71 ਕਰੋੜ ਰੁਪਏ ਅਤੇ ਇਸ ਜ਼ਮੀਨ ‘ਤੇ ਘਰ ਦੇ ਨਿਰਮਾਣ ਵਾਸਤੇ 4.71 ਕਰੋੜ ਰੁਪਏ ਖਰਚੇ ਹਨ।
ਇਹ ਸਾਰੇ ਵੇਰਵੇ ਮਾਰਚ 2018 ਨੂੰ ਖਤਮ ਹੋਏ ਸਾਲ ਲਈ ਪਹਿਲਾਂ ਦਰਜ ਕੀਤੀ ਗਈ ਆਮਦਨ ਕਰ ਰਿਟਰਨ ਵਿੱਚ ਦਿੱਤੇ ਗਏ ਹਨ। ਇਨ੍ਹਾਂ ਨੂੰ ਫਾਰਮ 26 ਵਿੱਚ ਪਰਨੀਤ ਕੌਰ ਵੱਲੋਂ ਦਰਜ ਹਲਫੀਆ ਬਿਆਨ ਵਿੱਚ ਨਹੀਂ ਦੱਸਿਆ ਗਿਆ। ਹਲਫੀਆ ਬਿਆਨ ਵਿੱਚ ਆਪਣੇ ਪਤੀ ਦੀ ਚੱਲ ਅਤੇ ਅਚੱਲ ਜਾਇਦਾਦ ਦੀ ਕੁੱਲ ਸੰਪਤੀ ਦਾ ਐਲਾਨ ਕਰਨਾ ਹੀ ਜ਼ਰੂਰੀ ਹੈ। ਜਾਇਦਾਦਾਂ ਦੀ ਵਿਕਰੀ ਤੇ ਸੰਪਤੀ ਨੂੰ ਦਰਸਾਉਣ ਵਾਲਾ ਕੋਈ ਕਾਲਮ ਨਹੀਂ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।