ਪਿੰਡਾਂ ’ਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਡਕਾਲਾ, ਜਿੱਥੋਂ ਦੀਆਂ ਗਲੀਆਂ ਨਾਲੀਆਂ ਦਾ ਹਾਲ ਹੈ ਬਹੁਤ ਹੀ ਮਾੜਾ

Village Dakala

ਡਕਾਲੇ ਦੀਆਂ ਗਲੀਆਂ ’ਚ ਹਰ ਸਮੇਂ ਖੜ੍ਹਾ ਗੰਦਾ ਪਾਣੀ ਪਾਉਂਦੈ ਛੱਪੜ ਦਾ ਭੁਲੇਖਾ

  • ਪਸ਼ੂ ਹਸਪਤਾਲ ਦੇ ਮੇਨ ਗੇਟ ਦੇ ਬਿਲਕੁੱਲ ਨਾਲ ਲੋਕਾਂ ਨੇ ਲਾਇਆ ਕੂੜੇ ਦਾ ਡੰਪ, ਉੱਡ-ਉੱਡ ਪੈਂਦਾ ਹੈ ਰਾਹਗੀਰਾਂ ਦੀਆਂ
    ਅੱਖਾਂ ’ਚ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਡਕਾਲਾ, ਜਿੱਥੋਂ ਦੀਆਂ ਗਲੀਆਂ ਨਾਲੀਆਂ ਦਾ ਹਾਲ ਹੈ ਬਹੁਤ ਹੀ ਮਾੜਾ। ਜੀ ਹਾਂ, ਪਟਿਆਲਾ ਜ਼ਿਲ੍ਹੇ ਦੇ ਹਲਕਾ ਸਮਾਣਾ ’ਚ ਪੈਂਦੇ ਕਸਬਾ ਡਕਾਲਾ ਦੀਆਂ ਗਲੀਆਂ ਨਾਲੀਆਂ ’ਚ ਹਾੜ੍ਹੀ ਸਾਉਣੀ ਗੰਦਾ ਪਾਣੀ ਖੜ੍ਹਾ ਹੀ ਰਹਿੰਦਾ ਹੈ। ਭਾਵੇਂ ਮੀਂਹ ਪਵੇ ਜਾਂ ਨਾ ਪਵੇ, ਪਰ ਗਲੀਆਂ ’ਚ ਗੰਦਾ ਪਾਣੀ ਆਮ ਹੀ ਫੈਲਿਆ ਰਹਿੰਦਾ ਹੈ ਜਿਸ ਕਾਰਨ ਪਿੰਡ ਦੇ ਲੋਕਾਂ ਨੂੰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਪਿੰਡ ਦੇ ਸੀਵਰੇਜ ਸਿਸਟਮ ਦਾ ਐਨਾ ਜਿਆਦਾ ਬੁਰਾ ਹਾਲ ਹੈ ਕਿ ਇਹ ਗੰਦਾ ਪਾਣੀ ਮੇਨ ਹੋਲ ’ਚ ਜਾਣ ਦੀ ਬਿਜਾਏ ਲੋਕਾਂ ਦੇ ਘਰਾਂ ਅੱਗੇ ਛੱਪੜ ਦੇ ਰੂਪ ਵਿੱਚ ਇੱਕਠਾ ਹੋ ਜਾਂਦਾ ਹੈ ਅਤੇ ਲੋਕ ਇਸੇ ਤਰ੍ਹਾਂ ਹੀ ਗੰਦੇ ਪਾਣੀ ਵਿੱਚ ਹੀ ਦਿਨ ਕਟੀਆਂ ਕਰ ਰਹੇ ਹਨ ਅਤੇ ਗੰਦੇ ਪਾਣੀ ਕਾਰਨ ਲੋਕਾਂ ਦਾ ਘਰਾਂ ਵਿੱਚੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। (Village Dakala)

ਦੱਸਣਯੋਗ ਹੈ ਕਸਬਾ ਡਕਾਲਾ ਕਿਸੇ ਸਮੇਂ ਹਲਕਾ ਡਕਾਲਾ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਇਸ ਹਲਕੇ ਨੇ ਅਨੇਕਾਂ ਲੀਡਰ ਪੈਦਾ ਕੀਤੇ ਤੇ ਅਨੇਕਾਂ ਨੂੰ ਮੰਤਰੀ, ਐੱਮਐੱਲਏ, ਚੇਅਰਮੈਨ ਆਦਿ ਬਣਾਇਆ, ਪਰ ਅੱਜ ਪਿੰਡ ਡਕਾਲਾ ਦੇ ਜੋ ਹਾਲ ਹਨ, ਉਸ ਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਕਿਸੇ ਸਮੇਂ ਇਹ ਪਿੰਡ ਹਲਕਾ ਵੀ ਰਿਹਾ ਹੋਵੇਗਾ। ਇਸ ਸਬੰਧੀ ਅੱਜ ਜਦੋਂ ਪਿੰਡ ਦੇ ਅੰਦਰ ਦਾ ਗੇੜਾ ਲਾਇਆ ਗਿਆ ਤਾਂ ਦੇਖਿਆ ਗਿਆ ਕਿ ਇਸ ਪਿੰਡ ਦੀਆਂ ਗਲੀਆਂ ਦਾ ਬਹੁਤ ਬੁਰਾ ਹਾਲ ਹੈ। ਲੋਕਾਂ ਦੇ ਘਰਾਂ ਦਾ ਗੰਦਾ ਪਾਣੀ ਨਾਲੀਆਂ ਵਿੱਚੋਂ ਬਾਹਰ ਗਲੀਆਂ ਵਿੱਚ ਫੈਲ ਚੁੱਕਾ ਹੈ ਅਤੇ ਇਹ ਕਈ-ਕਈ ਮਹੀਨੇ ਇਸੇ ਤਰ੍ਹਾਂ ਹੀ ਗਲੀਆਂ ਦਾ ਸ਼ਿੰਗਾਰ ਬਣਿਆ ਰਹਿੰਦਾ ਹੈ ਜਿਸ ਵਿੱਚੋਂ ਭੈੜੀ ਬਦਬੂ ਮਾਰਦੀ ਰਹਿੰਦੀ ਹੈ ਅਤੇ ਲੋਕਾਂ ਦਾ ਜੀਣਾ ਦੁੁੱਭਰ ਹੋਇਆ ਪਿਆ ਹੈ।

ਪਸ਼ੂ ਹਸਪਤਾਲ ਦਾ ਵੀ ਬੁਰਾ ਹਾਲ (Village Dakala)

ਇਸੇ ਤਰ੍ਹਾਂ ਹੀ ਪਿੰਡ ’ਚ ਬਣੇ ਪਸ਼ੂ ਹਸਪਤਾਲ ਦੀ ਚਾਰਦੀਵਾਰੀ ਦੇ ਬਿਲਕੁੱਲ ਇੱਕ ਕੋਨੇ ’ਤੇ ਲੋਕਾਂ ਨੇ ਕੂੜੇ ਦਾ ਡੰਪ ਬਣਾ ਦਿੱਤਾ ਤੇ ਇਹ ਕੂੜਾ ਹੁਣ ਉੱਡ-ਉੱਡ ਕੇ ਸੜਕ ’ਤੇ ਆਉਣਾ ਸ਼ੁਰੂ ਹੋ ਗਿਆ ਤੇ ਆਉਂਦੇ-ਜਾਂਦੇ ਰਾਹੀਗਰਾਂ ਦੀਆਂ ਅੱਖਾਂ ਵਿੱਚ ਪੈਂਦਾ ਰਹਿੰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਮੁਸੀਬਤਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ। ਇਸ ਮੌਕੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਦੋ ਪੰਚਾਇਤਾਂ ਬਣਦੀਆਂ ਹਨ ਪਰ ਫਿਰ ਵੀ ਪਿੰਡ ਵਿੱਚ ਕੋਈ ਬਹੁਤਾ ਵਿਕਾਸ ਨਹੀਂ ਹੋਇਆ।

ਪਿੰਡ ਦੀ ਫਿਰਨੀ ਵਾਲੀ ਸੜਕ ਵੀ ਖਸਤਾ

ਉਨ੍ਹਾਂ ਕਿਹਾ ਕਿ ਜੇਕਰ ਪਿੰਡ ਦੀ ਫਿਰਨੀ ਵਾਲੀ ਸੜਕ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਵੀ ਬਹੁਤ ਬੁਰਾ ਹਾਲ ਹੈ, ਜੋ ਕਿ ਥਾਂ-ਥਾਂ ਤੋਂ ਟੁੱਟ ਚੁੱਕੀ ਹੈ ਅਤੇ ਪਿੰਡ ਦੇ ਹੀ ਲੋਕਾਂ ਨੇ ਆਪਣੇ-ਆਪਣੇ ਘਰਾਂ ਅੱਗੇ ਰੈਪ ਬਣਾ ਕੇ ਇਸ ਸੜਕ ਦੀ ਹੋਰ ਵੀ ਬੁਰੀ ਹਾਲਤ ਕਰ ਦਿੱਤੀ ਹੈ। ਇਸ ਸਬੰਧੀ ਪਿੰਡ ਦੀਆਂ ਕੁੱਝ ਹੋਰ ਔਰਤਾਂ ਤੇ ਮਰਦਾਂ ਨੇ ਗੱਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਸ ਗੰਦੇ ਪਾਣੀ ਕਾਰਨ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੁਨ੍ਹਾਂ ਕਿਹਾ ਕਿ ਜਦੋਂ ਮੀਂਹ ਆਉਂਦਾ ਹੈ ਤਾਂ ਉਸ ਸਮੇਂ ਤਾਂ ਬਹੁਤ ਬੁਰਾ ਹਾਲ ਹੋ ਜਾਂਦਾ ਹੈ। ਮੀਂਹ ਦਾ ਗੰਦਾ ਪਾਣੀ ਘਰ ਵਿੱਚ ਵੀ ਵੜ ਜਾਂਦਾ ਹੈ। ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਆਪ ਸਰਕਾਰ ਤੋਂ ਬਹੁਤ ਉਮੀਦਾਂ ਹਨ।

ਦੁਪਿਹਰ ਤੋਂ ਬਾਅਦ ਤਾਂ ਗਲੀਆਂ ਛੱਪੜ ਬਣ ਜਾਂਦੀਆਂ ਨੇ

Village Dakala

ਅੱਜ ਜਦੋਂ ਸਵੇਰੇ ਇਸ ਮਸਲੇ ਦੀ ਕਵਰੇਜ ਕੀਤੀ ਜਾ ਰਹੀ ਸੀ ਤਾਂ ਇੱਕ ਲੜਕੀ ਜੋ ਕਿ ਸਵੇਰ ਵੇਲੇ ਸੈਰ ਕਰ ਰਹੀ ਸੀ ਨੇ ਕੋਲ ਆ ਕੇ ਕਿਹਾ ਕਿ ਸਰ ਤੁਸੀਂ ਥੋੜ੍ਹਾ ਜਲਦੀ ਸਾਡੇ ਪਿੰਡ ਕਵਰੇਜ ਕਰਨ ਆ ਗਏ ਹੋ, ਜੇਕਰ ਦੁਪਿਹਰ ਸਮੇਂ ਆਉਂਦੇ ਤਾਂ ਦੇਖਦੇ ਇਹ ਗੰਦਾ ਪਾਣੀ ਜੋ ਕੁੱਝ ਥਾਂਵਾਂ ’ਤੇ ਫੈਲਿਆ ਹੋਇਆ ਹੈ, ਇਹ ਸਾਰੀਆਂ ਗਲੀਆਂ ’ਚ ਫੈਲ ਜਾਂਦਾ ਤੇ ਇੰਝ ਲੱਗਦਾ ਜਿਵੇਂ ਕਿ ਇਹ ਗਲੀਆਂ ਕੋਈ ਛੱਪੜ ਹੋਣ।
ਲੋਕ ਘਰ ਦੀ ਤਰ੍ਹਾਂ ਪਿੰਡ ਦੀ ਸਫਾਈ ਦਾ ਧਿਆਨ ਰੱਖਣ ਤਾਂ ਸਮੱਸਿਆ ਆਵੇ ਹੀ ਨਾ

ਇਸ ਸਬੰਧੀ ਸਰਪੰਚ ਬਲਵਿੰਦਰ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਬੇਟੇ ਜਿੰਮੀ ਡਕਾਲਾ ਨਾਲ ਗੱਲ ਹੋਈ ਤੇ ਉਨ੍ਹਾਂ ਕਿਹਾ ਕਿ ਉਹ ਅੱਜ ਹੀ ਸਰਪੰਚ ਸਾਹਿਬ ਨੂੰ ਕਹਿ ਕੇ ਇਸ ਸਮੱਸਿਆ ਦਾ ਹੱਲ ਕਢਵਾਉਣਗੇ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਵੀ ਜਿਸ ਤਰ੍ਹਾਂ ਆਪਣੇ ਘਰ ਦੀ ਸਫਾਈ ਕਰਦੇ ਹਨ, ਉਸੇ ਤਰ੍ਹਾਂ ਇਨ੍ਹਾਂ ਗਲੀਆਂ ਨਾਲੀਆਂ ਦਾ ਵੀ ਧਿਆਨ ਰੱਖਣ ਅਤੇ ਗੋਹਾ ਆਦਿ ਨਾਲੀਆਂ ’ਚ ਨਾ ਵਹਾਉਣ ਤਾਂ ਇਹ ਸਮੱਸਿਆ ਆਵੇ ਹੀ ਨਾ। ਰਹੀ ਗੱਲ ਕੂੜੇ ਦੇ ਡੰਪ ਦੀ ਉਹ ਥਾਂ ਲੋਕਾਂ ਨੂੰ ਸਟੇਡੀਅਮ ਵਾਲੀ ਥਾਂ ਬਦਲੇ ਦਿੱਤੀ ਹੋਈ ਹੈ, ਇਸ ਲਈ ਇਸ ਥਾਂ ’ਤੇ ਲੋਕ ਕੂੜਾ ਸੁੱਟਦੇ ਹਨ।

15 ਇੰਚੀ ਪਾਇਪ ਲਾਇਨ ਤੋਂ ਬਾਅਦ ਹੀ ਹੋਵੇਗਾ ਹੱਲ

ਇਸ ਸਬੰਧੀ ਕਾਂਗਰਸੀ ਆਗੂ ਤੇ ਸਾਬਕਾ ਵਾਈਸ ਚੇਅਰਮੈਨ ਮਾਰਕਿਟ ਕਮੇਟੀ ਡਕਾਲਾ ਡਾ. ਰਾਜ ਕੁਮਾਰ ਨੇ ਕਿਹਾ ਕਿ ਪਿੰਡ ਦੀਆਂ ਗਲੀਆਂ-ਨਾਲੀਆਂ ਵਿੱਚ ਜੋ ਗੰਦਾ ਪਾਣੀ ਖੜ੍ਹਦਾ ਹੈ, ਇਸ ਸਭ ਦਾ ਕਾਰਨ ਪਿੰਡ ਦੀਆਂ ਨਾਲੀਆਂ ਹਨ, ਜਿਹਨਾਂ ਨੂੰ ਬਣਿਆਂ ਬਹੁਤ ਟਾਇਮ ਹੋ ਗਿਆ ਹੈ ਤੇ ਇਹ ਬਿਲਕੁੱਲ ਬੰਦ ਹੋ ਚੁੱਕੀਆਂ ਹਨ ਤੇ ਪਾਣੀ ਅੱਗੇ ਜਾਣ ਦੀ ਬਜਾਏ ਪਿੱਛੇ ਨੂੰ ਹੀ ਆਉਂਦਾ ਹੈ। ਇਸ ਤੋਂ ਇਲਾਵਾ ਸੀਵਰੇਜ ਪਾਇਪ ਲਾਇਨ ਦੀ ਚੌੜਾਈ ਵੀ ਬਹੁਤ ਘੱਟ ਹੈ, ਇਨ੍ਹਾਂ ਪਾਇਪਾਂ ਦੀ ਚੌੜਾਈ ਘੱਟੋ 15-16 ਇੰਚੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ 15 ਇੰਚੀ ਪਾਇਪ ਲਾਇਨ ਨਾਲ ਸਨੌਰ ਦਾ ਪਾਣੀ ਨਦੀ ਵਿੱਚ ਡਿੱਗ ਸਕਦਾ ਹੈ ਤਾਂ ਫਿਰ ਡਕਾਲਾ ਤਾਂ ਉਸ ਤੋਂ ਵੀ ਛੋਟਾ ਹੈ। ਇਸ ਲਈ ਵੱਡੀ ਪਾਇਪ ਲਾਇਨ ਪਾਉਣ ਤੋਂ ਬਾਅਦ ਹੀ ਇਹ ਸਮੱਸਿਆ ਹੱਲ ਹੋ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ