ਸ਼ਾਹ ਸਤਨਾਮ ਜੀ ਬੁਆਇਜ ਸਕੂਲ ਸਰਸਾ ਦੇ ਸੁਪਰ ਸਟੂਡੈਂਟ (ਸਾਬਕਾ ਵਿਦਿਆਰਥੀ) ਵਿਕਾਸ ਪੂਨੀਆ
- ਖਿਡਾਰੀ ਅਤੇ ਨਸ਼ਿਆਂ ਦਾ ਕੋਈ ਮੇਲ ਨਹੀਂ, ਨਸ਼ੇ ਤੋਂ ਦੂਰ ਰਹੋ
ਧਮਤਾਨ ਸਾਹਿਬ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। ਜੀਦ ਜ਼ਿਲ੍ਹੇ ਦੇ ਧਰੌਦੀ ਪਿੰਡ ਦੇ ਵਿਕਾਸ ਪੂਨੀਆ ਪੁੱਤਰ ਰਾਮ ਮਿਹਰ ਪੂਨੀਆ ਨੇ ਆਲ ਇੰਡੀਆ ਯੂਨੀਵਰਸਿਟੀ ਅੰਮਿ੍ਰਤਸਰ ’ਚ ਚੱਲ ਰਹੇ ਮੁਕਾਬਲਿਆਂ ’ਚ ਵਿੱਚ ਗੋਲਡ ਮੈਡਲ ਜਿੱਤ ਕੇ ਪਿੰਡ ਤੇ ਆਪਣੇ ਪਰਿਵਾਰ ਦਾ ਨਾਂਅ ਰੌਸ਼ਨ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ ਵਿਖੇ ਇੰਡੀਆ ਯੂਨੀਵਰਸਿਟੀ ਦੇ ਤਾਇਕਵਾਂਡੋ (University Taekwondo Amritsar) ਮੁਕਾਬਲੇ ਕਰਵਾਏ ਜਾ ਰਹੇ ਹਨ।
ਵਿਕਾਸ ਪੂਨੀਆ ਦੀ ਇਸ ਪ੍ਰਾਪਤੀ ਨੂੰ ਲੈ ਕੇ ਪਰਿਵਾਰ ਅਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਵਿਕਾਸ ਪੂਨੀਆ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ 200 ਯੂਨੀਵਰਸਿਟੀਆਂ ਦੇ 1200 ਖਿਡਾਰੀਆਂ ਨੇ ਭਾਗ ਲਿਆ। 54 ਕਿੱਲੋ ਭਾਰ ਵਰਗ ਵਿੱਚ ਉਸ ਨੇ ਵੱਖ-ਵੱਖ ਯੂਨੀਵਰਸਿਟੀਆਂ ਵਿੱਚੋਂ ਕੁੱਲ 8 ਮੈਚ ਖੇਡ ਕੇ ਸੋਨ ਤਮਗਾ ਜਿੱਤਿਆ ਹੈ। ਵਿਕਾਸ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਫਰਵਰੀ ’ਚ ਈਰਾਨ ’ਚ ਹੋਣ ਵਾਲੀਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਲਈ ਉਸ ਦੀ ਚੋਣ ਹੋਈ ਹੈ।
ਸ਼ਾਹ ਸਤਨਾਮ ਜੀ ਬੁਆਇਜ ਸਕੂਲ ਦਾ ਸਾਬਕਾ ਵਿਦਿਆਰਥੀ ਹੈ ਵਿਕਾਸ
ਵਿਕਾਸ ਨੇ ਦੱਸਿਆ ਕਿ ਮੈਂ ਸ਼ਾਹ ਸਤਿਨਾਮ ਜੀ ਬੁਆਇਜ ਸਕੂਲ ਸਰਸਾ ’ਚ ਸੱਤਵੀਂ ਤੋਂ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੈ। ਇੱਥੇ ਆਉਣ ਤੋਂ ਬਾਅਦ ਮੈਂ ਇਹ ਖੇਡ ਸ਼ੁਰੂ ਕੀਤੀ ਸੀ। ਪਿੰਡ ’ਚ ਤਾਂ ਪਹਿਲਾ ਇਸ ਖੇਡ ਬਾਰੇ ਸੁਣਿਆ ਵੀ ਨਹੀਂ ਸੀ। ਉੱਥੇ ਸਕੂਲ ਵੱਲੋਂ ਖੇਡਦੇ ਹੋਏ ਮੈਂ ਸਟੇਟ ’ਚ ਬੌਂਜ਼, ਸਿਲਵਰ ਮੈਡਲ ਹਾਸਲ ਕੀਤੇ ਹਨ।
ਨਸ਼ਿਆਂ ਤੋਂ ਦੂਰ ਰਹਿਣ ਖਿਡਾਰੀ (University Taekwondo Amritsar)
ਵਿਕਾਸ ਪੂਨੀਆ ਨੇ ਦੱਸਿਆ ਕਿ ਇੱਕ ਖਿਡਾਰੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਜੇਕਰ ਕੋਈ ਖਿਡਾਰੀ ਕਿਸੇ ਵੀ ਗੇਮ ’ਚ ਲੰਮਾ ਜਾਣਾ ਚਾਹੰੁਦਾ ਹੈ ਤਾਂ ਉਸ ਲਈ ਬਹੁਤ ਜ਼ਰੂਰੀ ਹੈ, ਉਹ ਸਹੀ ਖੁਰਾਕ ਦੇ ਨਾਲ ਨਾਲ ਨਸ਼ਿਆਂ ਤੋਂ ਪਰਹੇਜ ਰੱਖੇ। ਵਿਕਾਸ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਜੇਕਰ ਸਾਨੂੰ ਖੇਡਾਂ ’ਚ ਕੋਈ ਮੁਕਾਮ ਹਾਸਲ ਕਰਨਾ ਹੈ ਤਾਂ ਸਾਨੂੰ ਨਸ਼ੇ ਦਾ ਤਿਆਗ ਕਰਕੇ ਪੂਰੀ ਲਗਨ ਨਾਲ ਮਿਹਨਤ ਕਰਨੀ ਚਾਹੀਦੀ ਹੈ ਤਾਂ ਅਸੀਂ ਕਾਮਯਾਬ ਹੋ ਸਕਦੇ ਹਾਂ।
ਕੌਮਾਂਤਰੀ ਪੱਧਰ ਤੱਕ ਜਾਣ ਦਾ ਟੀਚਾ
ਵਿਕਾਸ ਪੂਨੀਆ ਨੇ ਦੱਸਿਆ ਕਿ ਉਹ ਹੁਣ ਤੱਕ ਜ਼ਿਲ੍ਹਾ ਪੱਧਰ, ਸਟੇਟ ਪੱਧਰ, ਰਾਸ਼ਟਰੀ ਪੱਧਰ ’ਤੇ ਬ੍ਰੌਂਜ, ਸਿਲਵਰ, ਗੋਲਡ ਮੈਡਲ ਜਿੱਤ ਚੁੱਕੇ ਹਨ, ਹੁਦ ਉਨ੍ਹਾਂ ਦਾ ਟੀਚਾ ਅੰਤਰਰਾਸ਼ਟਰੀ ਪੱਧਰ ਤੱਕ ਪਹੰੁਚ ਕੇ ਗੋਲਡ ਮੈਡਲ ਜਿੱਤ ਤੇ ਆਪਣੇ ਪਿੰਡ, ਸੂਬੇ ਤੇ ਦੇਸ਼ ਦਾ ਨਾਂਅ ਰੌਸ਼ਨ ਕਰਨਾ ਹੈ। ਇਸ ਲਈ ਪੂਰੀ ਮਿਹਨਤ ਤੇ ਲਗਨ ਨਾਲ ਲੱਗੇ ਹੋਏ ਹਨ।