ਖੇਤੀ ਸੰਕਟ ਬਨਾਮ ਗਿਆਨ-ਵਿਗਿਆਨ

Agriculture

ਭਾਵੇਂ ਪੰਜਾਬ, ਹਰਿਆਣਾ ਸਮੇਤ ਦੇਸ਼ ਦੇ ਹੋਰ ਸੂਬਿਆਂ ਦੇ ਕਿਸਾਨ ਖੇਤੀ ਦੇ ਸੰਕਟ ’ਚ ਘਿਰੀ ਹੋਣ ਦਾ ਗਿਲਾ ਕਰਦੇ ਹਨ ਪਰ ਇਸ ਸੰਕਟ ’ਚੋਂ ਨਿੱਕਲਣ ਲਈ ਕਿਸਾਨ ਆਪਣੇ ਹਿੱਸੇ ਦਾ ਕੰਮ ਕਰਨ ਲਈ ਅਜੇ ਮਨ ਨਹੀਂ ਬਣਾ ਸਕੇ। ਖੇਤੀ ਸੰਕਟ (Agriculture) ਦਾ ਹੱਲ ਸਾਰਿਆਂ ਦੇ ਸਾਂਝੇ ਹੰਭਲੇ ਨਾਲ ਹੋਣਾ ਹੈ। ਭਾਵੇਂ ਇਹ ਵੀ ਤੱਥ ਹਨ ਕਿ ਸਰਕਾਰ ਨੇ ਵੀ ਆਪਣੇ ਹਿੱਸੇ ਦਾ ਅਜੇ ਸਾਰਾ ਕੰਮ ਨਹੀਂ ਕੀਤਾ, ਫ਼ਿਰ ਵੀ ਰਵਾਇਤੀ ਫਸਲੀ ਚੱਕਰ, ਧਰਤੀ ਹੇਠਲੇ ਪਾਣੀ ਦਾ ਸੰਕਟ, ਖਾਦ, ਕੀਟਨਾਸ਼ਕਾਂ ਦੀ ਗੈਰ-ਜ਼ਰੂਰੀ ਵਰਤੋਂ ਸਮੇਤ ਬਹੁਤ ਸਾਰੇ ਮੁੱਦੇ ਹਨ ਜਿਨ੍ਹਾਂ ਦੇ ਹੱਲ ਲਈ ਜਿੱਥੇ ਕਿਸਾਨਾਂ ਦੀ ਦਿਲਚਸਪੀ, ਉਹਨਾਂ ਦਾ ਸਾਥ, ਸਹਿਯੋਗ ਤੇ ਜਾਗਰੂਕਤਾ ਜ਼ਰੂਰੀ ਹੈ।

Agriculture

ਜੇਕਰ ਕਿਸਾਨ ਮੇਲਿਆਂ ਨੂੰ ਵੇਖੀਏ ਤਾਂ ਕਿਸਾਨਾਂ ਦਾ ਬਹੁਤਾ ਜ਼ੋਰ ਵੱਧ ਝਾੜ ਵਾਲੇ ਬੀਜ ਖਰੀਦਣ ’ਤੇ ਹੀ ਹੁੰਦਾ ਹੈ ਜਾਂ ਫ਼ਿਰ ਖਾਦਾਂ ਤੇ ਕੀਨਨਾਸ਼ਕਾਂ ਦੀ ਜਾਣਕਾਰੀ ਤੱਕ ਗੱਲ ਮੁੱਕ ਜਾਂਦੀ ਹੈ। ਖੇਤੀ ਮਾਹਿਰਾਂ ਦੇ ਭਾਸ਼ਣ ਵੇਲੇ ਬਹੁਤੀਆਂ ਕੁਰਸੀਆਂ ਖਾਲੀ ਹੀ ਹੁੰਦੀਆਂ ਹਨ। ਚਰਚਾ ਨਾਲੋਂ ਝਾੜ ’ਤੇ ਜ਼ੋਰ ਜ਼ਿਆਦਾ ਹੈ। ਝਾੜ ਦੇ ਚੱਕਰ ’ਚ ਖਰਚੇ ਵੀ ਵਧਦੇ ਹਨ ਜਦੋਂਕਿ ਚਰਚਾ ’ਚ ਕਈ ਮਸਲਿਆਂ ਦੇ ਹੱਲ ਵੀ ਨਿੱਕਲ ਸਕਦੇ ਹਨ। ਖੇਤੀ ਮਾਹਿਰ ਕਿਸਾਨ ਮੇਲਿਆਂ ’ਚ ਧਰਤੀ ਹੇਠਲੇ ਪਾਣੀ ਦੇ ਸੰਕਟ ਤੋਂ ਬਚਣ ਲਈ ਘੱਟ ਪਾਣੀ ਦੀ ਵਰਤੋਂ ਵਾਲੀਆਂ ਤਕਨੀਕਾਂ ਅਤੇ ਫਸਲਾਂ ਸਬੰਧੀ ਜਾਣਕਾਰੀ ਨਾਲ ਭਰਪੂਰ ਭਾਸ਼ਣ ਤਿਆਰ ਕਰਕੇ ਆਉਂਦੇ ਹਨ। ਇਸੇ ਤਰ੍ਹਾਂ ਖਾਦਾਂ ਤੇ ਕੀਟਨਾਸ਼ਕਾਂ ਦੀ ਘੱਟ ਤੇ ਸੁਚੱਜੀ ਵਰਤੋਂ ਸਬੰਧੀ ਮਾਹਿਰਾਂ ਕੋਲ ਜਾਣਕਾਰੀ ਹੁੰਦੀ ਹੈ।

ਫਸਲਾਂ ਦੇ ਮੰਡੀਕਰਨ ਸਬੰਧੀ ਵੀ ਮਾਹਿਰਾਂ ਕੋਲ ਜਾਣਕਾਰੀ ਹੰੁਦੀ ਹੈ। ਭਾਵੇਂ ਇਹ ਤਰਕ ਵੀ ਵਜ਼ਨਦਾਰ ਹੈ ਕਿ ਮਾਹਿਰਾਂ ਦੇ ਭਾਸ਼ਣ ਜਿਨ੍ਹਾਂ ਦਾ ਇੱਕ ਹਿੱਸਾ ਸਰਕਾਰ ਦੇ ਦਾਅਵੇ ਜਾਂ ਵਾਅਦੇ ਹੀ ਹੁੰਦੇ ਹਨ ਉਹਨਾਂ ’ਤੇ ਕਿਸਾਨਾਂ ਨੂੰ ਭਰੋਸਾ ਨਹੀਂ ਰਿਹਾ। ਇਹ ਵੀ ਹਕੀਕਤ ਹੈ ਕਿ ਨਵੀਆਂ ਫਸਲਾਂ ਦੇ ਮੰਡੀਕਰਨ ਸਬੰਧੀ ਸਰਕਾਰਾਂ ਆਪਣੇ ਵਾਅਦਿਆਂ ’ਤੇ ਪੂਰੀਆਂ ਨਹੀਂ ਉੱਤਰ ਸਕੀਆਂ। ਪਿਛਲੇ ਸਮੇਂ ’ਚ ਮੱਕੀ ਦੀ ਫਸਲ ਵੀ ਮੰਡੀਆਂ ’ਚ ਰੁਲਦੀ ਰਹੀ ਹੈ। ਇਸੇ ਤਰ੍ਹਾਂ ਕੰਟਰੈਕਟ ਫਾਰਮਿੰਗ ਦੇ ਵੀ ਕੋਈ ਚੰਗੇ ਨਤੀਜੇ ਨਹੀਂ ਆਏ।

ਖੇਤੀ ਸੰਕਟ ਬਨਾਮ ਗਿਆਨ-ਵਿਗਿਆਨ | Agriculture

ਫਿਰ ਵੀ ਕਿਸਾਨਾਂ ਨੂੰ ਨਵੀਂ ਤੇ ਵਿਗਿਆਨਕ ਜਾਣਕਾਰੀ ਦੀ ਜ਼ਰੂਰਤ ਹੈ ਕਿਉਂਕਿ ਲਗਭਗ ਹਰ ਸਾਲ ਹੀ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਝਾੜ ਲਈ ਖਾਦਾਂ ਦੀ ਵਰਤੋਂ ਵੇਲੇ ਹਦਾਇਤਾਂ ਦੀ ਅਣਦੇਖੀ ਕੀਤੀ ਜਾਂਦੀ ਹੈ। ਫਸਲ ਦੀਆਂ ਬਿਮਾਰੀਆਂ ਸਬੰਧੀ ਕੀਟਨਾਸ਼ਕਾਂ ਦੀ ਆਪਣੀ ਮਹੱਤਤਾ ਹੈ, ਪਰ ਜਾਣਕਾਰੀ ਦਾ ਮਹੱਤਵ ਆਪਣਾ ਹੈ। ਕਈ ਵਾਰ ਸਹੀ ਜਾਣਕਾਰੀ ਨਾ ਹੋਣ ਕਾਰਨ ਕੀਟਨਾਸ਼ਕ ਦੀ ਵਰਤੋਂ ਵੀ ਬੇਕਾਰ ਜਾਂ ਨੁਕਸਾਨਦਾਇਕ ਸਾਬਤ ਹੁੰਦੀ ਹੈ। ਇਸੇ ਤਰ੍ਹਾਂ ਜੇਕਰ ਪਾਣੀ ਦਾ ਸੰਕਟ ਟਲ਼ੇਗਾ ਤਾਂ ਇਸ ਦਾ ਫਾਇਦਾ ਕਿਸਾਨ ਨੂੰ ਹੀ ਹੋਣਾ ਹੈ। ਹਾਲਾਤ ਭਾਵੇਂ ਕਿਸੇ ਵੀ ਤਰ੍ਹਾਂ ਦੇ ਹੋਣ ਕਿਸਾਨਾਂ ਨੂੰ ਚਰਚਾ ਵਾਲੀ ਖਿੜਕੀ ਤਾਂ ਖੁੱਲ੍ਹੀ ਹੀ ਰੱਖਣੀ ਪੈਣੀ ਹੈ।

ਜਾਗਰੂਕਤਾ ਤੋਂ ਬਿਨਾਂ ਕਾਮਯਾਬੀ ਹਾਸਲ ਨਹੀਂ ਹੋ ਸਕਦੀ। ਉਂਜ ਵੀ ਇਹ ਤਾਲਮੇਲ ਦਾ ਵਿਸ਼ਾ ਹੈ। ਖੇਤੀ ਮਾਹਿਰਾਂ ਨੂੰ ਕਿਸਾਨਾਂ ਤੋਂ ਖੇਤੀ ਹਾਲਾਤਾਂ ਬਾਰੇ ਜਾਣਕਾਰੀ ਮਿਲਦੀ ਹੈ ਜੋ ਅੱਗੇ ਚੱਲ ਕੇ ਖੇਤੀ ਖੋਜ ਦਾ ਅਧਾਰ ਬਣਦੀ ਹੈ। ਇੱਕਤਰਫ਼ਾ ਤੇ ਆਪੋ-ਆਪਣੇ ਰਸਤੇ ਤੁਰਨ ਨਾਲ ਖੇਤੀ ਮਸਲੇ ਦਾ ਹੱਲ ਨਹੀਂ ਨਿੱਕਲ ਸਕਦਾ। ਚਰਚਾ, ਮੰਥਨ, ਤਜ਼ਰਬਾ ਹਿੰਮਤ ਤੇ ਟੀਚਾ ਜਿਹੇ ਸੰਕਲਪਾਂ ਨਾਲ ਹੀ ਕਿਸੇ ਮਸਲੇ ਨੂੰ ਨਜਿੱਠਿਆ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ