ਵਿਆਹੁਤਾ ਨੇ ਸਹੁਰਾ ਪਰਿਵਾਰ ਤੇ ਦਾਜ ‘ਚ ਕਾਰ ਤੇ ਦਸ ਲੱਖ ਰੁਪਏ ਦੀ ਮੰਗ ਕਰਨ ਅਤੇ ਗਲ ਘੁਟਣ ਦੇ ਲਗਾਏ ਦੋਸ਼

ਬਰਨਾਲਾ ਪੁਲਿਸ ਵੱਲੋਂ ਪੀੜਤਾ ਦੇ ਬਿਆਨਾਂ ‘ਤੇ ਮਾਮਲਾ ਦਰਜ

ਬਰਨਾਲਾ, (ਜਸਵੀਰ ਸਿੰਘ ਗਹਿਲ) ਬਰਨਾਲਾ ਵਾਸੀ ਇੱਕ ਵਿਆਹੁਤਾ ਨੇ ਆਪਣੇ ਐਸ.ਏ.ਐਸ.ਨਗਰ ਮੁਹਾਲੀ ਵਾਸੀ ਸਹੁਰਾ ਪਰਿਵਾਰ ‘ਤੇ ਦਾਜ ‘ਚ ਕਾਰ ਲਿਆਉਣ ‘ਤੇ ਦਸ ਲੱਖ ਰੁਪਏ ਦੀ ਮੰਗ ਕਰਨ ਸਮੇਤ ਓਸਦਾ ਗਲ ਘੁੱਟਣ ਦੇ ਦੋਸ਼ ਲਗਾਏ ਹਨ। ਜਿਸ ਸਬੰਧੀ ਦੇਰ ਸ਼ਾਮ ਬਰਨਾਲਾ ਪੁਲਿਸ ਵੱਲੋਂ ਓਸਦੇ ਪਤੀ, ਸੱਸ ਤੇ ਸਹੁਰਾ ਖਿਲਾਫ ਮਾਮਲਾ ਦਰਜ ਕੀਤਾ ਹੈ। ਸਥਾਨਕ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਨਿਸ਼ੂ ਨਿਵਾਸੀ ਕੱਚਾ ਕਾਲਜ ਰੋਡ ਬਰਨਾਲਾ ਨੇ ਦੋਸ਼ ਲਾਇਆ ਕਿ ਉਸ ਦਾ ਵਿਆਹ ਦੀਪਕ ਗੁਪਤਾ ਨਿਵਾਸੀ ਐਸ.ਏ.ਐਸ.ਨਗਰ ਮੁਹਾਲੀ ਨਾਲ 8 ਜੂਨ, 2019 ਨੂੰ ਹੋਇਆ ਸੀ।

ਉਸ ਦੇ ਮਾਪਿਆਂ ਨੇ ਵਿਆਹ ਵਿਚ 37 ਤੋਲਾ ਸੋਨੇ ਦੇ ਗਹਿਣਿਆਂ ਅਤੇ ਹੋਰ ਇਸਤਰੀ ਧਨ ਦਿੱਤਾ ਸੀ। ਪਰ ਕੁਝ ਸਮੇਂ ਬਾਅਦ ਉਸਦੇ ਸਹੁਰੇ ਪਰਿਵਾਰ ਨੇ ਕਾਰ ਅਤੇ ਦਸ ਲੱਖ ਰੁਪਏ ਹੋਰ ਲਿਆਉਣ ਦੀ ਕਥਿਤ ਮੰਗ ਕਰਦਿਆਂ ਉਸ ਨਾਲ ਕਥਿਤ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਪਰ ਉਹ ਚੁੱਪ ਰਹੀ।

ਇਸ ਪਿੱਛੋਂ 26 ਜੂਨ ਦੀ ਰਾਤ ਨੂੰ ਉਸ ਦੇ ਪਤੀ ਦੀਪਕ ਗੁਪਤਾ, ਸੱਸ ਨੀਲਮ ਗੁਪਤਾ ਅਤੇ ਸਹੁਰਾ ਅਸ਼ੋਕ ਗੁਪਤਾ ਨੇ ਉਸ ਦਾ ਗਲਾ ਘੁੱਟਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਸਨੇ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਧੱਕਾ ਦਿੱਤਾ ਅਤੇ ਟੈਕਸੀ ਰਾਹੀਂ ਬਰਨਾਲਾ ਸਥਿਤ ਆਪਣੇ ਪੇਕੇ ਘਰ ਪਹੁੰਚ ਗਈ ਅਤੇ ਸਾਰੀ ਘਟਨਾ ਆਪਣੇ ਮਾਤਾ ਪਿਤਾ ਨੂੰ ਦੱਸੀ। ਜਿਸ ਤੋਂ ਬਾਅਦ ਉਸਦੇ ਮਾਤਾ-ਪਿਤਾ ਨੇ ਸਹੁਰੇ ਪਰਿਵਾਰ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.