ਪਵਿੱਤਰ ਕੁਰਾਨ ਦੀ ਬੇਅਦਬੀ ਦੇ ਮਾਮਲੇ ’ਚ ‘ਆਪ’ ਵਿਧਾਇਕ ਨਰੇਸ਼ ਯਾਦਵ ਬਾਇੱਜ਼ਤ ਬਰੀ

ਮੈਨੂੰ ਨਿਆਂ ਮਿਲਣ ਦਾ ਪੂਰਾ ਭਰੋਸਾ ਸੀ : ਨਰੇਸ਼ ਯਾਦਵ

ਸੰਗਰੂਰ,(ਗੁਰਪ੍ਰੀਤ ਸਿੰਘ (ਸੱਚ ਕਹੂੰ)) | ਕਰੀਬ ਪੰਜ ਸਾਲ ਪਹਿਲਾਂ ਮਾਲੇਰਕੋਟਲਾ ’ਚ ਹੋਏ ਪਵਿੱਤਰ ਕੁਰਾਨ ਦੀ ਬੇਅਦਬੀ ਦੇ ਮਾਮਲੇ ਵਿੱਚ ਸੰਗਰੂਰ ਅਦਾਲਤ ਨੇ ਆਪਣਾ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਦੋ ਦੋਸ਼ੀਆਂ ਨੂੰ 2-2 ਸਾਲ ਕੈਦ ਤੇ ਇਸੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਸਮੇਤ ਦੋ ਜਣਿਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ

ਜਾਣਕਾਰੀ ਮੁਤਾਬਕ ਅੱਜ ਸੰਗਰੂਰ ਅਦਾਲਤ ਦੇ ਐਡੀਸ਼ਨਲ ਸਿਵਲ ਜੂਡੀਸ਼ੀਅਲ ਮੈਜਿਸਟਰੇਟ ਪ੍ਰਸ਼ਾਂਤ ਵਰਮਾ ਦੀ ਅਦਾਲਤ ਨੇ ਉਕਤ ਫੈਸਲਾ ਸੁਣਾਇਆ ਜੱਜ ਸਾਹਿਬਾਨ ਨੇ ਆਪਣਾ ਫੈਸਲਾ ਸੁਣਾਉਂਦਿਆਂ ਇਸ ਕੇਸ ਵਿੱਚ ਨਾਮਜ਼ਦ ਵਿਜੈ ਕੁਮਾਰ ਅਤੇ ਗੌਰਵ ਕਥੂਰੀਆ ਨੂੰ ਦੋਸ਼ੀ ਠਹਿਰਾਉਂਦਿਆਂ 2-2 ਸਾਲ ਦੀ ਕੈਦ ਅਤੇ 11-11 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ ਇਸ ਤੋਂ ਇਲਾਵਾ ਇਸ ਕੇਸ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਨਰੇਸ਼ ਕੁਮਾਰ ਯਾਦਵ ਨੂੰ ਨਿਰਦੋਸ਼ ਮੰਨਦਿਆਂ ਬਾਇੱਜ਼ਤ ਬਰੀ ਕਰ ਦਿੱਤਾ ਹੈ ਨਰੇਸ਼ ਕੁਮਾਰ ਯਾਦਵ ਵੱਲੋਂ ਅੱਜ ਨਿਰਪਾਲ ਸਿੰਘ ਧਾਲੀਵਾਲ ਵਕੀਲ ਅਦਾਲਤ ਵਿੱਚ ਸ਼ਾਮਿਲ ਹੋਏ

ਜ਼ਿਕਰਯੋਗ ਹੈ ਕਿ 24 ਜੂਨ 2016 ਵਿੱਚ ਮਾਲੇਰਕੋਟਲਾ ਦੇ ਖੰਨਾ ਰੋਡ ਤੋਂ ਜਰਗ ਚੌਂਕ ’ਚ ਪਵਿੱਤਰ ਕੁਰਾਨ ਦੀ ਬੇਅਦਬੀ ਦੀ ਘਟਨਾ ਵਾਪਰੀ ਸੀ ਇਸ ਤੋਂ ਬਾਅਦ ਭੜਕੀ ਹੋਈ ਭੀੜ ਨੇ ਚੌਕ ਵਿੱਚ ਧਰਨਾ ਲਾ ਕੇ 2 ਗੱਡੀਆਂ ਸਾੜ ਦਿੱਤੀਆਂ ਸਨ ਇਸ ਤੋਂ ਬਾਅਦ ਤਤਕਾਲੀਨ ਵਿਧਾਇਕਾ ਫਰਜ਼ਾਨਾ ਆਲਮ ਦੇ ਘਰ ਦਾਖ਼ਲ ਹੋ ਕੇ ਚਾਰ ਗੱਡੀਆਂ ਅਤੇ ਘਰ ਦੀ ਭੰਨ ਤੋੜ ਕਰ ਦਿੱਤੀ ਗਈ ਸੀ ਇਸ ਮਾਮਲੇ ਵਿੱਚ ਵੱਖ-ਵੱਖ ਥਾਈਂ 3 ਮਾਮਲੇ ਦਰਜ਼ ਕਰਕੇ 400 ਤੋਂ ਜ਼ਿਆਦਾ ਲੋਕਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਸੀ

ਪੁਲਿਸ ਵੱਲੋਂ ਵਿਜੈ ਕੁਮਾਰ ਨਾਮਕ ਵਿਅਕਤੀ ਨੂੰ ਇਸ ਘਟਨਾ ਦਾ ਮਾਸਟਰ ਮਾਈਂਡ ਦਰਸਾਇਆ ਗਿਆ ਇਸ ਤੋਂ ਇਲਾਵਾ ਨੰਦ ਕਿਸ਼ੋਰ ਅਤੇ ਉਸ ਦੇ ਲੜਕੇ ਗੌਰਵ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਵਿਜੈ ਕੁਮਾਰ ਦੇ ਬਿਆਨਾਂ ’ਤੇ ਆਮ ਆਦਮੀ ਪਾਰਟੀ ਦੇ ਮਹਿਰੌਲੀ ਤੋਂ ਵਿਧਾਇਕ ਨਰੇਸ਼ ਕੁਮਾਰ ਯਾਦਵ ਨੂੰ ਇਸ ਕੇਸ਼ ਵਿੱਚ ਸ਼ਾਮਿਲ ਕੀਤਾ ਗਿਆ ਸੀ 5 ਜੁਲਾਈ 2016 ਨੂੰ ਨਰੇਸ਼ ਯਾਦਵ ਨੂੰ ਪਟਿਆਲਾ ਵਿਖੇ ਪੁੱਛ ਗਿੱਛ ਲਈ ਪੁਲਿਸ ਵੱਲੋਂ ਬੁਲਾਇਆ ਗਿਆ 9 ਜੁਲਾਈ 2016 ਨੂੰ ਸੰਗਰੂਰ ਸੀਆਈਏ ਵੱਲੋਂ ਨਰੇਸ਼ ਯਾਦਵ ਤੋਂ ਪੁੱਛ ਗਿੱਛ ਕੀਤੀ ਗਈ 24 ਜੁਲਾਈ 2016 ਨੂੰ ਨਰੇਸ਼ ਯਾਦਵ ਨੂੰ ਪੁਲਿਸ ਵੱਲੋਂ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ

27 ਜੁਲਾਈ 2016 ਤੱਕ ਜੂਡੀਸ਼ੀਅਲ ਹਿਰਾਸਤ ਵਿੱਚ ਰੱਖਿਆ ਗਿਆ ਤੇ 30 ਜੁਲਾਈ 2016 ਨੂੰ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਕਾਫ਼ੀ ਸਮਾਂ ਇਹ ਮਾਮਲਾ ਮਾਲੇਰਕੋਟਲਾ ਦੀ ਅਦਾਲਤ ਵਿੱਚ ਚੱਲਿਆ ਅਤੇ ਸੰਗਰੂਰ ਅਦਾਲਤ ਵਿੱਚ ਹੁਣ ਤੱਕ 113 ਪੇਸ਼ੀਆਂ ਚੱਲਣ ਤੋਂ ਬਾਅਦ ਅੱਜ 16 ਮਾਰਚ 2021 ਨੂੰ ਮਾਣਯੋਗ ਅਦਾਲਤ ਵੱਲੋਂ ਇਸ ਮਾਮਲੇ ’ਤੇ ਆਪਣਾ ਫੈਸਲਾ ਸੁਣਾ ਦਿੱਤਾ ਗਿਆ ਇਸ ਮਾਮਲੇ ਦੇ ਜ਼ਿਆਦਾਤਰ ਗਵਾਹ ਪੁਲਿਸ ਮੁਲਾਜ਼ਮ ਹੀ ਸਨ ਜਿਹੜੇ ਨਰੇਸ਼ ਕੁਮਾਰ ਯਾਦਵ ਖਿਲਾਫ਼ ਮਾਣਯੋਗ ਅਦਾਲਤ ਨੂੰ ਕੋਈ ਠੋਸ ਸਬੂਤ ਨਹੀਂ ਮੁਹੱਈਆ ਕਰਵਾ ਸਕੇ

ਸਾਨੂੰ ਇਨਸਾਫ਼ ਦੀ ਪੂਰਨ ਆਸ ਸੀ : ਨਰੇਸ਼ ਯਾਦਵ

ਸੰਗਰੂਰ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਰੇਸ਼ ਕੁਮਾਰ ਯਾਦਵ ਨੇ ਕਿਹਾ ਕਿ ਸਾਨੂੰ ਅਦਾਲਤ ਤੋਂ ਨਿਆਂ ਦੀ ਪੂਰਨ ਉਮੀਦ ਸੀ ਅਤੇ ਸੱਚਾਈ ਅੱਜ ਬਾਹਰ ਆਈ ਹੈ ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਇਹ ਕਹਿ ਰਿਹਾ ਸੀ ਕਿ ਇਸ ਕੇਸ ਵਿੱਚ ਉਸਨੂੰ ਰਾਜਸੀ ਤੌਰ ’ਤੇ ਜਾਣ ਬੁੱਝ ਕੇ ਫਸਾਇਆ ਗਿਆ ਸੀ ਉਨ੍ਹਾਂ ਕਿਹਾ ਕਿ ਤਤਕਾਲੀਨ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਇਸ ਕੇਸ ਵਿੱਚ ਦੋਸ਼ੀ ਵਿਜੈ ਕੁਮਾਰ ਨੂੰ ਕਤਲ ਕੇਸ ਪਾਉਣ ਦੀ ਧਮਕੀ ਦੇ ਕੇ, ਉਸ ਤੋਂ ਮੇਰਾ ਨਾਂਅ ਲਿਖਵਾਇਆ ਗਿਆ ਸੀ ਉਨ੍ਹਾਂ ਕਿਹਾ ਕਿ ਸਾਨੂੰ ਰਾਜਸੀ ਦਬਾਅ ਬਣਾ ਕੇ ਫਸਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸਾਨੂੰ ਮਾਣਯੋਗ ਅਦਾਲਤ ’ਤੇ ਪੂਰਨ ਵਿਸ਼ਵਾਸ ਸੀ ਕਿ ਇੱਕ ਨਾ ਇੱਕ ਦਿਨ ਸੱਚਾਈ ਬਾਹਰ ਆ ਜਾਵੇਗੀ ਅਤੇ ਸੱਚ ਦੀ ਜਿੱਤ ਹੋਵੇਗੀ

ਨਰੇਸ਼ ਯਾਦਵ ਨਾਲ ਅਦਾਲਤ ਵਿੱਚ ਮੌਜ਼ੂਦ ਹਰਪਾਲ ਸਿੰਘ ਚੀਮਾ ਆਗੂ ਵਿਰੋਧੀ ਧਿਰ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਦਾਲਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਕੇਸ ਵਿੱਚ ਨਰੇਸ਼ ਯਾਦਵ ਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ ਉਨ੍ਹਾਂ ਕਿਹਾ ਕਿ ਸਾਨੂੰ ਅੱਜ ਦੇ ਫੈਸਲਾ ’ਤੇ ਬੇਹੱਦ ਪ੍ਰਸੰਨਤਾ ਹੋ ਰਹੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.