ਭਾਜਪਾ ਨੇ ਸ਼ੁਸ਼ੀਲ ਰਿੰਕੂ ਨੂੰ ਬਣਾਇਆ ਉਮੀਦਵਾਰ, ਦੇਸ਼ ਦੀ ਝੋਲੀ ਪ੍ਰਧਾਨ ਮੰਤਰੀ ਵੀ ਪਾ ਚੁੱਕਾ ਇਹ ਹਲਕਾ
ਜਲੰਧਰ (ਰਾਜਨ ਮਾਨ)। ਲੋਕ ਸਭਾ ਹਲਕਾ ਜਲੰਧਰ ਤੋਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਭਾਲਣ ਲਈ ਜ਼ੋਰ ਲਾਇਆ ਜਾ ਰਿਹਾ ਹੈ। ਦਲ ਬਦਲੂਆਂ ਦਾ ਵੀ ਪੂਰਾ ਜ਼ੋਰ ਚੱਲ ਰਿਹਾ ਹੈ। ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਮੌਜ਼ੂਦਾ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਹਾਲ ਹੀ ’ਚ ਭਾਰਤੀ ਜਨਤਾ ਪਾਰਟੀ ਵਿੱਚ ਚਲੇ ਜਾਣ ਕਾਰਨ ਪਾਰਟੀ ਇੱਥੋਂ ਨਵਾਂ ਉਮੀਦਵਾਰ ਤਲਾਸ਼ ਰਹੀ ਹੈ।
ਇਹ ਹਲਕਾ ਰਿਜ਼ਰਵ ਹੋਣ ਕਰਕੇ ਸਾਰੀਆਂ ਸਿਆਸੀ ਧਿਰਾਂ ਤਕੜਾ ਉਮੀਦਵਾਰ ਮੈਦਾਨ ’ਚ ਉਤਾਰਨ ਲਈ ਹੱਥ ਪੈਰ ਮਾਰ ਰਹੀਆਂ ਹਨ। ਪੰਜਾਬ ਦਾ ਇਹ ਉਹ ਇਕਲੌਤਾ ਹਲਕਾ ਹੈ, ਜਿਸਨੇ ਦੇਸ਼ ਦੀ ਝੋਲੀ ਵਿੱਚ ਪ੍ਰਧਾਨ ਮੰਤਰੀ ਪਾਇਆ ਸੀ। ਇੱਕ ਵਾਰ ਇੱਥੋਂ ਇੰਦਰ ਕੁਮਾਰ ਗੁਜਰਾਲ ਪ੍ਰਧਾਨ ਮੰਤਰੀ ਵੀ ਚੋਣ ਲੜ ਚੁੱਕੇ ਹਨ। ਇਸ ਹਲਕੇ ਨੂੰ ਪਰਵਾਸੀ ਪੰਜਾਬੀਆਂ ਦੇ ਗੜ੍ਹ ਵਾਲੇ ਹਲਕੇ ਵਜੋਂ ਵੀ ਦੇਖਿਆ ਜਾਂਦਾ ਹੈ। ਸਾਰੀਆਂ ਸਿਆਸੀ ਧਿਰਾਂ ਜਮਾਂ ਘਟਾਓ ਵਿੱਚ ਲੱਗੀਆਂ ਹੋਈਆਂ ਹਨ।
Lok sabha election
ਕਾਂਗਰਸ ਪਾਰਟੀ ਪਿਛਲੀ ਉਪ ਚੋਣ ’ਚ ਆਪਣੇ ਕਿਲੇ ਨੂੰ ਲੱਗੀ ਸੰਨ ਨੂੰ ਪੂਰਾ ਕਰਕੇ ਮੁੜ ਕਿਲੇ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਉਪ ਚੋਣ ਵਿਚ ਕਾਂਗਰਸ ਦਾ ਕਿਲ੍ਹਾ ਫ਼ਤਿਹ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਇਕਲੌਤਾ ਮੈਂਬਰ ਪਾਰਲੀਮੈਂਟ ਰਿੰਕੂ ਭਾਰਤੀ ਜਨਤਾ ਪਾਰਟੀ ਵਿਚ ਚਲੇ ਜਾਣ ਕਾਰਨ ਪਾਰਟੀ ਨੂੰ ਹਲਕੇ ਤੋਂ ਉਮੀਦਵਾਰ ਲੱਭਣ ਵਿੱਚ ਮੁਸ਼ਕਲ ਆ ਰਹੀ ਹੈ। ਪਿਛਲੀ ਉਪ ਚੋਣ ਵਿੱਚ ਵੀ ਆਪ ਨੇ ਕਾਂਗਰਸ ਤੋਂ ਆਏ ਰਿੰਕੂ ਨੂੰ ਟਿਕਟ ਦੇ ਕੇ ਮੈਦਾਨ ’ਚ ਉਤਾਰਿਆ ਸੀ ਤੇ ਇਸ ਵਾਰ ਵੀ ਕੋਈ ਬਾਹਰਲੀ ਪਾਰਟੀ ਵਾਲਾ ਨੇਤਾ ਹੀ ਉਡੀਕ ਰਹੇ ਹਨ ਜੋ ਉਨ੍ਹਾਂ ਦੀ ਪਾਰਟੀ ’ਚ ਸ਼ਾਮਲ ਹੋਵੇ।
ਸੂਤਰਾਂ ਅਨੁਸਾਰ ਆਪ ਨੂੰ ਅਕਾਲੀ ਦਲ ਦੇ ਆਗੂ ਪਵਨ ਕੁਮਾਰ ਟੀਨੂੰ ਦੇ ਆਉਣ ਦੀ ਆਸ ਹੈ। ਆਪ ਇਸ ਲੀਡਰ ’ਤੇ ਡੋਰੇ ਪਾ ਰਹੀ ਹੈ ਹਾਲ ਦੀ ਘੜੀ ਆਪ ਕੋਲ ਦੁਆਬੇ ਦਾ ਇਕਲੌਤਾ ਮੰਤਰੀ ਬਲਕਾਰ ਸਿੰਘ ਹੀ ਹੈ ਜਿਸਨੂੰ ਅਖੀਰ ’ਚ ਕੋਈ ਚਾਰਾ ਚੱਲਦੇ ਨਾ ਵੇਖ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਸੂਤਰਾਂ ਅਨੁਸਾਰ ਬਲਕਾਰ ਸਿੰਘ ਵੀ ਚੋਣ ਲੜਨ ਦੇ ਇਛੁੱਕ ਨਹੀਂ ਨਜ਼ਰ ਆ ਰਹੇ। ਆਪ ਵੱਲੋਂ ਪਹਿਲਾਂ ਵੀ ਪੰਜਾਬ ’ਚ ਪੰਜ ਮੰਤਰੀਆਂ ਨੂੰ ਮੈਦਾਨ ’ਚ ਉਤਾਰਿਆ ਗਿਆ ਹੈ।
ਇਸ ਹਲਕੇ ਤੋਂ ਵੀ ਆਪ ਨੂੰ ਦੂਜੀ ਕਿਸੇ ਪਾਰਟੀ ਵਿਚੋਂ ਆਉਣ ਵਾਲੇ ਆਗੂ ਤੇ ਆਸ ਹੈ। ਉਧਰ ਕਾਂਗਰਸ ਪਾਰਟੀ ਵਲੋਂ ਇਸ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਮੈਦਾਨ ਵਿੱਚ ਉਤਾਰਨ ਲਈ ਸੋਚਿਆ ਜਾ ਰਿਹਾ ਹੈ। ਉਂਜ ਕਾਂਗਰਸ ਪਾਰਟੀ ਦੀ ਟਿਕਟ ਲਈ ਮਰਹੂਮ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਦੇ ਲੜਕੇ ਤੇ ਕਾਂਗਰਸ ਦੇ ਸੀਨੀਅਰ ਆਗੂ ਮਹਿੰਦਰ ਸਿੰਘ ਕੇ ਪੀ ਵਲੋਂ ਵੀ ਟਿਕਟ ਪ੍ਰਾਪਤੀ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ।
Lok sabha election
ਇਸ ਹਲਕੇ ਤੇ ਜੇਕਰ ਪੰਛੀ ਝਾਤ ਮਾਰੀਏ ਤਾਂ ਇਸ ਹਲਕੇ ਤੋਂ ਸ਼ੁਰੂ ਤੋਂ ਹੀ ਕਾਂਗਰਸ ਦਾ ਕਬਜ਼ਾ ਰਿਹਾ ਹੈ ਅਤੇ ਕਾਂਗਰਸ ਪਾਰਟੀ ਦਾ ਇਹ ਗੜ ਮੰਨਿਆ ਜਾਂਦਾ ਰਿਹਾ ਹੈ। ਹੁਣ ਤੱਕ 20 ਵਾਰ ਹੋਈਆਂ ਚੋਣਾਂ ਵਿੱਚੋਂ 15 ਵਾਰ ਕਾਂਗਰਸ ਜੇਤੂ ਰਹੀ ਹੈ। ਜਲੰਧਰ ਹਲਕੇ ਨੂੰ ਕਾਂਗਰਸ ਦੀ ਸਭ ਤੋਂ ਸੁਰੱਖਿਅਤ ਤੇ ਮਜ਼ਬੂਤ ਸੀਟ ਵਜੋਂ ਦੇਖਿਆ ਜਾਂਦਾ ਸੀ ਇੱਥੋਂ ਦੋ ਵਾਰ ਅਕਾਲੀ ਦਲ ਤੇ ਦੋ ਵਾਰ ਜਨਤਾ ਦਲ ਦੇ ਉਮੀਦਵਾਰ ਜੇਤੂ ਰਹੇ ਸਨ ਜਦਕਿ ਪਿਛਲੇ ਸਾਲ ਹੋਈ ਜ਼ਿਮਨੀ ਚੋਣ ’ਚ ‘ਆਪ’ ਦੇ ਸੁਸ਼ੀਲ ਕੁਮਾਰ ਰਿੰਕੂ ਚੋਣ ਜਿੱਤੇ ਸਨ।
ਸਾਲ 1999 ਦੀਆਂ ਚੋਣਾਂ ਦੌਰਾਨ ਇਸ ਹਲਕੇ ਤੋਂ ਕਾਂਗਰਸ ਦੇ ਬਲਬੀਰ ਸਿੰਘ ਨੇ ਚੋਣ ਲੜੀ ਸੀ ਤੇ ਉਹ ਵੱਡੇ ਫਰਕ ਨਾਲ ਜੇਤੂ ਰਹੇ ਸਨ।ਕਾਂਗਰਸ ਨੇ 2004, 2009, 2014 ਤੇ 2019 ਦੀਆਂ ਲੋਕ ਸਭਾ ਚੋਣਾਂ ’ਚ ਇਸ ਸੀਟ ’ਤੇ ਕਬਜ਼ਾ ਜਮਾਈ ਰੱਖਿਆ। ਪਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨਾਲ ‘ਭਾਰਤ ਜੋੜੋ ਯਾਤਰਾ’ ਦੌਰਾਨ ਜਨਵਰੀ 2023 ਵਿੱਚ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਇਸ ਮਗਰੋਂ ਹੋਈ ਜ਼ਿਮਨੀ ਚੋਣ ਵਿੱਚ ਕਾਂਗਰਸ ਵਿੱਚੋਂ ਹੀ ‘ਆਪ’ ’ਚ ਗਏ ਸੁਸ਼ੀਲ ਕੁਮਾਰ ਰਿੰਕੂ 58691 ਵੋਟਾਂ ਨਾਲ ਜੇਤੂ ਰਹੇ ਸਨ। ਇਸ ਚੋਣ ’ਚ ਕਾਂਗਰਸ ਦੀ ਉਮੀਦਵਾਰ ਕਰਮਜੀਤ ਚੌਧਰੀ ਨੂੰ 2,43,588 ਵੋਟਾਂ ਮਿਲੀਆਂ ਸਨ। ਉਧਰ ਭਾਰਤੀ ਜਨਤਾ ਪਾਰਟੀ ਵਲੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ
ਉਧਰ ਸ਼੍ਰੋਮਣੀ ਅਕਾਲੀ ਦਲ ਦਾ ਭਾਜਪਾ ਨਾਲ ਸਮਝੌਤਾ ਨਾ ਹੋਣ ਦੀ ਸੂਰਤ ’ਚ ਇਕੱਲਿਆਂ ਮੈਦਾਨ ’ਚ ਉਤਰਨ ਜਾਂ ਬਹੁਜਨ ਸਮਾਜ ਪਾਰਟੀ ਨਾਲ ਮਿਲਕੇ ਲੜਨ ਲਈ ਵਿਚਾਰਾਂ ਚੱਲ ਰਹੀਆਂ ਹਨ। ਭਾਜਪਾ ਨਾਲ ਮੁੜ ਜੱਫੀਆਂ ਪੈਣ ਦੀ ਆਸ ਨਾਲ ਅਕਾਲੀ ਦਲ ਤੇ ਬਸਪਾ ’ਚ ਦੂਰੀਆਂ ਪੈ ਗਈਆਂ ਸਨ ਪਰ ਹੁਣ ਭਾਜਪਾ ਨਾਲੋਂ ਗਠਜੋੜ ਬਾਰੇ ਗੱਲਬਾਤ ਟੁੱਟਣ ਕਾਰਨ ਅਕਾਲੀ ਦਲ ਬਸਪਾ ਨਾਲ ਗੱਠਜੋੜ ਅਜੇ ਕਾਇਮ ਹੋਣ ਦਾ ਹੋਕਾ ਦੇ ਰਿਹਾ ਹੈ।
ਉਂਜ ਅਕਾਲੀ ਦਲ ਵੱਲੋਂ ਜੇ ਬਸਪਾ ਨਾਲ ਗਠਜੋੜ ਨਹੀਂ ਹੁੰਦਾ ਤਾਂ ਪਵਨ ਕੁਮਾਰ ਟੀਨੂੰ ਨੂੰ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ ਤੇ ਜੇਕਰ ਗਠਜੋੜ ਹੁੰਦਾ ਹੈ ਤਾਂ ਇਹ ਸੀਟ ਬਸਪਾ ਨੂੰ ਛੱਡੀ ਜਾਵੇਗੀ। ਪਿਛਲੀ ਉਪ ਚੋਣ ਵਿਚ ਵੀ ਗਠਜੋੜ ਤਹਿਤ ਅਕਾਲੀ ਦਲ ਵੱਲੋਂ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਸੀ। ਇਸ ਚੋਣ ਵਿੱਚ ਅਕਾਲੀ ਦਲ ਬੜੀ ਮੁਸ਼ਕਿਲ ਨਾਲ ਆਪਣੀ ਜ਼ਮਾਨਤ ਜ਼ਬਤ ਹੋਣ ਤੋਂ ਬਚਿਆ ਸੀ। ਅਕਾਲੀ ਦਲ ਦੇ ਉਮੀਦਵਾਰ ਨੂੰ 1,58445 ਵੋਟਾਂ ਮਿਲੀਆਂ ਸਨ।
ਹਲਕੇ ਤੋਂ ਚੋਣ ਜਿੱਤਣ ਵਾਲੇ ਆਗੂ ਬਣੇ ਕੇਂਦਰੀ ਵਜ਼ਾਰਤ ਦਾ ਹਿੱਸਾ
ਇਸ ਹਲਕੇ ਤੋਂ ਚੋਣ ਜਿੱਤਣ ਵਾਲੇ ਆਗੂ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਵਰਗੇ ਅਹਿਮ ਅਹੁਦਿਆਂ ’ਤੇ ਪਹੁੰਚਦੇ ਰਹੇ ਹਨ। ਕਾਂਗਰਸ ਵੱਲੋਂ ਸਵਰਨ ਸਿੰਘ ਦਾ ਲਗਾਤਾਰ ਪੰਜ ਵਾਰ ਚੋਣ ਜਿੱਤਣਾ ਆਪਣੇ ‘ਆਪ’ ’ਚ ਇੱਕ ਰਿਕਾਰਡ ਰਿਹਾ ਹੈ। ਉਨ੍ਹਾਂ ਨੇ 1957 ਤੋਂ ਲੈ ਕੇ 1971 ਤੱਕ ਲਗਾਤਾਰ ਚੋਣਾਂ ਜਿੱਤੀਆਂ ਤੇ ਕੇਂਦਰ ’ਚ ਵਜ਼ਾਰਤ ਦਾ ਹਿੱਸਾ ਬਣਦੇ ਰਹੇ ਸਨ। ਜਲੰਧਰ ਹਲਕੇ ਤੋਂ ਜਨਤਾ ਦਲ ਦੇ ਉਮੀਦਵਾਰ ਦੋ ਵਾਰ ਜੇਤੂ ਰਹੇ ਤੇ ਦੋਵੇਂ ਵਾਰ ਇੰਦਰ ਕੁਮਾਰ ਗੁਜਰਾਲ ਚੋਣ ਜਿੱਤੇ ਸਨ। ਉਨ੍ਹਾਂ ਨੇ ਇਸ ਹਲਕੇ ਤੋਂ 1989 ’ਚ ਪਹਿਲੀ ਵਾਰ ਚੋਣ ਲੜੀ ਸੀ ਤੇ ਵੀ. ਪੀ. ਸਿੰਘ ਦੀ ਸਰਕਾਰ ’ਚ ਵਿਦੇਸ਼ ਮੰਤਰੀ ਬਣੇ ਸਨ।
Also Read : ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸਰਸਾ ਦਾ ਪ੍ਰੀਖਿਆ ਨਤੀਜਾ ਰਿਹਾ ਸੌ ਫੀਸਦੀ
ਸਾਲ 1998 ਦੀਆਂ ਲੋਕ ਸਭਾ ਚੋਣਾਂ ਸਮੇਂ ਇੰਦਰ ਕੁਮਾਰ ਗੁਜਰਾਲ ਨੇ ਬਤੌਰ ਪ੍ਰਧਾਨ ਮੰਤਰੀ ਜਲੰਧਰ ਤੋਂ ਚੋਣ ਲੜੇ ਸਨ ਉਹ ਪਹਿਲੇ ਅਜਿਹੇ ਆਗੂ ਸਨ, ਜਿਨ੍ਹਾਂ ਨੇ ਕਾਂਗਰਸ ਦੇ ਮਜ਼ਬੂਤ ਕਿਲ੍ਹੇ ਨੂੰ ਸੰਨ੍ਹ ਲਾਈ ਸੀ। ਹਾਲਾਂਕਿ ਜਦੋਂ ਇੰਦਰ ਕੁਮਾਰ ਗੁਜਰਾਲ ਦੇ ਲੜਕੇ ਨਰੇਸ਼ ਕੁਮਾਰ ਗੁਜਰਾਲ ਨੇ 2004 ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜੀ ਤਾਂ ਉਹ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਕੋਲੋਂ ਹਾਰ ਗਏ ਸਨ।