ਇੱਕ ਸ਼ਰਾਬ ਸੌ ਘਰ ਖਰਾਬ

Wine, breaks, Home, Feature

ਮਹਿਮਾਨਾਂ ਦੀ ਸੇਵਾ ਕਰਨ ਦੀ ਗੱਲ ਹੋਵੇ ਜਾਂ ਪ੍ਰਾਹੁਣਚਾਰੀ ਕਰਨ ਦਾ ਕੋਈ ਵੀ ਮੌਕਾ ਆਵੇ, ਅਸੀਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਦੇ ਮਹਿਮਾਨਾਂ ਦੀ ਸੰਤੁਸ਼ਟੀ ਤੇ ਖੁਸ਼ੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ  ਪਰ ਵਿਆਹ-ਸ਼ਾਦੀਆਂ ਤੇ  ਪਾਰਟੀਆਂ ‘ਚ ਚਲਦੀ ਸ਼ਰਾਬ , ਘਰ ਆਏ ਮਹਿਮਾਨਾਂ ਨੂੰ ਸ਼ਰਾਬ ਪਿਆਉਣਾ ,ਇਹ ਕਿਹੋ ਜਿਹੀ ਪ੍ਰਾਹੁਣਚਾਰੀ ਹੈ? ਜੇਕਰ ਅਸੀਂ ਕਿਸੇ ਨੂੰ ਸ਼ਰਾਬ ਪਿਆ ਕੇ ਇਹ ਸਮਝਦੇ ਹਾਂ ਕਿ ਅਸੀਂ ਉਹਨਾਂ ਦੀ ਸੇਵਾ ਕੀਤੀ ਹੈ ਤਾਂ ਇਹ ਵਹਿਮ ਪਾਲਣਾ ਸਭ ਤੋਂ ਵੱਡੀ ਮੂਰਖਤਾ ਦੀ ਗੱਲ ਹੈ  ਕਿਉਂਕਿ ਸ਼ਰਾਬ ਪਿਆ ਕੇ ਅਸੀਂ ਮਹਿਮਾਨਾਂ ਦੀ ਸੇਵਾ ਨਹੀਂ ਕਰਦੇ ਸਗੋਂ ਉਹਨਾਂ ਲਈ ਮੌਤ ਦਾ ਰਾਹ ਪੱਧਰੇ ਕਰਦੇ ਹਾਂ ਅਸੀਂ ਅਜਿਹਾ ਕਰਕੇ ਉਹਨਾਂ ਨੂੰ ਸ਼ਰਾਬ ਨਹੀਂ  ਸਗੋਂ ਜਹਿਰ ਦੇ ਪਿਆਲੇ ਭੇਂਟ ਕਰਦੇ ਹਾਂ

ਕੁਝ ਸ਼ਰਾਬ ਪੀਣ ਦੇ ਲਾਲਚੀ ਮਹਿਮਾਨ ਹੀ ਅਜਿਹੇ ਹੁੰਦੇ ਹਨ ਕਿ ਜੇ ਉਹਨਾਂ ਨੂੰ ਗਿਆਂ ਨੂੰ ਕੋਈ ਸ਼ਰਾਬ ਨਾ ਪੁੱਛੇ ਤਾਂ ਜਾਣ- ਬੁੱਝ ਕੇ ਅਗਲੇ  ਦੇ ਘਰ ਜਾ ਕੇ ਸ਼ਰਾਬ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਜੇਕਰ ਫਿਰ ਵੀ ਸ਼ਰਾਬ ਨਾ ਮਿਲੇ ਤਾਂ ਮੂੰਹ ਬਣਾ  ਕੇ ਘਰ ਆ ਜਾਂਦੇ ਹਨ ਕਿ ਸਾਡੀ ਤਾਂ ਗਿਆਂ ਦੀ  ਸੇਵਾ ਹੀ ਨਹੀਂ ਹੋਈ ਵਿਆਹ ਹੋਵੇ ਜਾਂ ਪਾਰਟੀ, ਕੁੱਝ ਪੀਣ ਵਾਲੇ ਅਜਿਹਾ ਮੌਕਾ ਕਦੇ ਨੀ ਛੱਡਦੇ, ਜਿੱਥੇ ਸ਼ਰਾਬ ਪੀਣ ਨੂੰ ਮਿਲਦੀ ਹੋਵੇ ਫਿਰ ਐਨੀ  ਜ਼ਿਆਦਾ ਮਾਤਰਾ ‘ਚ ਪੀਂਦੇ ਹਨ, ਕਿ ਘਰ ਬਾਰ ਅਤੇ ਆਪਣੇ ਆਪ ਦੀ ਵੀ ਹੋਸ਼ ਗੁਆ ਬਹਿੰਦੇ ਹਨ ਕੁਝ ਪੜ੍ਹੇ-ਲਿਖੇ ਸਮਝਦਾਰ ਲੋਕ ਵੀ  ਜਿਨ੍ਹਾਂ ਦਾ ਸਮਾਜ ਵਿਚ ਵਧੀਆ ਰੁਤਬਾ ਹੁੰਦਾ ਹੈ,  ਉਹ ਸ਼ਰਾਬ ਪੀਣ ਦੀ ਆਦਤ  ਕਾਰਨ ਹੀ ਲੋਕਾਂ ਦੀਆਂ ਨਜ਼ਰਾਂ ‘ਚ ਨੀਵੇਂ ਹੋ ਜਾਂਦੇ ਹਨ ਸ਼ਰਾਬ ਪੀ ਕੇ ਡਰਾਈਵਿੰਗ ਕਰਦੇ ਹੋਏ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਤਾਂ ਸ਼ਰਾਬ ਪਿਆਉਣ ਵਾਲੇ ਤੇ ਪੀਣ ਵਾਲੇ ਬਰਾਬਰ ਦੇ ਜ਼ਿੰਮੇਵਾਰ ਹਨ

ਅਜਿਹੇ ਲੋਕ ਆਪਣੀ ਤਾਂ ਜਾਨ ਜੋਖ਼ਮ ਵਿੱਚ ਪਾਉਂਦੇ ਹਨ , ਨਾਲ ਹੀ ਦੂਜਿਆਂ ਦੀ ਵੀ ਮੌਤ ਦਾ ਕਾਰਨ ਬਣਦੇ ਹਨ ਅਕਸਰ ਸੜਕਾਂ ਕਿਨਾਰੇ ਲੱਗੇ ਬੋਰਡਾਂ ਉੱਤੇ ਥਾਂ-ਥਾਂ ਲਿਖਿਆ ਮਿਲਦਾ ਹੈ ਕਿ ਸ਼ਰਾਬ ਪੀ ਕੇ ਗੱਡੀ ਜਾਂ ਵਾਹਨ ਨਾ ਚਲਾਓ ਪਰ ਲੋਕ ਉਸਨੂੰ ਕਿੰਨਾ ਕੁ ਮੰਨਦੇ ਹਨ ਸ਼ਰਾਬ ਕਾਰਨ ਬਹੁਤ ਘਰੀਂ ਕਲੇਸ਼ ਰਹਿੰਦਾ ਹੈ, ਲੜਾਈ ਝਗੜੇ ਹੁੰਦੇ ਹਨ ਵਿਆਹ ਤੇ  ਪਾਰਟੀਆਂ ‘ਚੋਂ ਜਾਂ ਰਿਸ਼ਤੇਦਾਰੀ ‘ਚੋ ਸ਼ਰਾਬ ਪੀ ਕੇ ਆਉਣ ਵਾਲੇ ਖੁਦ ਡਰਾਈਵਿੰਗ ਕਰਦੇ ਹਨ ਜਿਸ ਕਾਰਨ ਦੁਰਘਟਨਾਵਾਂ ਵਾਪਰਦੀਆਂ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਲੋਕਾਂ ਲਈ ਅਜਿਹੀ ਸਖ਼ਤ ਕਾਰਵਾਈ ਵਾਲੇ ਕਾਨੂੰਨ ਬਣਾਏ ਜਾਣ ਤਾਂ ਜੋ ਉਹ ਅੱਗੇ ਤੋਂ ਅਜਿਹੀ ਗ਼ਲਤੀ ਨਾ ਕਰਨ ਤੇ ਹੋਰਨਾਂ ਨੂੰ ਵੀ ਸਬਕ ਮਿਲੇ ਕਿਉਂਕਿ ਹੋ ਸਕਦਾ ਅਜਿਹੇ ਲੋਕ ਆਪ ਬਚ ਜਾਂਦੇ ਹੋਣ ,ਪਰ ਜਦ ਇਨ੍ਹਾਂ ਦੇ ਕਾਰਨ ਦੁਰਘਟਨਾਵਾਂ ਵਾਪਰਦੀਆਂ ਹਨ ਤਾਂ ਬਹੁਤ ਸਾਰੇ ਪਰਿਵਾਰਾਂ ਦੇ ਜੀਅ ਘਰ ਸੁੰਨੇ ਕਰ ਜਾਂਦੇ ਹਨ ਅਜਿਹੇ ਲੋਕਾਂ ਦੀ ਗ਼ਲਤੀ ਦਾ ਖਮਿਆਜ਼ਾ ਬੇਕਸੂਰ ਲੋਕਾਂ ਨੂੰ ਭੁਗਤਣਾ ਪੈਂਦਾ ਹੈ

ਹਰਪ੍ਰੀਤ ਕੌਰ ਘੁੰਨਸ, ਘੁੰਨਸ, ਬਰਨਾਲਾ , ਮੋ:97795-20194