ਹਾਈਡ੍ਰੋਜਨ ਸਿਲੰਡਰਾਂ ਨਾਲ ਭਰੇ ਟਰੱਕ ’ਚ ਲੱਗੀ ਭਿਆਨਕ ਅੱਗ

ਡਰਾਈਵਰ ਨੇ ਛਾਲ ਮਾਰ ਕੇ ਬਚਾਈ ਜਾਨ | Hydrogen Cylinder

ਖੰਨਾ (ਸੱਚ ਕਹੂੰ ਨਿਊਜ਼)। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦੇ ਪਿੰਡ ਘੁਡਾਣੀ ਨੇੜੇ ਰਾੜਾ ਸਾਹਿਬ ਰੋਡ ’ਤੇ ਬੁੱਧਵਾਰ ਦੇਰ ਰਾਤ ਇੱਕ ਟਰੱਕ ਨੂੰ ਅੱਗ ਲੱਗ ਗਈ। ਹਾਦਸਾ ਕਰੀਬ 11 ਵਜੇ ਵਾਪਰਿਆ। ਹਾਈਡ੍ਰੋਜਨ (Hydrogen Cylinder) ਸਿਲੰਡਰ ਨਾਲ ਭਰਿਆ ਟਰੱਕ ’ਚ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਹੋਏ ਜਿਸ ਨਾਲ ਆਸ-ਪਾਸ ਖੜ੍ਹੇ ਕਈ ਦਰੱਖਤ ਵੀ ਸੜ ਗਏ। ਫਾਇਰ ਬਿ੍ਰਗੇਡ ਨੇ ਮੌਕੇ ’ਤੇ ਪਹੁੰਚ ਕੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ ਅਤੇ ਟਰੱਕ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।

ਹਾਸਲ ਹੋਏ ਵੇਰਵਿਆਂ ਮੁਤਾਬਿਕ ਹਾਈਡ੍ਰੋਜਨ ਸਿਲੰਡਰ ਨਾਲ ਭਰਿਆ ਟਰੱਕ ਰਾਜਪੁਰਾ ਤੋਂ ਰਾਏਕੋਟ ਦੀ ਇੱਕ ਫੈਕਟਰੀ ਵੱਲ ਜਾ ਰਿਹਾ ਸੀ। ਟਰੱਕ ’ਚ 285 ਸਿਲੰਡਰ ਸਨ। ਪਾਇਲ ਤੋਂ ਰਾੜਾ ਸਾਹਿਬ ਨੂੰ ਜਾਂਦੇ ਸਮੇਂ ਪਿੰਡ ਘੁਡਾਣੀ ਨੇੜੇ ਟਰੱਕ ਦਾ ਟਾਇਰ ਫਟ ਗਿਆ, ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਇਆ। ਇਸ ਤੋਂ ਬਾਅਦ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਨੂੰ ਦੇਖ ਕੇ ਪਿੰਡ ਦੇ ਹੀ ਇੱਕ ਵਿਅਕਤੀ ਨੇ ਪੁਲਿਸ ਅਤੇ ਖੰਨਾ ਫਾਇਰ ਬਿ੍ਰਗੇਡ ਨੂੰ ਜਾਣਕਾਰੀ ਦਿੱਤੀ।

ਰਾਤ ਦਾ ਸਮਾਂ ਹੋਣ ਕਾਰਨ ਹੋਇਆ ਬਚਾਅ | Hydrogen Cylinder

ਫਾਇਰ ਕਰਮੀ ਨੇ ਦੱਸਿਆ ਕਿ ਅੱਗ ਨਾਲ ਸਾਰਾ ਟਰੱਕ ਸੜ ਕੇ ਸੁਆਹ ਹੋ ਗਿਆ। ਅੱਗ ’ਤੇ ਕਾਬੂ ਪਾਉਣ ’ਚ ਕਰੀਬ ਅੱਧਾ ਘੰਟਾ ਲੱਗਿਆ। ਘਟਨਾ ਦੇਰ ਰਾਤ ਵਾਪਰੀ ਹੈ ਅਤੇ ਉਸ ਸਮੇਂ ਸੜਕ ਸੁੰਨਸਾਨ ਸੀ। ਅੱਗ ਲੱਗਣ ਸਮੇਂ ਸਿਲੰਡਰਾਂ ਵਾਲਾ ਟਰੱਕ ਹੀ ਉਥੋਂ ਲੰਘ ਰਿਹਾ ਸੀ ਅਤੇ ਅੱਗ ਲੱਗਣ ਕਾਰਨ ਸਿਲੰਡਰਾਂ ਵਿੱਚ ਧਮਾਕੇ ਹੋ ਗਏ। ਜੇਕਰ ਸੜਕ ’ਤੇ ਆਵਾਜਾਈ ਹੁੰਦੀ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ।

ਨੇੜੇ ਨਹੀਂ ਕੋਈ ਫਾਇਰ ਬਿ੍ਰਗੇਡ ਸਟੇਸ਼ਨ | Hydrogen Cylinder

ਪਾਇਲ ’ਚ ਕੋਈ ਫਾਇਰ ਬ੍ਰਿਗੇਡ ਸਟੇਸ਼ਨ ਨਹੀਂ ਹੈ। ਜਿਸ ਕਾਰਨ ਖੰਨਾ ਤੋਂ ਫਾਇਰ ਬ੍ਰਿਗੇਡ ਬੁਲਾਉਣੀ ਪਈ। ਕਾਰ ਕਰੀਬ 28 ਕਿਲੋਮੀਟਰ ਦੂਰ ਤੋਂ ਆਈ। ਉਦੋਂ ਤੱਕ ਅੱਗ ਕਾਫੀ ਨੁਕਸਾਨ ਕਰ ਚੁੱਕੀ ਸੀ। ਦਰਅਸਲ ਕਈ ਵਾਰ ਪਾਇਲ ’ਚ ਫਾਇਰ ਬ੍ਰਿਗੇਡ ਸਟੇਸ਼ਨ ਖੋਲ੍ਹਣ ਦੀ ਮੰਗ ਚੁੱਕੀ ਗਈ ਹੈ ਪਰ ਅੱਜ ਤੱਕ ਇਸ ਨੂੰ ਪੂਰਾ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਖੰਨਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਤੱਕ ਕਾਫੀ ਨੁਕਸਾਨ ਹੋ ਗਿਆ ਹੁੰਦਾ।