ਧਾਗਾ ਫੈਕਟਰੀ ਨੂੰ ਲੱਗੀ ਭਿਆਨਕ ਅੱਗ

ਲੁਧਿਆਣਾ (ਰਘਬੀਰ ਸਿੰਘ) ਸਥਾਨਕ ਬਸਤੀ ਜੋਧੇਵਾਲ ਦੀ ਦੌਲਤ ਕਲੋਨੀ ਵਿਖੇ ਅੱਜ ਇੱਕ ਧਾਗੇ ਦੀ ਫੈਕਟਰੀ ਨੂੰ ਅੱਗ ਲੱਗ ਗਈ ਜਿਸ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੇ ਸਾਰੇ ਸਟੇਸ਼ਨਾਂ ਦੀਆਂ  ਗੱਡੀਆਂ ਨੂੰ ਭਾਰੀ ਮੁਸ਼ੱਕਤ ਕਰਨੀ ਪਈ। ਰਿਹਾਇਸ਼ੀ ਇਲਾਕੇ ਵਿੱਚ ਬਣੀ ਇਸ ਫੈਕਟਰੀ ਨੂੰ ਲੱਗੀ ਅੱਗ ਨਾਲ ਲਾਗਲੇ ਘਰਾਂ ਵਿੱਚ ਸੇਕ ਪਹੁੰਚਣ ਨਾਲ ਘਰ ਖਾਲੀ ਕਰਵਾ ਲਏ ਗਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਨਾਲ ਲੱਗਦੇ ਮਕਾਨਾਂ ਨੂੰ ਖਾਲੀ ਕਰਵਾ ਕੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਜਾਣ ਲਈ ਕਿਹਾ।

ਪ੍ਰਾਪਤ ਜਾਣਕਾਰੀ ਮੁਤਾਬਕ ਅੱਜ (Yarn Factory) ਦੁਪਹਿਰ 1:30 ਵਜੇ ਦੇ ਕਰੀਬ ਧਾਗੇ ਦੀ ਫੈਕਟਰੀ ਆਰ. ਐਨ. ਜੀ. ਟੈਕਸਟਾਈਲ ਨੂੰ ਲੱਗ ਗਈ ਜੋ ਵੇਖਦੇ-ਵੇਖਦੇ ਭਿਆਨਕ ਰੂਪ ਧਾਰਨ ਕਰ ਗਈ। ਅੱਗ ਲੱਗਣ ਨਾਲ ਫੈਕਟਰੀ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਭੱਜ ਕੇ ਜਾਨ ਬਚਾਈ। ਸ਼ੱਕ ਹੈ ਕਿ ਕੁਝ ਮਜ਼ਦੂਰ ਅੰਦਰ ਫਸੇ ਹੋ ਸਕਦੇ ਹਨ। ਅੱਗ ਨੇ ਨਾਲ ਲੱਗਦੇ ਘਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਨਾਲ ਲੱਗਦੇ ਘਰਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ।

ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਸ਼ਹਿਰ ਦੇ ਪੰਜੇ ਫਾਇਰ ਸਟੇਸ਼ਨਾਂ ਦੀਆਂ ਅੱਗ ਬੁਝਾਊ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਅਫਸਰ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਅੱਗ ਲੱਗਣ ਦੀ ਸੂਚਨਾ ਦੁਪਹਿਰ 1:30 ਵਜੇ ਮਿਲੀ। ਸੂਚਨਾ ਮਿਲਦਿਆਂ ਹੀ ਉਹ ਮੌਕੇ ‘ਤੇ ਪਹੁੰਚ ਗਏ।ਅੱਗ ਦੇ ਭਿਆਨਕ ਰੂਪ ਨੂੰ ਵੇਖ ਕੇ ਸ਼ਹਿਰ ਦੇ ਪੰਜਾਂ ਫਾਇਰ ਸਟੇਸ਼ਨਾਂ ਦੀਆਂ ਗੱਡੀਆਂ ਮੌਕੇ ‘ਤੇ ਬੁਲਾ ਲਈਆਂ ਗਈਆਂ ਹਨ। ਖਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਅੱਗ ਬੁਝਾਉਣ ‘ਚ ਲੱਗੀਆਂ ਹੋਈਆਂ ਸਨ।