ਗਰੀਬ ਪਰਿਵਾਰ ਦਾ ਹੋਣਹਾਰ ਪੁੱਤਰ ਲੱਗਿਆ ਪਟਵਾਰੀ, ਘਰ ’ਚ ਲੱਗੀਆਂ ਰੋਣਕਾਂ

Patwari
ਪਟਿਆਲਾ :  ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪ੍ਰੋਗਰਾਮ ਦੌਰਾਨ ਗੁਰਮੁੱਖ ਸਿੰਘ ਨਿਯੁਕਤੀ ਪੱਤਰ ਦਿੰਦੇ ਹੋਏ, ਗੁਰਮੁੱਖ ਸਿੰਘ ਆਪਣੇ ਮਾਤਾ ਪਿਤਾ ਨਾਲ ਇੱਕ ਫੋਟੋ ’ਚ।

ਗੁਰਮੁੱਖ ਸਿੰਘ ਹੁਣ ਹੁਸਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਦੀਆਂ ਜਮੀਨਾਂ ਦੀ ਕਰੇਗਾ ਗਿਣਤੀਆਂ ਮਿਣਤੀਆਂ (Patwari)

(ਖੁਸ਼ਵੀਰ ਸਿੰਘ ਤੂਰ/ਨਰਿੰਦਰ ਸਿੰਘ ਬਠੋਈ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਬਠੋਈ ਕਲਾਂ ’ਚ ਰਹਿੰਦੇ ਇੱਕ ਗਰੀਬ ਪਰਿਵਾਰ ’ਚ ਉਸ ਸਮੇਂ ਖੁਸ਼ੀਆਂ ਛਾ ਗਈਆਂ, ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਪਟਵਾਰੀ ਦੇ ਪੇਪਰ ਦੀਆਂ ਗਿਣਤੀਆਂ ਮਿਣਤੀਆਂ ਪਾਸ ਕਰਦਿਆਂ ਪਟਵਾਰੀ (Patwari )ਲੱਗ ਗਿਆ ਹੈ। ਹੁਣ ਇਹ ਨੌਜਵਾਨ ਪਟਵਾਰੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਦੀਆਂ ਜ਼ਮੀਨਾਂ ਦੀਆਂ ਗਿਣਤੀਆਂ ਲਈ ਜ਼ਰੀਬਾ ਚੁੱਕੇਗਾ। ਨਵੇਂ ਨਕੌਰ ਪਟਵਾਰੀ ਗੁਰਮੁੱਖ ਸਿਘ ਨੇ ਆਪਣੇ ਪਿੰਡ ਅਤੇ ਮਾਪਿਆਂ ਦਾ ਨਾਂਅ ਵੀ ਰੌਸ਼ਨ ਕੀਤਾ ਹੈ।

ਤਿੰਨ ਸਾਲਾਂ ਤੋਂ ਨੌਕਰੀ ਦੀ ਕਰ ਰਿਹਾ ਸੀ ਤਿਆਰੀ, 11 ਵਾਰੀ ਦਿੱਤੇ ਪੇਪਰ, ਹੁਣ ਮੁੜਿਆ ਮਿਹਨਤ ਦਾ ਮੁੱਲ-ਗੁਰਮੁੱਖ ਸਿੰਘ (Patwari)

ਬੀਤੇ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਵੇਂ ਭਰਤੀ ਕੀਤੇ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਪੇ ਗਏ, ਉੱਥੇ ਹੀ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਠੋਈ ਕਲਾਂ ਦੇ ਹੋਣਹਾਰ ਨੌਜਵਾਨ ਗੁਰਮੁੱਖ ਸਿੰਘ ਪੁੱਤਰ ਗੁਰਧਿਆਨ ਸਿੰਘ ਨੂੰ ਵੀ ਪਟਵਾਰੀ ਲੱਗਣ ਦਾ ਨਿਯੁਕਤੀ ਪੱਤਰ ਮਿਲਿਆ। ਇਸ ਸਬੰਧੀ ਜਦੋਂ ਗੁਰਮੁੱਖ ਸਿੰਘ ਨਾਲ ਅੱਜ ਉਨ੍ਹਾਂ ਦੇ ਘਰ ਜਾ ਕੇ ਗੱਲ ਕੀਤੀ ਗਈ ਤਾਂ ਦੇਖਿਆ ਗਿਆ ਕਿ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਤਾਂ ਲੱਗਿਆ ਹੋਇਆ ਸੀ ਅਤੇ ਹਰ ਕੋਈ ਗੁਰਮੁੱਖ ਸਿੰਘ ਦੀ ਕੀਤੀ ਗਈ ਮਿਹਨਤ ਦੀਆਂ ਤਾਰੀਫਾਂ ਕਰ ਰਿਹਾ ਸੀ। ਪਰਿਵਾਰਕ ਮੈਂਬਰਾਂ ’ਚ ਵੀ ਬਹੁਤ ਜਿਆਦਾ ਖੁਸ਼ੀ ਪਾਈ ਜਾ ਰਹੀ ਸੀ ਅਤੇ ਘਰ ਆਉਣ ਵਾਲੇ ਹਰ ਇੱਕ ਇਨਸਾਨ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਸੀ।

ਇਹ ਵੀ ਪੜ੍ਹੋ : ਸੇਵਾਦਾਰਾਂ ਨੇ ਨਹਿਰ ’ਚ ਡਿੱਗੀ ਗਾਂ ਨੂੰ ਸੁਰੱਖਿਅਤ ਬਾਹਰ ਕੱਢਿਆ

ਇਸ ਸਬੰਧੀ ਜਦੋਂ ਗੁਰਮੁੱਖ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਸ ਨੇ ਆਪਣੀ ਸਾਰੀ ਪਡ਼੍ਹਾਈ ਸਰਕਾਰੀ ਸਕੂਲ ਅਤੇ ਸਰਕਾਰੀ ਕਾਲਜਾਂ ਤੋਂ ਕੀਤੀ ਹੈ, ਉਹ ਬੀ. ਏ ਫਾਈਨਲ ਕਰ ਚੁੱਕਿਆ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਿਹਾ ਸੀ। ਗੁਰਮੁੱਖ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾ ਉਹ 11 ਵਾਰੀ ਪੇਪਰ ਦੇ ਚੁੱਕਿਆ ਹੈ, ਪਰ ਉਸਨੇ ਆਪਣੀ ਮਿਹਨਤ ਜਾਰੀ ਰੱਖੀ ਅਤੇ ਅੱਜ ਉਸਨੇ ਪਟਵਾਰੀ ਦਾ ਪੇਪਰ ਕਲੀਅਰ ਕਰ ਲਿਆ ਹੈ ਅਤੇ ਉਸਨੂੰ ਹੁਸ਼ਿਆਰਪੁਰ ਵਿਖੇ ਪਟਵਾਰੀ ਲੱਗਣ ਦਾ ਨਿਯੁਕਤੀ ਪੱਤਰ ਮਿਲ ਚੁੱਕਿਆ ਹੈ।

Patwari
ਪਟਿਆਲਾ :  ਗੁਰਮੁੱਖ ਸਿੰਘ ਆਪਣੇ ਮਾਤਾ ਪਿਤਾ ਨਾਲ ਇੱਕ ਫੋਟੋ ’ਚ।

ਗੁਰਮੁੱਖ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਹ ਕਲਰਕ ਦੇ ਵੀ 2 ਪੇਪਰ ਕਲੀਅਰ ਕਰ ਚੁੱਕਿਆ ਹੈ, ਪਰ ਉਸ ਨੂੰ ਪਟਵਾਰੀ ਲੱਗਣਾ ਮੁਨਾਸਿਬ ਲੱਗਿਆ। ਗੁਰਮੁੱਖ ਸਿੰਘ ਨੇ ਦਸਿਆ ਕਿ ਉਸ ਨੇ ਇਹ ਨੌਕਰੀ ਬਿਨ੍ਹਾਂ ਕਿਸੇ ਸਿਫਾਰਸ਼ ਅਤੇ ਰਿਸ਼ਵਤ ਤੋਂ ਪ੍ਰਾਪਤ ਕੀਤੀ ਹੈ, ਜਿਸ ਲਈ ਉਹ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਹਮੇਸ਼ਾ ਰਿਣੀ ਰਹੇਗਾ। ਉਸਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਵਰਗ ਨੂੰ ਮਿਹਨਤ ਦਾ ਪੱਲਾ ਨਹੀਂ ਛੱਡਣਾ ਚਾਹੀਦਾ, ਨਿੱਠ ਕੇ ਕੀਤੀ ਮਿਹਨਤ ਦਾ ਮੁੱਲ ਜਰੂਰ ਮੁੜਦਾ ਹੈ। ਇਸ ਲਈ ਨੌਜਵਾਨ ਆਪਣੀ ਪੜ੍ਹਾਈ ’ਚ ਮਿਹਨਤ ਕਰਨ ਅਤੇ ਨੌਕਰੀਆਂ ਤੁਹਾਡੇ ਘਰ ਦਸ਼ਤਕ ਦੇਣਗੀਆਂ।

ਰਾਜ ਮਿਸਤਰੀ ਹੁੰਦਿਆ ਪਿਤਾ ਨੇ ਪੁੱਤਰ ਲਈ ਨਹੀਂ ਛੱਡੀ ਕਸਰ

ਗੁਰਮੁੱਖ ਸਿੰਘ ਦਾ ਪਿਤਾ ਗੁਰਧਿਆਨ ਸਿੰਘ ਰਾਜ ਮਿਸਤਰੀ ਹੈ ਅਤੇ ਮਕਾਨ ਬਣਾਉਣ ਦਾ ਕੰਮ ਕਰਦਾ ਹੈ। ਉਸ ਨੇ ਆਪਣੇ ਪੁੱਤਰ ਨੂੰ ਪੜ੍ਹਾਉਣ ਲਈ ਕੋਈ ਕਸਰ ਨਹੀਂ ਛੱਡੀ। ਇਸ ਤੋਂ ਇਲਾਵਾ ਉਸ ਦੀਆਂ ਦੋਂ ਭੈਣਾਂ ਹਨ, ਜੋ ਕਿ ਵਿਆਹੀਆਂ ਹੋਈਆਂ ਹਨ। ਪਰ ਫਿਰ ਵੀ ਗੁਰਧਿਆਨ ਨੇ ਆਪਣੇ ਪੁੱਤਰ ਦੀ ਪੜਾਈ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਅਤੇ ਅੱਜ ਪੁੱਤਰ ਨੇ ਆਪਣੇ ਪਿਤਾ ਦੀ ਮਿਹਨਤ ਦਾ ਮੁੱਲ ਮੋੜਦੇ ਹੋਏ ਸਰਕਾਰੀ ਨੌਕਰੀ ਪ੍ਰਾਪਤ ਕਰ ਲਈ।

ਪੰਜਾਬ ਸਰਕਾਰ ਤੇ ਮੁੱਖ ਮੰਤਰੀ ਦਾ ਧੰਨਵਾਦ ਕਰਦੀ ਨਹੀਂ ਥੱਕ ਰਹੀ ਮਾਤਾ ਰਾਜ ਕੌਰ

ਗੁਰਮੁੱਖ ਸਿੰਘ ਦੇ ਨੌਕਰੀ ਲੱਗਣ ਦਾ ਚਾਅ ਮਾਤਾ ਰਾਜ ਕੌਰ ਤੋਂ ਚੁੱਕਿਆ ਨਹੀਂ ਜਾ ਰਿਹਾ, ਉਸ ਦੀ ਧਰਤੀ ’ਤੇ ਅੱਡੀ ਨਹੀਂ ਲੱਗ ਰਹੀ। ਉਹ ਘਰ ਆਉਣ ਵਾਲੇ ਹਰ ਇੱਕ ਵਿਅਕਤੀ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਰਹੀ ਸੀ। ਉਸਦਾ ਕਹਿਣਾ ਸੀ ਕਿ ਮੇਰੇ ਪੁੱਤਰ ਦੀ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵਾਰ ਵਾਰ ਧੰਨਵਾਦ ਕੀਤਾ ਜੋ ਬਿਨ੍ਹਾਂ ਕਿਸੇ ਸਿਫਾਰਸ਼ ਤੇ ਰਿਸ਼ਵਤ ਦੇ ਨੌਜਵਾਨਾਂ ਨੂੰ ਨੌਕਰੀ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਗਰੀਬਾਂ ਦੇ ਘਰ ਨੌਕਰੀ ਦੇ ਕੇ ਬਹੁਤ ਚੰਗਾ ਕੀਤਾ ਹੈ। ਜਿਸ ਦਾ ਉਹ ਦੇਣ ਨਹੀਂ ਦੇ ਸਕਦੇ।