ਟਿਕਰੀ ਬਾਰਡਰ ‘ਤੇ ਵਗ੍ਹੇਗਾ ਖੁਦਕੁਸ਼ੀ ਪੀੜ੍ਹਤ ਪਰਿਵਾਰਾਂ ਦੇ ਦਰਦਾਂ ਦਾ ਦਰਿਆ

ਕਿਸਾਨ ਅੰਦੋਲਨ ‘ਚ ਅੱਜ ਸ਼ਾਮਲ ਹੋਣਗੇ ਪੀੜ੍ਹਤ ਪਰਿਵਾਰ

ਨਵੀਂ ਦਿੱਲੀ/ਬਠਿੰਡਾ, (ਸੁਖਜੀਤ ਮਾਨ) ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕੌਮੀ ਰਾਜਧਾਨੀ ਦਿੱਲੀ ਨੇੜੇ ਚੱਲ ਰਹੇ ਕਿਸਾਨ ਅੰਦੋਲਨ ‘ਚ ਨਿੱਤ ਨਵਾਂ ਜੋਸ਼ ਪੈਦਾ ਹੋ ਰਿਹਾ ਹੈ ਅੰਦੋਲਨ ਦਾ ਹਿੱਸਾ ਬਣਨ ਲਈ ਰੋਜ਼ਾਨਾ ਦੇਸ਼ ਦੇ ਵੱਡੀ ਗਿਣਤੀ ਸੂਬਿਆਂ ‘ਚੋਂ ਕਿਸਾਨ ਉੱਥੇ ਪੁੱਜ ਰਹੇ ਹਨ ਇਸੇ ਕੜੀ ਤਹਿਤ ਪੰਜਾਬ ‘ਚੋਂ ਖੁਦਕੁਸ਼ੀ ਪੀੜ੍ਹਤ ਪਰਿਵਾਰ ਆਪਣੇ ਵਿਛੜ ਚੁੱਕੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਲੈ ਕੇ ਅੱਜ ਟਿਕਰੀ ਬਾਰਡਰ ‘ਤੇ ਧਰਨੇ ‘ਚ ਸ਼ਾਮਿਲ ਹੋਣਗੇ
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 16 ਦਸੰਬਰ ਨੂੰ ਦਿੱਲੀ ਦੇ ਟਿੱਕਰੀ ਬਾਰਡਰ ‘ਤੇ ਲੱਗੇ ਮੋਰਚੇ ਵਿੱਚ ਖੁਦਕੁਸ਼ੀ ਪੀੜਤ ਪਰਿਵਾਰਾਂ ਦੀਆਂ ਔਰਤਾਂ ਦੀ ਵੱਡੀ ਸ਼ਮੂਲੀਅਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੀ ਰਿਹਾਇਸ਼ ਲਈ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਹਨ

ਇਹਨਾਂ ਇੰਤਜ਼ਾਮਾਂ ਲਈ ਹਰਿਆਣਾ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਆਰੀਆ ਸਮਾਜ ਨਾਲ਼ ਜੁੜੀ ਸੰਸਥਾ ਦੇ ਆਗੂ ਸੁਖਵੀਰ ਮੁਥਰਾ ਤੇ ਇੱਕ ਹੋਰ ਸੰਸਥਾ ਦੇ ਆਗੂ ਰਾਜੇਸ਼ ਕੁਮਾਰ ਰੋਹਤਕ ਵੱਲੋਂ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨਾਲ ਮੁਲਾਕਾਤ ਕਰਕੇ ਵੱਡੇ ਹਾਲ ਔਰਤਾਂ ਦੀ ਰਿਹਾਇਸ਼ ਲਈ ਦੇਣ ਦੀ ਪੇਸ਼ਕਸ਼ ਕੀਤੀ ਗਈ  ਉਹਨਾਂ ਔਰਤਾਂ ਦੀ ਰਾਤ ਦੀ ਰਿਹਾਇਸ਼ ਤੋਂ ਇਲਾਵਾ ਉਹਨਾਂ ਲਈ ਖਾਣਾ, ਗਰਮ ਪਾਣੀ ਤੇ ਸੁਰੱਖਿਆ ਦੀ ਜਿੰਮੇਵਾਰੀ ਦਾ ਵੀ ਭਰੋਸਾ ਦਿੱਤਾ

ਸ੍ਰੀ ਉਗਰਾਹਾਂ ਨੇ ਅੱਜ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਜਦੋਂ ਹਰਿਆਣਵੀ ਲੋਕਾਂ ਵੱਲੋਂ ਮੋਰਚੇ ਵਿੱਚ ਪੁੱਜ ਰਹੀਆਂ ਔਰਤਾਂ ਦੇ ਰਹਿਣ ਸਹਿਣ ਲਈ ਪ੍ਰਬੰਧਾਂ ਦੀ ਪੇਸ਼ਕਸ਼ ਸਾਂਝੀ ਕੀਤੀ ਤਾਂ ਪੰਡਾਲ ਜ਼ੋਰਦਾਰ ਤਾੜੀਆਂ ਨਾਲ ਗੂੰਜ ਉੱਠਿਆ  ਉਗਰਾਹਾਂ ਨੇ ਆਖਿਆ ਕਿ ਮੌਜੂਦਾ ਘੋਲ਼ ਦਾ ਇਹ ਸਭ ਤੋਂ ਵੱਡਾ ਹਾਸਲ ਹੈ ਕਿ ਇਸਨੇ ਇਲਾਕਿਆਂ, ਸੂਬਿਆਂ, ਬੋਲੀਆਂ, ਜਾਤਾਂ ਤੇ ਧਰਮਾਂ ਦੀਆਂ ਵਲਗਣਾਂ ਨੂੰ ਭੰਨ੍ਹ ਕੇ ਸਮੁੱਚੇ ਕਿਰਤੀਆਂ ਦੀ ਮਿਸਾਲੀ ਸਾਂਝ ਨੂੰ ਅਮਲੀ ਰੂਪ ‘ਚ ਸਾਕਾਰ ਕਰ ਦਿੱਤਾ ਹੈ ਉਹਨਾਂ ਆਖਿਆ ਕਿ  ਮੁਲਕ ‘ਚ ਫਿਰਕੂ ਤੇ ਜਾਤਪਾਤ ਦੀਆਂ ਵੰਡੀਆਂ ਪਾਉਣ ਦੀ ਚੈਂਪੀਅਨ ਭਾਜਪਾ ਹਕੂਮਤ ਦੀਆਂ ਸਭ ਚਾਲਾਂ ਹੁਣ ਤੱਕ ਲੋਕਾਂ ਨੇ ਵਿਸ਼ਾਲ ਏਕੇ ਤੇ ਸੂਝ-ਬੂਝ ਨਾਲ ਪਛਾੜ ਦਿੱਤੀਆਂ ਹਨ

ਅੱਗੇ ਤੋਂ ਵੀ ਉਸਦੀ ਵੰਡ ਪਾਊ ਸਿਆਸਤ ਨੂੰ ਹੋਰ ਵਧੇਰੇ ਧੜੱਲੇ ਤੇ ਸੂਝ ਨਾਲ ਮਾਤ ਦੇਣ ਦੀ ਲੋੜ ਸਿਰ ਚੜ੍ਹਕੇ ਕੂਕ ਰਹੀ ਹੈ  ਉਹਨਾਂ ਆਸ ਪ੍ਰਗਟਾਈ ਕਿ ਦੇਸ਼ ਦੇ ਕਿਸਾਨ ਮਜ਼ਦੂਰ, ਨੌਜਵਾਨ, ਔਰਤਾਂ , ਸ਼ਹਿਰੀ ਤੇ ਹੋਰ ਕਾਰੋਬਾਰੀ ਲੋਕ ਹਕੂਮਤ ਦੇ ਖੋਟੇ ਮਨਸੂਬਿਆਂ ਨੂੰ ਮਾਤ ਦੇਕੇ ਲੋਕ ਵਿਰੋਧੀ ਪੰਜੇ ਕਾਨੂੰਨਾਂ ਨੂੰ ਰੱਦ ਕਰਵਾਕੇ ਹੀ ਦਮ ਲੈਣਗੇ ਇਸ ਮੌਕੇ ਅਮਰੀਕ ਸਿੰਘ ਗੰਢੂਆ, ਜਸਵੰਤ ਸਿੰਘ ਤੋਲੇਵਾਲ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ

ਆਪਣਾ ਦਰਦ ਬਿਆਨ ਕਰਨਗੇ ਪੀੜ੍ਹਤ ਪਰਿਵਾਰ : ਬਿੰਦੂ

ਯੂਨੀਅਨ ਦੀ ਔਰਤ ਵਿੰਗ ਦੀ ਆਗੂ ਹਰਿੰਦਰ ਕੌਰ ਬਿੰਦੂ ਤੇ ਪਰਮਜੀਤ ਕੌਰ ਪਿੱਥੋ ਨੇ ਆਖਿਆ ਕਿ ਮੁਲਕ ਦੀਆਂ ਹਕੂਮਤਾਂ ਵੱਲੋਂ ਲਾਗੂ ਕੀਤੀਆਂ ਖੇਤੀ ਤੇ ਲੋਕ ਵਿਰੋਧੀ ਨੀਤੀਆਂ ਦੀ ਬਦੌਲਤ ਗਹਿਰੇ ਹੋਏ ਖੇਤੀ ਸੰਕਟ ਕਾਰਨ ਖੁਦਕੁਸ਼ੀ ਕਰ ਗਏ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰ ਵੱਡੀ ਗਿਣਤੀ ‘ਚ ਪਹੁੰਚ ਕੇ ਆਪਣਾ ਦਰਦ ਬਿਆਨ ਕਰਨਗੇ ਉਹਨਾਂ ਆਖਿਆ ਕਿ ਹਕੂਮਤੀ ਨੀਤੀਆਂ ਦੀ ਭੇਂਟ ਚੜ੍ਹ ਕੇ ਜ਼ਿੰਦਗੀ ਦੀ ਬਾਜ਼ੀ ਹਾਰਨ ਵਾਲੇ ਇਹਨਾਂ ਕਿਰਤੀਆਂ ਦੀਆਂ ਔਰਤਾਂ ਮੌਜੂਦਾ ਖੇਤੀ ਮਾਡਲ ਦੇ ਕਾਰਨ ਆਪਣੀ ਵੈਰਾਨ ਹੋਈ ਜ਼ਿੰਦਗੀ ਦੀ ਤਵਾਰੀਖ਼ ਮੁਲਕ ਦੇ ਹਾਕਮਾਂ ਤੇ ਲੋਕਾਂ ਦੇ ਸਾਹਮਣੇ ਬਿਆਨ ਕਰਨਗੀਆਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.