ਐੱਨਆਈਏ ਦਾ ਫਰਜ਼ੀ ਮੁਖੀ ਦੱਸ ਕੇ ਪ੍ਰਾਪਰਟੀ ਡੀਲਰ ਤੋਂ ਮੰਗੀ 50 ਲੱਖ ਰੁਪਏ ਦੀ ਫਿਰੌਤੀ

Ransom
ਐੱਨਆਈਏ ਦਾ ਫਰਜ਼ੀ ਮੁਖੀ ਦੱਸ ਕੇ ਪ੍ਰਾਪਰਟੀ ਡੀਲਰ ਤੋਂ ਮੰਗੀ 50 ਲੱਖ ਰੁਪਏ ਦੀ ਫਿਰੌਤੀ

ਪੁਲਿਸ ਨੇ ਜਾਲ ਵਿਛਾ ਕੇ ਦੋ ਔਰਤਾਂ ਸਮੇਤ ਅੱਠ ਜਣਿਆਂ ਨੂੰ ਕੀਤਾ ਕਾਬੂ

(ਐੱਮਕੇ ਸ਼ਾਇਨਾ) ਮੁਹਾਲੀ। ਫਿਲਮੀ ਅੰਦਾਜ਼ ’ਚ ਦੋ ਔਰਤਾਂ ਸਮੇਤ ਅੱਠ ਵਿਅਕਤੀਆਂ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਦੇ ਫਰਜ਼ੀ ਚੀਫ਼ ਅਤੇ ਸਟਾਫ਼ ਦੇ ਰੂਪ ’ਚ ਇਕ ਪ੍ਰਾਪਰਟੀ ਡੀਲਰ ਨੂੰ ਡਰਾ-ਧਮਕਾ ਕੇ ਉਸ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ। ਪ੍ਰਾਪਰਟੀ ਡੀਲਰ ਦੀ ਸ਼ਿਕਾਇਤ ’ਤੇ ਥਾਣਾ ਜ਼ੀਰਕਪੁਰ ਦੀ ਪੁਲਿਸ ਨੇ ਦੋ ਔਰਤਾਂ ਸਮੇਤ ਸਾਰੇ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। Ransom

ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਬਹੁਤ ਵੱਡਾ ਗਿਰੋਹ ਹੈ, ਜੋ ਕਾਰੋਬਾਰੀਆਂ ਨੂੰ ਡਰਾ ਕੇ ਪੈਸੇ ਹੜੱਪਣ ਦਾ ਧੰਦਾ ਕਰਦਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਜੋਤੀ ਵਾਸੀ ਕ੍ਰਿਸ਼ਨਾ ਅਪਾਰਟਮੈਂਟ ਦਵਾਰਕਾ ਨਵੀਂ ਦਿੱਲੀ, ਨੀਲਮ ਵਾਸੀ ਗੀਤਾ ਕਲੋਨੀ ਉੱਤਮ ਨਗਰ ਦਿੱਲੀ, ਦਲਵਿੰਦਰ ਸਿੰਘ ਵਾਸੀ ਮਲੋਆ ਚੰਡੀਗੜ੍ਹ, ਰਾਧੇ ਸ਼ਿਆਮ ਵਾਸੀ ਆਨੰਦਪੁਰ ਸਾਹਿਬ, ਰਾਜ ਕੁਮਾਰ ਵਾਸੀ ਚਾਣਕਿਆ ਪੁਰੀ ਨਵੀਂ ਦਿੱਲੀ, ਨਿਤੇਸ਼ ਵਾਸੀ ਬਹਾਦੁਰਗੜ੍ਹ ਜ਼ਿਲ੍ਹਾ ਝੱਜਰ ਹਰਿਆਣਾ, ਸੁਭਾਸ਼ ਚੰਦਰ ਵਾਸੀ ਪਿੰਡ ਰਾਣੀਆਂ ਜ਼ਿਲ੍ਹਾ ਸਰਸਾ, ਹਰਿਆਣਾ ਅਤੇ ਸੁਸ਼ੀਲ ਵਾਸੀ ਝੱਜਰ ਹਰਿਆਣਾ ਸ਼ਾਮਲ ਹਨ। ਉਨ੍ਹਾਂ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 319 (2), 318 (4), 61 (2), 308 (2) ਅਤੇ 62 ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਗੁਰਦਾ ਬਦਲਣ ਦੇ ਭਾਰੀ ਖਰਚ ਕਾਰਨ ਜਾ ਰਹੀਆਂ ਹਨ ਕੀਮਤੀ ਜਾਨਾਂ

ਚੰਡੀਗੜ੍ਹ ਸੈਕਟਰ-39 ਬੀ ਦੇ ਵਸਨੀਕ 60 ਸਾਲਾ ਵੀਰਪਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਖੇਤੀ ਦੇ ਨਾਲ-ਨਾਲ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। 17 ਜੁਲਾਈ ਨੂੰ ਸਵੇਰੇ 10 ਵਜੇ ਉਸ ਦੇ ਮੋਬਾਇਲ ’ਤੇ ਇੱਕ ਵਟਸਐਪ ਕਾਲ ਆਈ ਅਤੇ ਵਿਅਕਤੀ ਨੇ ਕਿਹਾ ਕਿ ਉਹ ਐੱਨਆਈਏ ਟੀਮ ਦੇ ਮੁਖੀ ਸੁਸ਼ੀਲ ਕੁਮਾਰ ਬੋਲ ਰਹੇ ਹਨ। ਉਸ ਨੇ ਉਸ ਨੂੰ ਸਿੰਘਪੁਰਾ ਚੌਂਕ, ਜ਼ੀਰਕਪੁਰ ਵਿਖੇ ਆ ਕੇ ਮਿਲਣ ਲਈ ਕਿਹਾ। ਉਸੇ ਸਮੇਂ ਜਦੋਂ ਵੀਰਪਾਲ ਆਪਣੀ ਕਾਰ ਵਿੱਚ ਜ਼ੀਰਕਪੁਰ ਸਿੰਘਪੁਰਾ ਲਾਈਟਾਂ ’ਤੇ ਪਹੁੰਚਿਆ ਤਾਂ ਉਥੇ ਤਿੰਨ ਕਾਰਾਂ ਵਿੱਚ ਅੱਠ ਵਿਅਕਤੀ ਮੌਜ਼ੂਦ ਸਨ। ਇਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਸਨ। ਉਹਨਾਂ ਵਿੱਚੋਂ ਇੱਕ ਨੇ ਆਪਣੀ ਪਛਾਣ ਐੱਨਆਈਏ ਟੀਮ ਦੇ ਮੁਖੀ ਵਜੋਂ ਕਰਵਾਈ, ਉਸਨੇ ਆਪਣਾ ਨਾਂਅ ਸੁਸ਼ੀਲ ਦੱਸਿਆ ਅਤੇ ਕਾਰ ’ਚ ਬੈਠੇ ਲੋਕਾਂ ਨੂੰ ਆਪਣੇ ਵਿਭਾਗ ਦਾ ਮੁਲਾਜ਼ਮ ਦੱਸ ਕੇ ਬੁਲਾਉਣ ਲੱਗਾ। Ransom

ਦਿੱਲੀ ਵਿੱਚ 30 ਕਰੋੜ ਰੁਪਏ ਦਾ ਘਪਲਾ ਹੋਇਆ (Ransom)

ਫਰਜ਼ੀ ਐੱਨਆਈਏ ਮੁਖੀ ਨੇ ਕਿਹਾ ਕਿ ਦਿੱਲੀ ਵਿੱਚ 30 ਕਰੋੜ ਰੁਪਏ ਦਾ ਘਪਲਾ ਹੋਇਆ ਹੈ ਅਤੇ ਪੁੱਛਗਿੱਛ ਦੌਰਾਨ ਉਸ ਦਾ ਨਾਂਅ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਉਸ ਦੇ ਬੈਂਕ ਖਾਤਿਆਂ ਅਤੇ ਜਾਇਦਾਦ ਦੀ ਜਾਂਚ ਕਰਨੀ ਜ਼ਰੂਰੀ ਹੈ। ਇਹ ਸੁਣ ਕੇ ਉਹ ਡਰ ਗਿਆ। ਉਸ ਵਿਅਕਤੀ ਨੇ ਕਿਹਾ ਕਿ ਜੇਕਰ ਤੁਸੀਂ 50 ਲੱਖ ਰੁਪਏ ਦਾ ਇੰਤਜ਼ਾਮ ਕਰੋ ਤਾਂ ਇਸ ਕੇਸ ਵਿੱਚੋਂ ਤੁਹਾਡਾ ਨਾਂਅ ਹਟਾਇਆ ਜਾ ਸਕਦਾ ਹੈ।

ਵੀਰਪਾਲ ਸਿੰਘ ਨੇ ਕਿਹਾ ਕਿ ਉਹ ਇੰਨੀ ਰਕਮ ਦਾ ਇੰਤਜ਼ਾਮ ਨਹੀਂ ਕਰ ਸਕਦਾ ਬਲਕਿ 10 ਲੱਖ ਰੁਪਏ ਦਾ ਪ੍ਰਬੰਧ ਕਰਕੇ ਉਸ ਨੂੰ ਦੇ ਸਕਦਾ ਹੈ। ਇਸ ’ਤੇ ਨਕਲੀ ਐੱਨਆਈਏ ਮੁਖੀ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਕੱਲ੍ਹ ਸ਼ਾਮ ਤੱਕ 10 ਲੱਖ ਰੁਪਏ ਜ਼ੀਰਕਪੁਰ ਲੈ ਕੇ ਆਉਂਦਾ ਹੈ ਤਾਂ ਉਹ ਉਸ ਦਾ ਨਾਂਅ ਕੇਸ ਵਿੱਚੋਂ ਹਟਾ ਦੇਵੇਗਾ। ਵੀਰਪਾਲ ਨੇ ਘਰ ਜਾ ਕੇ ਆਪਣੇ ਪਰਿਵਾਰ ਨਾਲ ਇਸ ਬਾਰੇ ਗੱਲ ਕੀਤੀ। ਉਸਦੇ ਪਰਿਵਾਰ ਨੇ ਉਸਨੂੰ ਪੁੱਛਿਆ ਕਿ ਉਸਨੇ ਪੁਲਿਸ ਵਿੱਚ ਸ਼ਿਕਾਇਤ ਕਿਉਂ ਨਹੀਂ ਦਰਜ ਕਰਵਾਈ, ਜਦੋਂ ਉਸਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ: ਸੌਖਾ ਨਹੀਂ ਹੋਵੇਗਾ ਇਰਾਨ ’ਚ ਬਦਲਾਅ ਦਾ ਰਾਹ

ਇਸ ’ਤੇ ਉਸ ਨੇ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਜਾਲ ਵਿਛਾ ਦਿੱਤਾ ਅਤੇ ਜਦੋਂ ਫਰਜ਼ੀ ਗਿਰੋਹ ਵੀਰਪਾਲ ਤੋਂ 10 ਲੱਖ ਰੁਪਏ ਦੀ ਰਕਮ ਵਸੂਲਣ ਆਇਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ। ਜਦੋਂ ਉਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਐੱਨਆਈਏ ਦੀ ਟੀਮ ਨਹੀਂ ਸਨ, ਬਲਕਿ ਸਾਰੇ ਲੋਕ ਫਰਜ਼ੀ ਸਨ ਅਤੇ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਪੈਸੇ ਵਸੂਲਣ ਦਾ ਧੰਦਾ ਕਰਦੇ ਸਨ। ਪੁਲਿਸ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਅਦਾਲਤ ਨੇ ਉਹਨਾਂ ਦਾ ਦੋ ਦਿਨਾਂ ਦਾ ਰਿਮਾਂਡ ਦਿੱਤਾ ਹੈ, ਜਿਸ ਵਿੱਚ ਪੁਲਿਸ ਨੂੰ ਹੋਰ ਖੁਲਾਸੇ ਹੋਣ ਦੀ ਉਮੀਦ ਹੈ। Ransom