ਸੁਖੀ ਗ੍ਰਹਿਸਥ ਜੀਵਨ-ਪਤੀ ਤੁਲਨਾ ਤੋਂ ਬਚਣ

Happy Husband and Wife, Avoid, Comparison, Article, Editorial

ਸੁਖੀ ਗ੍ਰਹਿਸਥ ਜੀਵਨ ਦੇ ਮੰਤਰ ਸਿੱਖਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਸੀ ਪ੍ਰੋਫੈਸਰ ਸਾਹਿਬ ਨੂੰ ਵੀ ਇਸ ਗੱਲ ਦਾ ਅਹਿਸਾਸ ਸੀ ਕਿ ਅਨੇਕਾਂ ਨੌਜਵਾਨ ਜੋ ਜਿੰਦਗੀ ਦਾ ਅਨੰਦ ਮਾਨਣ ਦੀ ਇੱਛਾ ਰੱਖਦੇ ਹਨ ਪਰ ਉਹ ਤਣਾਅ ਗ੍ਰਸਤ ਜ਼ਿੰਦਗੀ ਜੀਅ ਰਹੇ ਹਨ ਇਸ ਤਣਾਅ ਨੂੰ ਉਹ ਅਣਜਾਣਪੁਣੇ ਵਿੱਚ ਖੁਦ ਹੀ ਸੱਦਾ ਦੇ ਬੈਠਦੇ ਹਨ ਇਹੀ ਕਾਰਨ ਹੈ ਪ੍ਰੋਫੈਸਰ ਸਾਹਿਬ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਸਬੰਧੀ ਹਰ ਛੋਟੇ-ਛੋਟੇ ਨੁਕਤੇ ਬਾਰੇ ਸਮਝਾਉਣ ਦੀ ਕੋਸ਼ਿਸ਼ ਵਿੱਚ ਹਨ

ਅੱਜ ਵੀ ਇੱਕ ਅਹਿਮ ਨੁਕਤੇ ਬਾਰੇ ਚਰਚਾ ਹੋ ਰਹੀ ਹੈ ਇਹ ਨੁਕਤਾ ਹੈ ਕਿ ਕਦੇ ਵੀ ਆਪਣੀ ਪਤਨੀ ਦੇ ਰੰਗ-ਰੂਪ, ਸੁੰਦਰਤਾ, ਕੰਮ-ਕਾਜ, ਵਿਵਹਾਰ ਅਤੇ ਪੇਕਿਆਂ ਦੀ ਤੁਲਨਾ ਨਾ ਕਰੋ ਜਿੱਥੋਂ ਤੱਕ ਹੋ ਸਕੇ ਤੁਲਨਾ ਤੋਂ ਬਚਣਾ ਚਾਹੀਦਾ ਹੈ ਹਾਂ, ਜੇ ਕਰਨੀ ਵੀ ਹੋਵੇ ਤਾਂ ਉਸ ਤਰ੍ਹਾਂ ਕਰੋ ਜਿਸ ਵਿੱਚ ਤੁਹਾਡੀ ਪਤਨੀ ਚੰਗੀ ਸਾਬਤ ਹੋ ਰਹੀ ਹੋਵੇ ਉਦਾਹਰਣ ਵਜੋਂ ਤੁਸੀਂ ਕਹਿ ਸਕਦੇ ਹੋ ਕਿ ਕੁਦਰਤ ਨੇ ਮੇਰੀ ਜੀਵਨ ਸਾਥਣ ਨੂੰ ਇਸ ਤਰ੍ਹਾਂ ਘੜਕੇ ਭੇਜਿਆ ਹੈ ਕਿ ਉਹ ਆਪਣੀ ਉਮਰ ਤੋਂ ਅੱਠ-ਦਸ ਵਰ੍ਹੇ ਛੋਟੀ ਵਿਖਾਈ ਦਿੰਦੀ ਹੈ ਉਸਦੀ ਤਸ਼ਬੀਹ ਫੁੱਲਾਂ ਨਾਲ ਕਰ ਸਕਦੇ ਹੋ ਇਸਦੇ ਉਲਟ ਜੇ ਤੁਸੀਂ ਭੁੱਲ-ਭੁਲੇਖੇ ਵੀ ਇਹ ਕਹਿ ਬੈਠੇ ਕਿ ਮੇਰੀ ਭੈਣ ਦਾ ਰੰਗ ਜ਼ਿਆਦਾ ਸਾਫ ਹੈ ਜਾਂ ਭਾਬੀ ਜੀ ਮੇਰੀ ਪਤਨੀ ਨਾਲੋਂ ਜ਼ਿਆਦਾ ਗੋਰੇ ਹਨ ਤਾਂ ਤੁਹਾਡੀ ਖੈਰ ਨਹੀਂ ਸੋ, ਜੇ ਅਦਾਵਾਂ, ਮੁਦਰਾਵਾਂ, ਮੁਸਕਾਨ ਦੀ ਤੁਲਨਾ ਕਰਨੀ ਹੋਵੇ ਤਾਂ ਆਪਣੀ ਪਤਨੀ ਨੂੰ ਚੰਗਾ-ਚੰਗਾ ਕਹੋ

”ਗੁਰੂ ਜੀ ਤੁਸੀਂ ਠੀਕ ਹੀ ਕਹਿ ਰਹੇ ਹੋ ਮੈਂ ਇੱਕ ਵਾਰ ਗਲਤੀ ਕਰਕੇ ਪਛਤਾ ਰਿਹਾਂ ਹਾਂ ਹੋਇਆ ਇਹ ਕਿ ਮੇਰੀ ਮਾਂ ਸਾਡੇ ਕੋਲ ਕੁੱਝ ਦਿਨਾਂ ਲਈ ਰਹਿਣ ਆਏ ਸਨ ਇੱਕ ਦਿਨ ਉਨ੍ਹਾਂ ਸਾਗ ਬਣਾਇਆ ਅਤੇ ਮੈਂ ਕਹਿ ਬੈਠਾ ਕਿ ਅੱਜ ਮੁੱਦਤਾਂ ਬਾਅਦ ਇੰਨਾ ਸਵਾਦ ਸਾਗ ਖਾਧਾ ਹੈ ਬੱਸ, ਫਿਰ ਕੀ ਸੀ ਕਿ ਸ੍ਰੀਮਤੀ ਦੀਆਂ ਭਵਾਂ ਚੜ੍ਹ ਗਈਆਂ ‘ਜਾਉ ਆਪਣੀ ਮਾਂ ਦਾ ਬਣਿਆ ਹੀ ਖਾਣਾ ਖਾਉ ਮੈਨੂੰ ਤਾਂ ਕੁਝ ਨਹੀਂ ਆਉਂਦਾ ਇਸੇ ਤਰ੍ਹਾਂ ਪਹਿਲਾਂ ਵੀ ਇੱਕ ਕਿੱਸਾ ਵਾਪਰ ਚੁੱਕਾ ਹੈ ਉਸ ਵੇਲੇ ਮੈਂ ਕਹਿ ਬੈਠਾ ਸਾਂ ਇਹ ਗੂੜ੍ਹਾ ਰੰਗ ਤੇਰੇ ਨਹੀਂ ਜਚਦਾ, ਇਹ ਤਾਂ ਭੈਣਜੀ ਵਰਗੇ ਗੋਰੇ ਰੰਗ ‘ਤੇ ਸੋਹਣਾ ਲੱਗਦਾ ਹੈ ਉਸ ਤੋਂ ਬਾਅਦ ਕਈ ਦਿਨ ਮੂੰਹ ਵਿੰਗਾ ਰਿਹਾ ਸੀ ਤੁਸੀਂ ਸਹੀ ਕਹਿੰਦੇ ਹੋ ਆਪਣੀ ਪਤਨੀ ਦੀ ਤੁਲਨਾ ਕਰਦੇ ਸਮੇਂ ਕਦੇ ਵੀ ਉਸਨੂੰ ਛੋਟਾ ਨਹੀਂ ਵਿਖਾਉਣਾ ਚਾਹੀਦਾ” ਇੱਕ ਨੌਜਵਾਨ ਨੇ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਦੀ ਤਾਇਦ ਕੀਤੀ

”ਬਿਲਕੁਲ ਠੀਕ ਸਮਝੇ ਹੋ ਤੁਸੀਂੇ ਹਾਂ ਇੱਥੇ ਇੱਕ ਗੱਲ ਹੋਰ ਵੀ ਸਮਝ ਲੈਣੀ ਚਾਹੀਦੀ ਹੈ ਕਿ ਤੁਲਨਾ ਜਾਂ ਮੁਕਾਬਲਾ ਕਿਸੇ ਨੂੰ ਨਹੀਂ ਚੰਗਾ ਲੱਗਦਾ ਇਹ ਗੱਲ ਉਸੇ ਤਰ੍ਹਾਂ ਪਤੀਆਂ ਉੱਪਰ ਵੀ ਢੁੱਕਦੀ ਹੈ ਜਿਸ ਤਰ੍ਹਾਂ ਪਤਨੀਆਂ ਦੀ ਤੁਲਨਾ ਦੂਜੀਆਂ ਔਰਤਾਂ ਨਾਲ ਨਹੀਂ ਕਰਨੀ ਚਾਹੀਦੀ ਉਸੇ ਤਰ੍ਹਾਂ ਪਤਨੀਆਂ ਨੂੰ ਆਪਣੇ ਪਤੀਆਂ ਦਾ ਹੋਰ ਮਰਦਾਂ ਨਾਲ ਮੁਕਾਬਲਾ ਕਰਕੇ ਉਨ੍ਹਾਂ ਨੂੰ ਨਹੀਂ ਛੁਟਿਆਉਣਾ ਚਾਹੀਦਾ ਮੈਂ ਇੱਕ ਘਰ ਵਿੱਚ ਇਸ ਗੱਲੋਂ ਝਗੜਾ ਹੁੰਦਾ ਵੇਖਿਆ ਜਦੋਂ ਪਤਨੀ ਨੇ ਪਤੀ ਦੇ ਦੋਸਤ ਦੀ ਪਗੜੀ ਨੂੰ ਸੋਹਣਾ ਕਹਿੰਦੇ ਹੋਏ ਇਹ ਕਿਹਾ ਕਿ ਤੁਸੀਂ ਵੀ ਉਸੇ ਤਰ੍ਹਾਂ ਦੀ ਪੱਗ ਬੰਨ੍ਹਿਆ ਕਰੋ ਇੱਕ ਹੋਰ ਘਰ ਵਿੱਚ ਉਦੋਂ ਤਣਾਅ ਦੀ ਸਥਿਤੀ ਬਣ ਗਈ

ਜਦੋਂ ਪਤਨੀ ਨੇ ਕਿਹਾ ਕਿ ਫਲਾਣੇ ਬੰਦੇ ਤੋਂ ਤੁਹਾਨੂੰ ਵੀ ਕੁਝ ਸਿੱਖਣਾ ਚਾਹੀਦਾ ਹੈ ਵੇਖੋ ਉਹ ਕਿੰਨਾ ਸੱਜ-ਧੱਜ ਕੇ ਰਹਿੰਦਾ ਹੈ ਅਤੇ ਤੁਹਾਡੇ ਤੋਂ ਵੱਧ ਪੈਸਾ ਕਮਾਉਂਦਾ ਹੈ ਇਸ ਤੁਲਨਾ ਨੇ ਤਾਂ ਘਰ ਵਿੱਚ ਤੁਫਾਨ ਖੜ੍ਹਾ ਕਰ ਦਿੱਤਾ ਸੀ ਪਤੀ ਦੀ ਮਰਦ ਹਾਉਮੈ ਜ਼ਖ਼ਮੀ ਹੁੰਦੀ ਹੈ ਜਦੋਂ ਮਰਦ ਦੀ ਤੁਲਨਾ ਕੀਤੀ ਜਾਂਦੀ ਹੈ ਸੋ, ਘਰ ਵਿਚ ਸ਼ਾਂਤੀ ਲਈ ਪਤੀ ਅਤੇ ਪਤਨੀ ਦੋਵਾਂ ਨੂੰ ਇੱਕ ਗੱਲ ਲੜ ਬੰਨ੍ਹ ਲੈਣੀ ਚਾਹੀਦੀ ਹੈ ਕਿ ਆਪਣੇ-ਆਪਣੇ ਜੀਵਨ ਸਾਥੀ ਦੀ ਕਿਸੇ ਹੋਰ ਨਾਲ ਤੁਲਨਾ ਕਰਕੇ ਘਰ ਦਾ ਮਾਹੌਲ ਨਹੀ ਖ਼ਰਾਬ ਕਰਨਾ ਚਾਹੀਦਾ ਉਂਜ ਤੁਲਨਾ ਬੱਚਿਆਂ ਦੀ ਵੀ ਨਹੀਂ ਕਰਨੀ ਚਾਹੀਦੀ ਤੁਲਨਾ ਨਾਲ ਅਹਿਸਾਸ-ਏ-ਕਮਤਰੀ ਪੈਦਾ ਹੋ ਜਾਂਦਾ ਹੈ ਅੱਜ ਦੇ ਸੂਤਰ ਨੂੰ ਸਮਝੋ ਅਤੇ ਤੁਲਨਾ ਤੋਂ ਬਚੋ ਇਹ ਵੀ ਸੁਖੀ ਜੀਵਨ ਦਾ ਇੱਕ ਫਾਰਮੂਲਾ ਹੈ

ਡਾ. ਹਰਜਿੰਦਰ ਵਾਲੀਆ
ਮੁਖੀ, ਪੱਤਰਕਾਰੀ ਵਿਭਾਗ 
ਪੰਜਾਬੀ ਯੂਨੀਵਰਸਿਟੀ ਪਟਿਆਲਾ 
ਮੋ- 98723-14380