ਰਿਫਾਇਨਰੀ ‘ਚ ਅੱਗ ਲੱਗੀ, ਯੂਨਿਟ ਕੀਤਾ ਬੰਦ

Refinery

ਬਠਿੰਡਾ (ਸੁਖਜੀਤ ਮਾਨ)। ਰਾਮਾ ਮੰਡੀ ਨੇੜੇ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ (Refinery) ਵਿੱਚ ਅੱਜ ਸਵੇਰੇ ਅੱਗ ਲੱਗ ਗਈ। ਅੱਗ ਲੱਗਣ ਕਾਰਨ ਉੱਥੇ ਮੌਜੂਦ ਸਟਾਫ ਵਿੱਚ ਹਫੜਾ-ਦਫੜੀ ਮੱਚ ਗਈ। ਇਹ ਅੱਗ ਤੇਲ ਲੀਕ ਹੋਣ ਕਾਰਨ ਲੱਗੀ ਸੀ। ਅੱਗ ‘ਤੇ ਭਾਵੇਂ ਕਾਬੂ ਪਾ ਲਿਆ ਗਿਆ ਪਰ ਯੂਨਿਟ ਬੰਦ ਕਰਨਾ ਪਿਆ ਜਦੋੰਕਿ ਬਾਕੀ ਯੂਨਿਟ ਪਹਿਲਾਂ ਦੀ ਤਰ੍ਹਾਂ ਕੰਮ ਕਰ ਰਹੇ ਹਨ।

ਵੇਰਵਿਆਂ ਮੁਤਾਬਿਕ ਰਾਮਾ ਮੰਡੀ ਨੇੜੇ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਅੱਜ ਸਵੇਰੇ ਅੱਗ ਲੱਗਣ ਕਾਰਨ ਚਾਰ-ਚੁਫੇਰੇ ਧੂੰਆਂ ਹੀ ਧੂੰਆਂ ਛਾ ਗਿਆ । ਅੱਗ ਲੱਗਣ ਕਾਰਨ ਇੱਕ ਵਾਰ ਤਾਂ ਰਿਫਾਇਨਰੀ ਵਿੱਚ ਕਾਫੀ ਹਫੜਾ-ਦਫ਼ੜੀ ਵਾਲਾ ਮਾਹੌਲ ਬਣ ਗਿਆ ਪਰ ਪ੍ਰਬੰਧਕਾਂ ਨੇ ਛੇਤੀ ਹੀ ਅੱਗ ‘ਤੇ ਕਾਬੂ ਪਾ ਲਿਆ । ਅੱਗ ਲੱਗਣ ਦੀ ਇਸ ਘਟਨਾ ਬਾਰੇ ਰਿਫਾਇਨਰੀ ਵੱਲੋਂ ਜਾਰੀ ਮੀਡੀਆ ਬਿਆਨ ਮੁਤਾਬਿਕ ਕੈਰਕਰ ਯੂਨਿਟ ਦੇ ਤੇਲ ਪੰਪ ਨੇੜੇ ਅੱਜ ਸਵੇਰੇ ਤੇਲ ਲੀਕ ਹੋਣ ਕਾਰਨ ਅੱਗ ਲੱਗ ਗਈ।

ਐਮਰਜੈਂਸੀ ਟੀਮ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਦਿੱਤੀ ਗਈ। ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅੱਗ ਸਥਾਨਕ ਤੌਰ ਤੇ ਲੱਗੀ ਹੈ ਅਤੇ ਠੋਸ ਕੋਸ਼ਿਸ਼ਾਂ ਤੋਂ ਬਾਅਦ ਕਾਬੂ ਪਾ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਤੇਲ ਦੇ ਛਿੱਟੇ ਤੋਂ ਸੰਘਣਾ ਧੂੰਆਂ ਨਿਕਲਿਆ, ਯੂਨਿਟ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਟੀਮ ਮੁਰੰਮਤ ਦਾ ਕੰਮ ਕਰ ਰਹੀ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਅੱਗ ਲੱਗਣ ਦੀ ਇਸ ਘਟਨਾ ਨਾਲ ਹੋਰ ਯੂਨਿਟਾਂ ਤੇ ਕੋਈ ਪ੍ਰਭਾਵ ਨਹੀਂ ਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ