ਪ੍ਰਾਈਵੇਟ ’ਚ ਜਣੇਪਾ ਕਰਵਾ ਕੇ ਸਰਕਾਰੀ ਰਿਕਾਰਡ ’ਚ ਦਿਖਾਈ ਪ੍ਰਫਾਰਮੈਂਸ, ਜਾਂਚ ਤੋਂ ਬਾਅਦ ਹੋਣਗੇ ਕਈ ਖੁਲਾਸੇ !

Ludhiana News

ਖੁਲਾਸ਼ਾ ਹੋਣ ’ਤੇ ਸਿਵਲ ਸਰਜਨ ਤੇ ਸੀਐੱਮਓ ਨੂੰ ਰਿਕਾਰਡ ਸਣੇ ਡਾਕਟਰ, ਏਐੱਨਐੱਮ ਤੇ ਆਸ਼ਾ ਵਰਕਰਾਂ ਨੂੰ ਪੇਸ਼ ਕਰਨ ਦੀ ਕੀਤੀ ਹਦਾਇਤ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਇੱਕ ਸਬ ਸੈਂਟਰ ਵਿਖੇ ਕੰਮ ਕਰਦੀ ਇੱਕ ਮਹਿਲਾ ਡਾਕਟਰ ਤੋਂ ਇਲਾਵਾ ਏ.ਐਨ.ਐੱਮ ਅਤੇ ਆਸ਼ਾ ਵਰਕਰਾਂ ’ਤੇ ਸਿਹਤ ਵਿਭਾਗ ਦੀ ਕਥਿੱਤ ਗਾਜ਼ ਡਿੱਗਣ ਜਾ ਰਹੀ ਹੈ। ਜਿੰਨਾਂ ਨੇ ਆਪਣੀ ਪ੍ਰਫਾਰਮੈਂਸ ਦਿਖਾਉਣ ਦੇ ਚੱਕਰ ’ਚ ਸਰਕਾਰੀ ਰਿਕਾਰਡ ’ਚ ਨਵ-ਜਨਮੇਂ ਬੱਚਿਆਂ ਦਾ ਰਿਕਾਰਡ ਦਰਜ਼ ਕੀਤਾ ਪਰ ਜਣੇਪਾ ਸਥਾਨ ’ਤੇ ਰਿਕਾਰਡ ਦਰਜ਼ ਕਰਵਾਉਣ ਤੋਂ ਉੱਕ ਗਈਆਂ। Ludhiana News

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ਼ ਵੱਲੋਂ ਜ਼ਿਲ੍ਹੇ ਦੇ ਇੱਕ ਸੀ.ਐੱਚ.ਸੀ. ਦੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਇੱਕ ਪੱਤਰ ਜਾਰੀ ਕਰਕੇ ਤਹਿਸੀਲ ਰਾਏਕੋਟ ਦੇ ਇੱਕ ਜੱਚਾ-ਬੱਚਾ ਕੇਂਦਰ ਨਾਲ ਪਿਛਲੇ ਤਿੰਨ ਸਾਲਾਂ ਦਾ ਰਿਕਾਰਡ ਮੰਗਿਆ ਗਿਆ ਹੈ। ਇਸ ਵਿੱਚ ਸਿਵਲ ਸਰਜਨ ਡਾ. ਔਲਖ਼ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਸਬੰਧਿਤ ਸਬ ਸੈਂਟਰ ਵਿਖੇ ਕੰਮ ਕਰਦੇ ਡਾਕਟਰ, ਸਟਾਫ਼ ਨਰਸ ਅਤੇ ਆਸ਼ਾ ਵਰਕਰ ਤੋਂ ਇਲਾਵਾ ਏ.ਐੱਨ.ਐੱਮ. ਨੂੰ ਸਮੇਤ ਸਾਲ 2018 ਦੀ ਫਾਇਲ ਸਮੇਤ ਸਬੰਧਿਤ ਦਫ਼ਤਰ ਵਿਖੇ ਲੈ ਕੇ ਆਉਣਾ ਯਕੀਨੀ ਬਣਾਇਆ ਜਾਵੇ। ਕਿਉਂਕਿ ਇੰਨਾਂ ਵੱਲੋਂ 11 ਸਤੰਬਰ 2018 ਅਤੇ 2 ਅਕਤੂਬਰ 2020 ਨੂੰ ਜੱਚਾ-ਬੱਚਾ ਕੇਂਦਰ ਪਿੰਡ ਰੱਤੋਵਾਲ ਵਿਖੇ ਜਣੇਪਾ ਕਰਵਾ ਕੇ ਦੋ ਬੱਚਿਆਂ ਨੂੰ ਜਨਮ ਦਿਵਾਇਆ ਸੀ।

ਦੋਵੇਂ ਬੱਚਿਆਂ ਦੇ ਜਣੇਪਾ ਕਰਵਾਉਣ ਤੋਂ ਬਾਅਦ ਉਕਤਾਨ ਡਾਕਟਰ, ਏਐੱਨਐੱਮ ਤੇ ਆਸ਼ਾ ਵਰਕਰਾਂ ਵੱਲੋਂ ਭਾਵੇਂ ਸਰਕਾਰੀ ਰਿਕਾਰਡ ’ਚ ਬੱਚਿਆਂ ਦੀ ਰਜਿਸਟੇ੍ਰਸ਼ਨ ਕਰ ਦਿੱਤੀ ਗਈ ਪਰ ਪ੍ਰਾਈਵੇਟ ਹਸਪਤਾਲ ਭਾਵ ਜਣੇਪਾ ਸਥਾਨ ਵਾਲੇ ਹਸਪਤਾਲ ’ਚ ਰਜਿਸਟੇ੍ਰਸ਼ਨ ਕਰਵਾਉਣ ਤੋਂ ਖੁੰਝ ਗਈਆਂ। ਇਸ ਗੱਲ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸਬੰਧਿਤ ਉਕਤ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਸਿਹਤ ਵਿਭਾਗ ਲੁਧਿਆਣਾ ਕੋਲੋਂ ਜਨਮ ਸਰਟੀਫਿਕੇਟ ਮੰਗੇ ਗਏ ਜੋ ਰਿਕਾਰਡ ’ਚ ਮੌਜੂਦ ਨਹੀਂ ਸਨ। Ludhiana News

ਇਹ ਵੀ ਪੜ੍ਹੋ: ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਬਿਲਡਿੰਗ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਜਿਕਰਯੋਗ ਹੈ ਕਿ ਉਕਤ ਮਾਮਲੇ ਵਿੱਚ ਸਿਵਲ ਸਰਜਨ ਡਾ ਜਸਬੀਰ ਸਿੰਘ ਔਲਖ਼ ਵੱਲੋਂ ਸੀਨੀਅਰ ਮੈਡੀਕਲ ਅਫ਼ਸਰ ਸੀਐੱਚਸੀ ਸੁਧਾਰ ਨੂੰ ਸਿਵਲ ਸਰਜਨ ਦਫ਼ਤਰ ਵਿਖੇ ਉਕਤ ਡਾਕਟਰ ਤੋਂ ਇਲਾਵਾ ਏਐੱਨਐੱਮ ਅਤੇ ਆਸ਼ਾ ਵਰਕਰਾਂ ਨੂੰ ਰਿਕਾਰਡ ਸਮੇਤ ਲੈ ਕੇ ਆਉਣ ਨੂੰ ਯਕੀਨੀ ਬਣਾਉਣ ਲਈ ਲਿਖਿਆ ਹੈ। ਜਿਸ ਤੋਂ ਬਾਅਦ ਜਣੇਪਾ ਸਥਾਨ ਦੇ ਪ੍ਰਬੰਧਕਾਂ ’ਤੇ ਵੀ ਗਾਜ਼ ਡਿੱਗ ਸਕਦੀ ਹੈ।

ਸੰਪਰਕ ਕੀਤੇ ਜਾਣ ’ਤੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ਼ ਨੇ ਉਕਤ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸੀਐੱਮਓ ਸੀਐੱਚਸੀ ਸੁਧਾਰ ਪਾਸੋਂ ਸਬੰਧਿਤ ਸਾਲ ਦੇ ਰਿਕਾਰਡ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਸਬੰਧਿਤ ਡਾਕਟਰ ਆਦਿ ਨੂੰ ਵੀ ਲਿਆਉਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਰਿਕਾਰਡ ਪ੍ਰਾਪਤ ਹੋਣ ਤੋਂ ਬਾਅਦ ਜਾਂਚ ਉਪਰੰਤ ਕਾਰਵਾਈ ਕੀਤੀ ਜਾਵੇਗੀ।