ਬਰਨਾਲਾ ਚ ਹੁਣ ਤਕ ਕਰੋਨਾ ਵਾਇਰਸ ਦੇ ਕੁੱਲ ਤਿੰਨ ਸ਼ੱਕੀ ਮਰੀਜ਼ ਹਸਪਤਾਲ ਦਾਖਲ
ਬਰਨਾਲਾ, (ਜਸਵੀਰ ਸਿੰਘ) ਸਿਵਲ ਹਸਪਤਾਲ ਬਰਨਾਲਾ ਵਿਖੇ ਹੁਣ ਤਕ ਕਰੋਨਾ ਵਾਇਰਸ ਦੇ ਤਿੰਨ ਸ਼ੱਕੀ ਮਰੀਜਾਂ ਨੂੰ ਦਾਖਲ ਕੀਤਾ ਜਾ ਚੁੱਕਾ ਹੈ। ਜਿੰਨਾ ਚ ਇੱਕ ਪੇਂਡੂ ਅਤੇ ਦੋ ਸ਼ਹਿਰੀ ਖੇਤਰ ਨਾਲ ਸੰਬਧਿਤ ਹੈ। ਡਾਕਟਰਾਂ ਅਨੁਸਾਰ ਦਾਖਲ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਹਿਤ ਪਟਿਆਲਾ ਭੇਜੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇਹਤਿਆਤ ਵਜੋਂ ਦੇਰ ਰਾਤ ਸਥਾਨਕ 22 ਏਕੜ ਏਰੀਏ ਚ ਪੁਲਿਸ ਤਾਇਨਾਤ ਕਰਦਿਆ ਹੋਰ ਚੌਕਸੀ ਵਧਾ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਐਮਓ ਡਾ. ਗੁਰਬਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਸਥਾਨਕ ਸਿਵਲ ਹਸਪਤਾਲ ਚ ਇਸ ਸਮੇਂ ਤਿੰਨ ਮਰੀਜ਼ ਭਰਤੀ ਹਨ ਜੋ ਰਿਪੋਰਟ ਆਉਣ ਤਕ ਸ਼ੱਕੀ ਹਨ। ਇਹਨਾਂ ਵਿਚੋਂ ਇੱਕ ਜਿਲ੍ਹੇ ਦੇ ਪੇਂਡੂ ਖੇਤਰ ਤੋਂ ਹੈ ਤੇ ਦੋ ਮਰੀਜ਼ ਬਰਨਾਲਾ ਸ਼ਹਿਰੀ ਖੇਤਰ ਨਾਲ ਸੰਬਧਿਤ ਹਨ। ਇਹਨਾਂ ਚੋਂ ਇੱਕ ਮਰੀਜ਼ ਸਥਾਨਕ 22 ਏਕੜ ਖੇਤਰ ਦੀ ਰਹਿਣ ਵਾਲੀ ਔਰਤ ਹੈ। ਇਸ ਦੇ ਨਾਲ ਹੀ ਇਤਿਆਦ ਦੇ ਤੌਰ ਤੇ 22 ਏਕੜ ਚ ਪੁਲਿਸ ਤਾਇਨਾਤ ਕਰਕੇ ਚੌਕਸੀ ਵਧਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਤਿੰਨੋਂ ਮਰੀਜ਼ਾਂ ਦੇ ਸੈਂਪਲ ਲੈ ਕੇ ਜਾਂਚ ਹਿੱਤ ਰਜਿੰਦਰਾ ਹਸਪਤਾਲ ਪਟਿਆਲਾ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਦੀ ਰਿਪੋਰਟ ਆਉਣ ਤੇ ਹੀ ਕਰੋਨਾ ਵਾਇਰਸ ਹੋਣ ਜਾਂ ਨਾ ਹੋਣ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।
ਉਹਨਾਂ ਇਹ ਵੀ ਦੱਸਿਆ ਕਿ ਉਕਤ ਤਿੰਨੋ ਸ਼ੱਕੀ ਮਰੀਜ਼ ਦੁਬਈ ਤੋਂ ਵਾਪਸ ਭਾਰਤ ਪਰਤੇ ਹਨ। ਜਿੰਨਾ ਨੂੰ ਸ਼ੱਕ ਦੇ ਅਧਾਰ ਤੇ ਹਸਪਤਾਲ ਚ ਭਰਤੀ ਕੀਤਾ ਗਿਆ ਹੈ। ਉਹਨਾਂ ਨੇ ਇਹ ਵੀ ਕਿਹਾ ਕਿ 22 ਏਕੜ ਨਾਲ ਸੰਬਧਿਤ ਸ਼ੱਕੀ ਮਰੀਜ਼ ਦੇ ਸੰਪਰਕ ਵਿਚ ਆਏ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਅਫਵਾਹਾਂ ਤੋਂ ਬਚੋ ਘਬਰਾਓ ਨਾ – ਸੀ ਐਮ ਓ ਬਰਨਾਲਾ
ਸੀ ਐਮ ਓ ਡਾ. ਗੁਰਬਿੰਦਰ ਸਿੰਘ ਅਨੁਸਾਰ ਸਿਹਤ ਵਿਭਾਗ ਤੇ ਜਿਲ੍ਹਾ ਪ੍ਰਸ਼ਾਸਨ ਕਰੋਨਾ ਵਾਇਰਸ ਤੋਂ ਬਚਾਅ ਹਿਤ ਬਚਨਵੱਧ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਿਹਤ ਵਿਭਾਗ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਸ਼ੋਸਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਤੇ ਵਿਦੇਸ਼ ਤੋਂ ਪਰਤਣ ਵਾਲਿਆਂ ਤੋਂ ਵੀ ਦੂਰੀ ਬਣਾਈ ਰੱਖਣ ਦੀ ਜਰੂਰਤ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।