ਭ੍ਰਿਸ਼ਟਾਚਾਰ ਦੇ ਦੋਸ਼ ਕਰਨੇ ਪੈਣਗੇ ਸਾਬਤ, ਸੇਖੜੀ ਨੂੰ ਅਦਾਲਤ ਦੀ ਪੌੜੀਆਂ ਚੜਵਾਉਣਗੇ ਬਾਜਵਾ

tripat rajinder singh bajwa ਦਾ ਐਲਾਨ, ਮਾਣ-ਹਾਨੀ ਦੇ ਨਾਲ ਹੀ ਕ੍ਰਿਮਿਨਲ ਸ਼ਿਕਾਇਤ ਕਰਵਾਈ ਜਾਏਗੀ ਦਰਜ਼

ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਤ੍ਰਿਪਤ ਰਾਜਿੰਦਰ ਬਾਜਵਾ ‘ਤੇ ਲਾਏ ਭ੍ਰਿਸ਼ਟਾਚਾਰ ਕਰਨ ਦੇ ਦੋਸ਼

ਕਾਂਗਰਸੀ ਲੀਡਰ ਵਲੋਂ ਆਪਣੀ ਹੀ ਸਰਕਾਰ ਦੇ ਮੰਤਰੀਆਂ ਨੂੰ ਘੇਰਨਾ ਪੈ ਸਕਦਾ ਐ ਭਾਰੀ

ਚੰਡੀਗੜ, (ਅਸ਼ਵਨੀ ਚਾਵਲਾ)। ਭ੍ਰਿਸ਼ਟਾਚਾਰ ਦੇ ਦੋਸ਼ ਆਪਣੀ ਹੀ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ (tripat rajinder singh bajwa) ‘ਤੇ ਲਗਾਉਣਾ ਹੁਣ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ‘ਤੇ ਭਾਰੀ ਪੈ ਸਕਦਾ ਹੈ, ਕਿਉਂਕਿ ਅਸ਼ਵਨੀ ਸੇਖੜੀ ਨੂੰ ਹੁਣ ਅਦਾਲਤ ਵਿੱਚ ਇਹ ਸਾਰੇ ਦੋਸ਼ ਸਾਬਤ ਕਰਨੇ ਪੈਣਗੇ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਅਸ਼ਵਨੀ ਸੇਖੜੀ ਨੂੰ ਜਲਦ ਹੀ ਅਦਾਲਤ ਦੀਆਂ ਪੌੜੀਆਂ ਚੜਾਉਣ ਦਾ  ਐਲਾਨ ਕਰਦੇ ਹੋਏ ਆਪਣੇ ਸੀਨੀਅਰ ਵਕੀਲਾਂ ਨੂੰ ਕੇਸ ਤਿਆਰ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ ਤਾਂ ਕਿ ਜਲਦ ਹੀ ਅਸ਼ਵਨੀ ਸੇਖੜੀ ਨੂੰ ਅਦਾਲਤ ਦਾ ਰਾਹ ਦਿਖਾਇਆ ਜਾਵੇ।

  • ਤ੍ਰਿਪਤ ਰਾਜਿੰਦਰ ਬਾਜਵਾ ਅਸ਼ਵਨੀ ਸੇਖੜੀ ਖ਼ਿਲਾਫ਼ ਦੋ ਤਰਾਂ ਦਾ ਮਾਮਲਾ ਅਦਾਲਤ ਵਿੱਚ ਲੈ ਕੇ ਜਾ ਰਹੇ ਹਨ।
  • ਜਿਸ ਵਿੱਚ ਮਾਣ-ਹਾਨੀ ਦੇ ਨਾਲ ਹੀ ਕਰੋੜਾਂ ਰੁਪਏ ਦੀ ਰਕਮ ਮੰਗੀ ਜਾਏਗੀ
  • ਦੂਜੇ ਪਾਸੇ ਝੂਠੇ ਦੋਸ਼ ਲਗਾਉਣ ਅਤੇ ਬਦਨਾਮ ਕਰਨ ਦੇ ਮਾਮਲੇ ਵਿੱਚ ਅਪਰਾਧਿਕ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ ਜਾਏਗੀ।

ਜਾਣਕਾਰੀ ਅਨੁਸਾਰ ਪਿਛਲੇ 2-3 ਮਹੀਨੇ ਤੋਂ ਬਟਾਲਾ ਸ਼ਹਿਰ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਇੱਕ ਦੂਜੇ ‘ਤੇ ਦੋਸ਼ ਲਗਾ ਰਹੇ ਹਨ, ਜਿਸ ਕਾਰਨ ਗੁਰਦਾਸਪੁਰ ਜ਼ਿਲੇ ਵਿੱਚ ਹੀ ਕਾਫ਼ੀ ਜਿਆਦਾ ਸਿਆਸਤ ਭਖੀ ਹੋਈ ਹੈ।

  • ਤ੍ਰਿਪਤ ਰਾਜਿੰਦਰ ਬਾਜਵਾ ਵਲੋਂ ਬਟਾਲਾ ਵਿਖੇ ਹੋਣ ਵਾਲੇ ਸਾਰੇ ਵਿਕਾਸ ਕਾਰਜ ਆਪਣੇ ਪੱਧਰ ‘ਤੇ ਦੇਖਣ ਕਾਰਨ ਹੀ ਇਹ ਵਿਵਾਦ ਭਖਿਆ ਸੀ,
  • ਜਿਸ ਤੋਂ ਬਾਅਦ ਦੋਹਾਂ ਵਲੋਂ ਇੱਕ ਦੂਜੇ ‘ਤੇ ਦੋਸ਼ ਲਗਾਏ ਜਾ ਰਹੇ ਹਨ।

ਪ੍ਰੈਸ ਕਾਨਫਰੰਸ ਵਿੱਚ ਤ੍ਰਿਪਤ ਰਾਜਿੰਦਰ ਬਾਜਵਾ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਕਾਫ਼ੀ ਜਿਆਦਾ ਹਮਲੇ ਕੀਤੇ ਸਨ

ਬੀਤੇ ਦਿਨੀਂ ਕਾਂਗਰਸੀ ਲੀਡਰ ਅਸ਼ਵਨੀ ਸੇਖੜੀ ਨੇ ਕੁਝ ਕਦਮ ਹੋਰ ਅੱਗੇ ਜਾਂਦੇ ਹੋਏ ਪ੍ਰੈਸ ਕਾਨਫਰੰਸ ਵਿੱਚ ਤ੍ਰਿਪਤ ਰਾਜਿੰਦਰ ਬਾਜਵਾ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਕਾਫ਼ੀ ਜਿਆਦਾ ਹਮਲੇ ਕੀਤੇ ਸਨ, ਜਿਸ ਤੋਂ ਬਾਅਦ ਤ੍ਰਿਪਤ ਰਾਜਿੰਦਰ ਬਾਜਵਾ ਕਾਫ਼ੀ ਜਿਆਦਾ ਭਖੇ ਹੋਏ ਹਨ, ਕਿਉਂਕਿ ਹੁਣ ਤੱਕ ਉਨ੍ਹਾਂ ‘ਤੇ ਕਿਸੇ ਨੇ ਵੀ ਸਿੱਧੇ ਤੌਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਨਹੀਂ ਲਾਏ ਸਨ।

  • ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਉਨਾਂ ਨੇ ਆਪਣੀ ਜਿੰਦਗੀ ਵਿੱਚ ਕਿਸੇ ਤੋਂ ਇੱਕ ਕੱਪ ਚਾਹ ਦਾ ਨਹੀਂ ਪੀਤਾ ਹੈ
  • ਪਰ ਅਸ਼ਵਨੀ ਸੇਖੜੀ ਵੱਲੋਂ ਤਾਂ ਉਨਾਂ ‘ਤੇ ਭ੍ਰਿਸ਼ਟਾਚਾਰ ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ।
  • ਇਸ ਲਈ ਉਹ ਇਸ ਮਾਮਲੇ ਨੂੰ ਲੈ ਕੇ ਜਲਦ ਹੀ ਅਦਾਲਤ ਵਿੱਚ ਜਾ ਰਹੇ ਹਨ,
  • ਜਿਥੇ ਕਿ ਅਸ਼ਵਨੀ ਸੇਖੜੀ ਨੂੰ ਹਰ ਦੋਸ਼ ਸਾਬਤ ਕਰਨਾ ਪਏਗਾ।
  • ਉਨਾਂ ਕਿਹਾ ਕਿ ਹੁਣ ਤੱਕ ਉਨਾਂ ਵੱਲੋਂ ਅਸ਼ਵਨੀ ਸੇਖੜੀ ਨੂੰ ਕੁਝ ਵੀ ਨਹੀਂ ਕਿਹਾ ਜਾ ਰਿਹਾ ਸੀ
  • ਪਰ ਉਹ ਇਸ ਤਰਾਂ ਦੇ ਦੋਸ਼ ਬਰਦਾਸ਼ਤ ਨਹੀਂ ਕਰਨਗੇ,
  • ਇਸ ਲਈ ਉਨਾਂ ਨੇ ਆਪਣੇ ਵਕੀਲਾਂ ਨੂੰ ਸਾਰੇ ਮਾਮਲੇ ਵਿੱਚ ਕੇਸ ਤਿਆਰ ਕਰਨ ਲਈ ਕਹਿ ਦਿੱਤਾ ਹੈ।
  • ਉਹ ਜਲਦ ਹੀ ਅਸ਼ਵਨੀ ਸੇਖੜੀ ਦੇ ਖ਼ਿਲਾਫ਼ ਅਦਾਲਤ ਵਿੱਚ ਜਾਣਗੇ।

ਜਾਖੜ ਨਾਲ ਨਹੀਂ ਕਰਾਂਗਾ ਗੱਲ, ਇਹ ਮਾਮਲਾ ਸਾਡੇ ਦੋਹਾਂ ਦਾ : ਬਾਜਵਾ

ਅਸ਼ਵਨੀ ਸੇਖੜੀ ਵਲੋਂ ਲਗਾਤਾਰ ਕੀਤੇ ਜਾ ਰਹੇ ਹਮਲੇ ਬਾਰੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਕੋਲ ਪਹੁੰਚ ਕਰਨ ਬਾਰੇ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਪਾਰਟੀ ਪ੍ਰਧਾਨ ਕੋਲ ਨਹੀਂ ਜਾਣਗੇ, ਕਿਉਂਕਿ ਇਸ ਵਿੱਚ ਸਿੱਧੇ ਤੌਰ ‘ਤੇ ਅਸ਼ਵਨੀ ਸੇਖੜੀ ਵਲੋਂ ਉਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਮਾਮਲਾ ਹੁਣ ਉਨ੍ਹਾਂ ਦੋਹਾਂ ਵਿਚਕਾਰ ਹੈ, ਜਦੋਂ ਕਿ ਉਹ ਬਟਾਲਾ ਵਿਖੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਦੇਸ਼ਾਂ ਤੋਂ ਬਾਅਦ ਕੰਮ ਕਰਵਾ ਰਹੇ ਸਨ। ਉਨਾਂ ਕਿਹਾ ਕਿ ਹੁਣ ਇਹ ਮਾਮਲੇ ਕਿਸੇ ਵੀ ਪਲੇਟਫਾਰਮ ‘ਤੇ ਸੁਲਹ ਹੋਣ ਦੀ ਥਾਂ ‘ਤੇ ਅਦਾਲਤ ਵਿੱਚ ਹੀ ਜਾਏਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।