ਗੋਡਸੇ ਨੂੰ ‘ਦੇਸ਼ ਭਗਤ’ ਦੱਸਣ ‘ਤੇ ਪ੍ਰੱਗਿਆ ਠਾਕੁਰ ਮੰਗੀ ਮੁਆਫ਼ੀ
ਮਹਾਤਮਾ ਗਾਂਧੀ ਦੇ ਵਿਚਾਰਾਂ ਤੇ ਦੇਸ਼ ਦੇ ਪ੍ਰਤੀ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਦੀ ਹਾਂ : ਪ੍ਰੱਗਿਆ ਠਾਕੁਰ
ਨਵੀਂ ਦਿੱਲੀ (ਏਜੰਸੀ)। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਣ ਵਾਲੇ ਬਿਆਨ ‘ਤੇ ਸਾਂਸਦ ਪ੍ਰੱਗਿਆ ਸਿੰਘ ਠਾਕੁਰ ਨੇ ਲੋਕ ਸਭਾ ‘ਚ ਮੁਆਫ਼ੀ ਮੰਗ ਲਈ ਹੈ। ਪਾਰਟੀ ਅਤੇ ਸਰਕਾਰ ਵੱਲੋਂ ਤਲੱਬ ਕੀਤੇ ਜਾਣ ਤੋਂ ਬਾਅਦ ਪ੍ਰੱਗਿਆ ਸਿੰਘ ਨੇ ਮੁਆਫ਼ੀ ਮੰਗੀ ਹੈ। ਸਦਨ ‘ਚ ਪ੍ਰੱਗਿਆ ਠਾਕੁਰ ਨੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਜੇਕਰ ਮੇਰੇ ਕਿਸੇ ਬਿਆਨ ਨਾਲ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਮੈਂ ਇਸ ਲਈ ਮੁਆਫ਼ੀ ਚਾਹੁੰਦੀ ਹਾਂ।
ਇਸ ਦੇ ਨਾਲ ਹੀ ਪ੍ਰੱਗਿਆ ਨੇ ਬਿਨਾ ਨਾਂਅ ਲਏ ਕਾਂਗਰਸੀ ਨੇਤਾ ‘ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕਿ ਸਦਨ ਦੇ ਇੱਕ ਸਨਮਾਨਤ ਨੇਤਾ ਨੇ ਮੈਨੂੰ ਅੱਤਵਾਦੀ ਕਿਹਾ। ਉਨ੍ਹਾਂ ਕਿਹਾ ਕਿ ਮੇਰੇ ਵਿਰੁੱਧ ਕੋਈ ਦੋਸ਼ ਸਾਬਤ ਨਹੀਂ ਹੋਇਆ ਹੈ ਪਰ ਇਸ ਤਰ੍ਹਾਂ ਦੀ ਗੱਲ ਕਹਿਣਾ ਇੱਕ ਔਰਤ ਦਾ ਅਪਮਾਨ ਹੈ। ਪ੍ਰੱਗਿਆ ਠਾਕੁਰ ਨੇ ਇੱਕ ਪਾਸੇ ਸਦਨ ‘ਚ ਮੁਆਫ਼ੀ ਮੰਗੀ ਤਾਂ ਦੂਜੇ ਪਾਸੇ ਇਹ ਵੀ ਕਿਹਾ ਕਿ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੈਂ ਮਹਾਤਮਾ ਗਾਂਧੀ ਦੇ ਵਿਚਾਰਾਂ ਅਤੇ ਦੇਸ਼ ਦੇ ਪ੍ਰਤੀ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਦੀ ਹਾਂ।
ਕਾਂਗਰਸ ਮੈਂਬਰਾਂ ਵੱਲੋਂ ਕੀਤਾ ਗਿਆ ਹੰਗਾਮਾ
ਪ੍ਰੱਗਿਆ ਦੇ ਬਿਆਨ ਤੋਂ ਬਾਅਦ ਕਾਂਗਰਸ ਦੇ ਮੈਂਬਰਾਂ ਵੱਲੋਂ ਹੰਗਾਮਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਮਾਮਲੇ ‘ਤੇ ਅਸੀਂ ਰਾਜਨੀਤੀ ਕਰਾਂਗੇ ਤਾਂ ਫਿਰ ਪੂਰੇ ਵਿਸ਼ਵ ‘ਚ ਸਹੀ ਸੰਦੇਸ਼ ਨਹੀਂ ਜਾਵੇਗਾ। ਸਾਧਵੀ ਪ੍ਰੱਗਿਆ ਨੇ ਕਿਹਾ ਕਿ ਬਿਨਾ ਦੋਸ਼ ਸਾਬਤ ਹੋਏ ਕਿਸੇ ਨੂੰ ਅੱਤਵਾਦੀ ਕਹਿਣਾ ਗੈਰ-ਕਾਨੂੰਨੀ ਹੈ। ਇਹੀ ਨਹੀਂ ਪ੍ਰੱਗਿਆ ਨੇ ਸਾਬਕਾ ਯੂ.ਪੀ.ਏ. ਸਰਕਾਰ ‘ਤੇ ਵੀ ਨਿਸ਼ਾਨਾ ਬਿੰਨ੍ਹਿਆ ਅਤੇ ਕਿਹਾ ਕਿ ਮੈਨੂੰ ਬਿਨਾ ਕਾਰਨ ਤੰਗ ਕੀਤਾ ਗਿਆ ਅਤੇ ਸਰੀਰਕ ਤੇ ਮਾਨਸਿਕ ਤਸੀਹੇ ਦਿੱਤੇ ਗਏ।
ਪ੍ਰੱਗਿਆ ਨੇ ਮੰਗ ਲਈ ਹੈ ਮੁਆਫ਼ੀ, ਹੁਣ ਰਾਜਨੀਤੀ ਨਹੀਂ
ਕਾਂਗਰਸ ਮੈਂਬਰਾਂ ਦੇ ਹੰਗਾਮੇ ‘ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਹੁਣ ਪ੍ਰੱਗਿਆ ਸਿੰਘ ਠਾਕੁਰ ਨੇ ਇਸ ‘ਤੇ ਮੁਆਫ਼ੀ ਮੰਗ ਲਈ ਹੈ ਅਤੇ ਹੁਣ ਇਸ ਮਾਮਲੇ ‘ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮੈਂ ਇਹ ਸਪੱਸ਼ਟ ਕੀਤਾ ਹੈ ਕਿ ਮਹਾਤਮਾ ਗਾਂਧੀ ‘ਤੇ ਕੋਈ ਲਈ ਇਤਰਾਜ਼ਯੋਗ ਗੱਲ ਸਦਨ ਦੇ ਰਿਕਾਰਡ ‘ਚ ਨਹੀਂ ਜਾਵੇਗੀ।
ਲੱਗੇ ਮਹਾਤਮਾ ਗਾਂਧੀ ਦੀ ਜੈ ਦੇ ਨਾਅਰੇ
ਇਸ ਵਿਚ ਕਾਂਗਰਸ ਸਮੇਤ ਵਿਰੋਧੀ ਧਿਰ ਦੇ ਕਈ ਸਾਂਸਦ ‘ਗੋਡਸੇ ਡਾਊਨ-ਡਾਊਨ’ ਅਤੇ ‘ਮਹਾਤਮਾ ਗਾਂਧੀ ਦੀ ਜੈ’ ਦੇ ਨਾਅਰੇ ਲਾਏ। ਦੂਜੇ ਪਾਸੇ ਭਾਜਪਾ ਸੰਸਦ ਮੈਂਬਰਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਇੱਕ ਮਹਿਲਾ ਸੰਸਦ ਮੈਂਬਰ ਨੂੰ ਅੱਤਵਾਦੀ ਕਹਿਣਾ ਗੈਰ-ਕਾਨੂੰਨੀ ਹੈ ਅਤੇ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਭਾਜਪਾ ਸਾਂਸਦਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਇਸ ਬਿਆਨ ਵਿਰੁੱਧ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲਿਆਇਆ ਜਾਣਾ ਚਾਹੀਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।