ਵਾਈਸ ਚਾਂਸਲਰ ਵੱਲੋਂ ਵਿਦਿਆਰਥੀ ਦੀ ਸ਼ਲਾਘਾ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿਵਲ ਇੰਜਨੀਅਰਿੰਗ ਵਿਭਾਗ ਦੇ ਇੱਕ ਵਿਦਿਆਰਥੀ ਅਭਿਨਵ ਗੋਇਲ ਦੀ ਯੂ.ਪੀ.ਐੱਸ.ਸੀ. ਇੰਡੀਅਨ ਇੰਜਨੀਅਰਿੰਗ ਸਰਵਿਸਜ਼ 2019 ਵਿਚ ਚੋਣ ਹੋ ਗਈ ਹੈ। ਪਿਛਲੇ ਦਿਨੀਂ ਘੋਸ਼ਿਤ ਹੋਏ ਨਤੀਜਿਆਂ ਵਿਚ ਉਸ ਨੇ ਆਲ ਇੰਡੀਆ ਰੈਂਕਿੰਗ ਵਿਚ 97ਵਾਂ ਸਥਾਨ ਪ੍ਰਾਪਤ ਕਰ ਕੇ ਪੰਜਾਬੀ ਯੂਨੀਵਰਸਿਟੀ ਦੇ ਮਾਣ ਵਿਚ ਵਾਧਾ ਕੀਤਾ ਹੈ। ਰਾਸ਼ਟਰ ਪੱਧਰ ਦੀ ਇਸ ਵੱਕਾਰੀ ਪ੍ਰਾਪਤੀ ਲਈ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਸੰਬੰਧਤ ਵਿਦਿਆਰਥੀ ਸਮੇਤ ਪਲੇਸਮੈਂਟ ਸੈੱਲ ਦੀ ਟੀਮ ਅਤੇ ਸਿਵਲ ਇੰਜਨੀਅਰਿੰਗ ਵਿਭਾਗ ਨੂੰ ਵਿਸ਼ੇਸ ਤੌਰ ‘ਤੇ ਵਧਾਈ ਦਿੱਤੀ।
ਡਾ. ਘੁੰਮਣ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਵਾਪਰਿਆ ਹੈ ਜਦੋਂ ਕਿਸੇ ਵਿਦਿਆਰਥੀ ਨੇ ਸਿਵਲ ਇੰਜਨੀਅਰਿੰਗ ਦੇ ਇਸ ਰਾਸ਼ਟਰ ਪੱਧਰੀ ਵੱਕਾਰੀ ਟੈਸਟ ਵਿਚ ਇਹ ਮਾਅਰਕਾ ਮਾਰਿਆ ਹੋਵੇ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਪਿੱਛੇ ਵਿਦਿਆਰਥੀ ਦੀ ਕਾਬਲੀਅਤ ਅਤੇ ਮਿਹਨਤ ਦੇ ਨਾਲ-ਨਾਲ ਸੰਬੰਧਤ ਵਿਭਾਗ ਦੀ ਯੋਗ ਫੈਕਲਟੀ ਵੱਲੋਂ ਮੁਹੱਈਆ ਕਰਵਾਏ ਗਏ ਗੁਣਵੱਤਾ ਸੰਪੰਨ ਗਿਆਨ ਅਤੇ ਅਗਵਾਈ ਦੀ ਵੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਅਭਿਨਵ ਨੇ ਇਸ ਪ੍ਰਾਪਤੀ ਨਾਲ ਇਸ ਦਿਸ਼ਾ ਵਿਚ ਇੱਕ ਮਿਸਾਲੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਤੋਂ ਪ੍ਰੇਰਣਾ ਲੈ ਕੇ ਹੋਰ ਵਿਦਿਆਰਥੀ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੱਡੀਆਂ ਮੱਲਾਂ ਮਾਰਨਗੇ।
ਪਲੇਸਮੈਂਟ ਸੈੱਲ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਅਤੇ ਕੋਆਰਡੀਨੇਟਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਵਿਦਿਆਰਥੀ ਇੱਕ ਸਧਾਰਨ ਪਰਿਵਾਰਕ ਪਿਛੋਕੜ ਵਾਲਾ ਮਿਹਨਤੀ ਵਿਦਿਆਰਥੀ ਹੈ ਜਿਸ ਨੇ ਆਪਣੀ ਸਮੁੱਚੀ ਤਿਆਰੀ ਪੰਜਾਬੀ ਯੂਨੀਵਰਸਿਟੀ ਰਹਿ ਕੇ ਹੀ ਕੀਤੀ ਹੈ ਇਸ ਲਈ ਬਾਕੀ ਵਿਦਿਆਰਥੀ ਵੀ ਇਸ ਪ੍ਰਾਪਤੀ ਨੂੰ ਲੈ ਕੇ ਵਧੇਰੇ ਉਤਸੁਕ ਵਿਖਾਈ ਦੇ ਰਹੇ ਹਨ। ਸੰਬੰਧਤ ਸਿਵਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਕਰਣਵੀਰ ਸਿੰਘ ਰੰਧਾਵਾ ਨੇ ਦੱਸਿਆ ਪਿਛਲੇ ਦੋ ਸਾਲਾਂ ਦੌਰਾਨ ਸਿਵਲ ਇੰਜਨੀਅਰਿੰਗ ਦੇ ਕੁੱਲ 38 ਵਿਦਿਆਰਥੀ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸੰਬੰਧਤ ਵਿਭਾਗਾਂ ਵਿਚ ਐੱਸ.ਡੀ.ਓ. ਦੇ ਅਹੁਦੇ ਲਈ ਚੁਣੇ ਗਏ ਹਨ ਅਭਿਨਵ ਗੋਇਲ ਨੇ ਆਪਣੀ ਇਸ ਪ੍ਰਾਪਤੀ ਬਾਰੇ ਦੱਸਦਿਆਂ ਕਿਹਾ ਕਿ ਇਸ ਮਾਮਲੇ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਵਿਸ਼ੇਸ ਕਰ ਕੇ ਸਿਵਲ ਇੰਜਨੀਅਰਿੰਗ ਵਿਭਾਗ ਦੀ ਬਹੁਤ ਹੀ ਅਹਿਮ ਭੂਮਿਕਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।