ਕਿਸਾਨ ਨੂੰ ਜ਼ਮੀਨ ਦਾ ਕਬਜ਼ਾ ਦਵਾਇਆ
ਗੁਰਜੀਤ/ਭੁੱਚੋ ਮੰਡੀ। ਲਹਿਰਾ ਬੇਗਾ ਰੋਡ ਭੁੱਚੋ ਮੰਡੀ ਵਿਖੇ ਲਹਿਰਾ ਖਾਨਾ ਦੇ ਕਿਸਾਨ ਦੀ ਜ਼ਮੀਨ ਤੇ ਸ਼ੈਲਰ ਮਾਲਕ ਵੱਲੋਂ ਕੀਤੇ ਨਜਾਇਜ਼ ਕਬਜ਼ੇ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਇਆ ਪੱਕਾ ਮੋਰਚਾ ਅੱਜ ਉਸ ਸਮੇਂ ਜਿੱਤ ਦੇ ਰੂਪ ਵਿੱਚ ਬਦਲ ਗਿਆ ਜਦ ਨਾਇਬ ਤਹਿਸੀਲਦਾਰ ਨਥਾਣਾ ਨੇ ਮੌਕੇ ‘ਤੇ ਪਹੁੰਚ ਕੇ ਪਟਵਾਰੀ ਅਤੇ ਕਾਨੂਗੋ ਤੋਂ ਮਿਣਤੀ ਕਰਵਾ ਕੇ ਕਿਸਾਨ ਦੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਖਤਮ ਕਰਵਾਇਆ ਜਿਸ ਤੋਂ ਬਾਅਦ ਕਿਸਾਨਾਂ ਨੇ ਪੱਕਾ ਮੋਰਚਾ ਸਮਾਪਤ ਕਰ ਦਿੱਤਾ। ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਕਿਸਾਨਾਂ ਦਾ ਧਰਨਾ ਚਲ ਰਿਹਾ ਸੀ ਅਤੇ ਅੱਜ ਸਵੇਰੇ ਕਿਸਾਨ ਮੋਰਚੇ ਦੇ ਆਗੂਆਂ ਨੇ ਐਲਾਨ ਕਰ ਦਿੱਤਾ ਕਿ ਜੇ 11 ਵਜੇ ਤੱਕ ਕਾਨੂੰਗੋ ਅਤੇ ਪਟਵਾਰੀ ਨੇ ਮਿਣਤੀ ਕਰਕੇ ਕਿਸਾਨ ਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਕਿਸਾਨ ਨੂੰ ਆਪਣੀ ਜ਼ਮੀਨ ਵਿੱਚ ਫਸਲ ਬੀਜਣ ਦੀ ਇਜਾਜ਼ਤ ਨਾ ਦਿੱਤੀ ਤਾਂ ਕਿਸਾਨ ਸਿੱਧੀ ਕਾਰਵਾਈ ਕਰਨ ਲਈ ਮਜਬੂਰ ਹੋਣਗੇ।
ਇਸ ਚੇਤਾਵਨੀ ਤੋਂ ਬਾਅਦ 11 ਵਜੇ ਤਹਿਸੀਲਦਾਰ ਨਥਾਣਾ ਪਟਵਾਰੀ ਅਤੇ ਕਾਨੂੰਗੋ ਨੂੰ ਲੈ ਕੇ ਮੋਰਚੇ ਵਾਲੀ ਥਾਂ ‘ਤੇ ਪਹੁੰਚ ਗਏ ਅਤੇ 12 ਵਜੇ ਤੱਕ ਜ਼ਮੀਨ ਦੀ ਨਿਸ਼ਾਨਦੇਹੀ ਕਰਕੇ ਜ਼ਮੀਨ ਦਾ ਕਬਜ਼ਾ ਕਿਸਾਨ ਨੂੰ ਦੇ ਦਿੱਤਾ ਅਤੇ ਕਿਸਾਨ ਨੇ ਜ਼ਮੀਨ ਨੂੰ ਪਾਣੀ ਦੇ ਕੇ ਫਸਲ ਦੀ ਬਿਜਾਈ ਕਰਕੇ ਪੱਕੇ ਮੋਰਚੇ ਨੂੰ ਜਿੱਤ ਦੀ ਮੰਜ਼ਿਲ ਤੱਕ ਪਹੁੰਚਾਇਆ। ਇਸ ਮੌਕੇ ਕਿਸਾਨਾਂ ਦੇ ਇਕੱਠ ਨੂੰ ਬੀ ਕੇ ਯੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਜਿਲ੍ਹਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ, ਜਿਲ੍ਹਾ ਸਕੱਤਰ ਗੁਰਮੇਲ ਸਿੰਘ ਜੰਡਾਂਵਾਲਾ, ਫੂਲ ਬਲਾਕ ਪ੍ਰਧਾਨ ਤੀਰਥ ਰਾਮ ਸੇਵਰਾਹ, ਰਣਜੀਤ ਸਿੰਘ ਮੰਡੀਕਲਾਂ, ਲੋਕ ਸੰਗਰਾਮ ਮੰਚ ਦੇ ਸੂਬਾ ਸਕੱਤਰ ਸੁਖਵਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ। ਓਧਰ ਸ਼ੈਲਰ ਮਾਲਕ ਦਵਿੰਦਰ ਪੱਪੂ ਨੇ ਕਿਹਾ ਕਿ ਕਿਸੇ ਨੂੰ ਕੋਈ ਕਬਜ਼ਾ ਨਹੀਂ ਦਵਾਇਆ ਜ਼ਮੀਨ ਦਾ ਕਬਜ਼ਾ ਉਨ੍ਹਾਂ ਕੋਲ ਹੈ ਅਤੇ ਇਸ ਜ਼ਮੀਨ ਦਾ ਕੋਰਟ ਕੇਸ ਚੱਲ ਰਿਹਾ ਹੈ। ਕੁੱਝ ਕਿਸਾਨਾਂ ਨੇ ਇਕੱਠੇ ਹੋ ਕੇ ਧੱਕੇ ਨਾਲ ਸਾਡੀ ਖਰੀਦੀ ਹੋਈ ਜ਼ਮੀਨ ‘ਤੇ ਕਬਜ਼ਾ ਕੀਤਾ ਹੈ ਅਤੇ ਉਹ ਕਾਨੂੰਨ ਦਾ ਸਹਾਰਾ ਲੈਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।