ਨਵਜੋਤ ਬਜਾਜ, ਗੱਗੂ
ਜਿੱਤ ਪ੍ਰਾਪਤ ਕਰਨ ਦਾ ਦ੍ਰਿੜ੍ਹ ਨਿਸ਼ਚਾ ਇੱਕ ਅਜਿਹੀ ਚੀਜ਼ ਹੈ ਜਿਸ ਦੁਆਰਾ ਬੁਰੀ ਤਰ੍ਹਾਂ ਹਾਰੇ ਹੋਏ ਹਾਲਾਤ ‘ਚੋਂ ਮਨੁੱਖ ਜਿੱਤ ਦਾ ਰਸਤਾ ਕੱਢ ਹੀ ਲੈਂਦਾ ਹੈ। ਜਿੰਨੇ ਵੀ ਸਫ਼ਲ ਇਨਸਾਨ ਅੱਜ ਤੱਕ ਸੰਸਾਰ ਵਿੱਚ ਹੋਏ ਹਨ, ਉਨ੍ਹਾਂ ਦੀ ਸਫਲਤਾ ਦਾ ਭੇਤ ਇਹੀ ਰਿਹਾ ਹੈ ਕਿ ਉਨ੍ਹਾਂ ਨੇ ਕਦੇ ਕਿਸੇ ਵੀ ਹਾਲਾਤ ਵਿੱਚ ਹਾਰ ਸਵੀਕਾਰ ਨਹੀਂ ਕੀਤੀ। ਤੁਹਾਡਾ ਅਤੀਤ ਚਾਹੇ ਕਿੰਨਾ ਹਨ੍ਹੇਰਾ ਰਿਹਾ ਹੋਵੇ, ਚਾਹੇ ਕਿੰਨੀਆਂ ਨਿਰਾਸ਼ਾਵਾਂ ਮਿਲੀਆਂ ਹੋਣ, ਚਾਹੇ ਹਰ ਕਦਮ ‘ਤੇ ਤੁਸੀਂ ਮੂੰਹ ਦੀ ਖਾਧੀ ਹੋਵੇ ਤੇ ਇੱਥੋਂ ਤੱਕ ਵੀ ਸੰਭਵ ਹੈ, ਕਿ ਤੁਹਾਨੂੰ ਕਿਸੇ ਵੀ ਕੰਮ ਵਿੱਚ ਸਫਲਤਾ ਨਾ ਮਿਲੀ ਹੋਵੇ ਤਾਂ ਵੀ ਕੋਈ ਕਾਰਨ ਨਹੀਂ ਕਿ ਤੁਸੀਂ ਨਿਰਾਸ਼ ਹੋ ਕੇ ਬੈਠ ਜਾਓ ਤੇ ਜਿੱਤ ਦੀ ਕਾਮਨਾ ਛੱਡ ਦਿਓ। ਜੋ ਵਿਅਕਤੀ ਹਮੇਸ਼ਾ ਆਪਣੀਆਂ ਅਸਫਲਤਾਵਾਂ ਬਾਰੇ ਸੋਚਦਾ ਰਹਿੰਦਾ ਹੈ, ਉਸ ਨੂੰ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਹੁੰਦੀ।
ਇਹ ਠੀਕ ਹੈ, ਕਿਸੇ ਵਿਸ਼ੇਸ਼ ਕਾਰਨਾਂ ਕਰਕੇ ਤੁਹਾਨੂੰ ਪਹਿਲਾਂ ਉਹ ਕੁਝ ਪ੍ਰਾਪਤ ਨਾ ਹੋ ਸਕਿਆ ਹੋਵੇ ਜੋ ਤੁਸੀਂ ਚਾਹੁੰਦੇ ਸੀ, ਜਾਂ ਤੁਸੀਂ ਕਿਸੇ ਕਾਰੋਬਾਰ ਵਿੱਚ ਆਪਣਾ ਪੂਰਾ ਧਨ ਗੁਆ ਦਿੱਤਾ ਹੋਵੇ ਜਾਂ ਤੁਹਾਡੇ ਮਿੱਤਰ ਅਤੇ ਸਬੰਧੀ ਤੁਹਾਡੇ ਨਾਲ ਰੁੱਸ ਗਏ ਹੋਣ ਤੇ ਤੁਸੀਂ ਬਿਲਕੁਲ ਇਕੱਲੇ ਰਹਿ ਗਏ ਹੋਵੇ, ਕੋਈ ਘਰ-ਘਾਟ ਨਾ ਰਹਿ ਗਿਆ ਹੋਵੇ ਜਾਂ ਕੋਈ ਆਪਣਾ ਕਹਿਣ ਨੂੰ ਨਾ ਬਚਿਆ ਹੋਵੇ, ਸਰੀਰਕ ਤੌਰ ‘ਤੇ ਵੀ ਚਾਹੇ ਤੁਸੀਂ ਕਿੰਨੇ ਵੀ ਬਿਮਾਰ ਤੇ ਕਮਜੋਰ ਹੋ ਗਏ ਹੋਵੋ ਅਤੇ ਲੱਗਣ ਲੱਗੇ ਕਿ ਤੁਸੀਂ ਕੋਈ ਵੀ ਕੰਮ ਕਰਨ ਦੇ ਕਾਬਿਲ ਨਹੀਂ ਰਹਿ ਗਏ, ਪਰ ਇਨ੍ਹਾਂ ਸਾਰੀਆਂ ਮਾਯੂਸੀਆਂ ਦੇ ਬਾਵਜੂਦ ਜੇ ਤੁਹਾਡੇ ਮਨ ਵਿੱਚ ਕਿਤੇ ਇਹ ਭਾਵਨਾ ਹੈ ਕਿ ਮੈਂ ਹਾਰ ਨਹੀਂ ਮੰਨਾਂਗਾ, ਤਾਂ ਕੋਈ ਕਾਰਨ ਨਹੀਂ ਕਿ ਅਖੀਰ ਜਿੱਤ ਦਾ ਸਿਹਰਾ ਤੁਹਾਡੇ ਸਿਰ ‘ਤੇ ਨਾ ਬੰਨ੍ਹਿਆ ਜਾਵੇ। ਜੋ ਵਿਅਕਤੀ ਇਹ ਸੋਚ ਕੇ ਹਿੰਮਤ ਹਾਰ ਬੈਠਦਾ ਹੈ ਕਿ ਇੱਕ ਵਾਰ ਭੁੱਲ ਹੋ ਗਈ, ਹੁਣ ਪਤਾ ਨਹੀਂ ਮੈਂ ਇਸ ਨੂੰ ਠੀਕ ਕਰ ਸਕਾਂਗਾ ਕਿ ਨਹੀਂ, ਉਹ ਬਹੁਤ ਕਮਜ਼ੋਰ ਆਦਮੀ ਹੁੰਦਾ ਹੈ। ਅਸਲ ਵਿੱਚ ਤੁਹਾਡੀ ਕਾਬਲੀਅਤ ਦਾ ਪਤ ਉਦੋਂ ਲੱਗਦਾ ਹੈ ਜਦੋਂ ਤੁਸੀਂ ਸਭ ਕੁਝ ਗੁਆ ਬੈਠਦੇ ਹੋ। ਅਜਿਹੇ ਸਮੇਂ ਜੇ ਤੁਸੀਂ ਹਿੰਮਤ ਹਾਰ ਕੇ ਬੈਠ ਜਾਵੋ ਤੇ ਮੰਨ ਲਵੋ ਕਿ ਹੁਣ ਕੁਝ ਨਹੀਂ ਕੀਤਾ ਜਾ ਸਕਦਾ, ਤਾਂ ਫੇਰ ਅਸਲ ਵਿੱਚ ਸੰਸਾਰ ਦੀ ਕੋਈ ਤਾਕਤ ਤੁਹਾਨੂੰ ਬਰਬਾਦੀ ਤੋਂ ਨਹੀਂ ਬਚਾ ਸਕੇਗੀ। ਪਰ ਜੇ ਅਜਿਹੇ ਹਾਲਾਤ ਵਿੱਚ ਤੁਸੀਂ ਮਨ ਮਜ਼ਬੂਤ ਕਰਕੇ ਅਤੇ ਸੀਨਾ ਤਾਣ ਕੇ ਆਪਣੀ ਹਰ ਹਾਰ ਨੂੰ ਧੱਕ ਸਕਦੇ ਹੋਵੋ ਤਾਂ ਸਮਝ ਲਵੋ ਕਿ ਤੁਹਾਡੇ ਅੰਦਰ ਦੇ ਮਨੁੱਖ ਦਾ ਹਾਲੇ ਕੁਝ ਨਹੀਂ ਵਿਗੜਿਆ ਅਤੇ ਤੁਸੀਂ ਸਭ ਕੁਝ ਕਰ ਸਕਦੇ ਹੋ।
ਤੁਸੀਂ ਸੋਚੋ ਕਿ ਤੁਸੀਂ ਬਹੁਤ ਵਾਰ ਫੇਲ੍ਹ ਹੋ ਚੁੱਕੇ ਹੋ ਤੇ ਹੁਣ ਕੋਸ਼ਿਸ਼ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ, ਵਾਰ-ਵਾਰ ਡਿੱਗ ਕੇ ਤੁਹਾਡੇ ਹੌਂਸਲੇ ਦੇ ਗੋਡੇ ਟੁੱਟ ਚੁੱਕੇ ਹੋਣ, ਪਰ ਫੇਰ ਵੀ ਕੋਈ ਨਾ ਕੋਈ ਰਸਤਾ ਅਜਿਹਾ ਬਾਕੀ ਰਹਿੰਦਾ ਹੀ ਹੈ ਜੋ ਤੁਹਾਨੂੰ ਕਾਮਯਾਬੀ ਦੀ ਮੰਜ਼ਿਲ ਤੱਕ ਲੈ ਜਾਂਦਾ ਹੈ। ਇਸ ਲਈ ਇਹ ਗੱਲ ਬੇਮਾਨੀ ਹੈ ਕਿ ਤੁਸੀਂ ਕਿੰਨੀ ਦਫਾ ਅਤੇ ਕਿਵੇਂ-ਕਿਵੇਂ ਹਾਰ ਚੁੱਕੇ ਹੋ। ਸਾਰਥਿਕ ਤਾਂ ਸਿਰਫ ਇਹ ਹੈ ਕਿ ਤਹਾਡੇ ਮਨ ਵਿੱਚ ਉਨ੍ਹਾਂ ਹਾਰਾਂ ਵਿੱਚੋਂ ਵੀ ਜਿੱਤ ਪਾਉਣ ਦੀ ਇੱਛਾ ਬਾਕੀ ਹੈ ਕਿ ਨਹੀਂ! ਜੋ ਹਿੰਮਤ ਹਾਰਨਾ ਨਹੀਂ ਜਾਣਦਾ, ਉਸ ਲਈ ਕਿਸੇ ਵੀ ਹਾਰ ਦੀ ਹੋਂਦ ਨਹੀਂ ਹੁੰਦੀ ਕਿਉਂਕਿ ਉਸ ਦਾ ਚਰਿੱਤਰ ਇੰਨਾ ਉੱਚਾ ਹੁੰਦਾ ਹੈ ਅਤੇ ਉਸ ਵਿੱਚ ਆਤਮ-ਸਨਮਾਨ ਦੀ ਭਾਵਨਾ ਇੰਨੀ ਜ਼ਬਰਦਸਤ ਹੁੰਦੀ ਹੈ ਕਿ ਉਹ ਖੁਦ ਨੂੰ ਹਾਰਿਆ ਸਵੀਕਾਰ ਕਰ ਹੀ ਨਹੀਂ ਸਕਦਾ। ਇਸ ਲਈ ਜੇ ਤੁਸੀਂ ਅਜਿਹੀ ਮਿੱਟੀ ਦੇ ਬਣੇ ਹੋ ਜੋ ਸਿਰਫ ਜਿੱਤਣਾ ਜਾਣਦਾ ਹੈ ਤਾਂ ਵਿਸ਼ਵਾਸ ਰੱਖੋ ਸਾਰੀ ਬਦਕਿਸਮਤੀ ਅਤੇ ਸਾਰੀਆਂ ਹਾਰਾਂ ਹਾਰ ਕੇ ਤੁਹਾਡੇ ਕੋਲੋਂ ਹਟ ਜਾਣਗੀਆਂ ਤੇ ਤੁਹਾਨੂੰ ਹੋਰ ਜ਼ਿਆਦਾ ਮਜ਼ਬੂਤ ਬਣਾ ਜਾਣਗੀਆਂ।
ਅਸਲ ਵਿੱਚ ਹਾਰ ਹੀ ਉਹ ਸ਼ਕਤੀ ਹੁੰਦੀ ਹੈ ਜੋ ਮਨੁੱਖ ਦੇ ਨਿਸ਼ਚੇ ਨੂੰ ਮਜ਼ਬੂਤ ਬਣਾਉਂਦੀ ਜਾਂਦੀ ਹੈ ਤੇ ਅਖੀਰ ਉਹ ਸ਼ਕਤੀ ਉਸ ਨੂੰ ਅਜਿੱਤ ਐਲਾਨ ਕਰ ਦਿੰਦੀ ਹੈ। ਜੋ ਆਦਮੀ ਡਿੱਗ ਕੇ ਖੜ੍ਹਾ ਨਾ ਹੋ ਸਕੇ ਅਤੇ ਕਿਸੇ ਵਿਰੋਧ ਦੇ ਸਾਹਮਣੇ ਸੀਨਾ ਤਾਣੀ ਨਾ ਰਹਿ ਸਕੇ, ਉਸ ਦੇ ਮੁਕਾਬਲੇ ਇੱਕ ਹੌਂਸਲੇ ਵਾਲਾ ਅਪਾਹਿਜ ਆਦਮੀ ਕਿਤੇ ਚੰਗਾ ਹੈ। ਸੋ ਚਾਹੇ ਜੋ ਹੋ ਜਾਏ ਚਾਹੇ ਜੋ ਗੁਆਚ ਜਾਏ, ਆਪਣੇ-ਆਪ ‘ਤੇ ਤੁਹਾਡੀ ਪਕੜ ਮਜ਼ਬੂਤ ਰਹਿਣੀ ਚਾਹੀਦੀ ਹੈ, ਭਾਵ ਇਹ ਹੈ ਕਿ ਆਪਣੇ-ਆਪ ਨੂੰ ਗੁਆਚਣ ਨਾ ਦਿਓ, ਕਿਉਂਕਿ ਇਹੀ ਤੁਹਾਡਾ ਉਹ ਅਨਮੋਲ ਰਤਨ ਹੈ ਜੋ ਤੁਹਾਨੂੰ ਆਪਣੇ ਸਾਹਾਂ ਤੋਂ ਵੀ ਜ਼ਿਆਦਾ ਪਿਆਰਾ ਹੋਣਾ ਚਾਹੀਦਾ ਹੈ। ਇਸ ਗੱਲ ਨੂੰ ਕਦੇ ਨਾ ਭੁੱਲੋ ਕਿ ਮਨੁੱਖ ਵਿੱਚ ਅਸੀਮ ਸ਼ਕਤੀ ਹੈ ਅਤੇ ਮਨੁੱਖ ਹਰ ਹਾਰ ਤੋਂ ਉੱਪਰ ਹੁੰਦਾ ਹੈ। ਹਾਰ ਆਖਿਰ ਹੈ ਕੀ? ਹਾਰ ਕੁਝ ਨਹੀਂ ਹੁੰਦੀ। ਕਿਸੇ ਵੀ ਜਿੱਤ ਦੇ ਪਹਿਲੇ ਕੁਝ ਚਰਣਾਂ ਨੂੰ ਹਾਰ ਦਾ ਨਾਂਅ ਮਿਲ ਜਾਂਦਾ ਹੈ। ਬਹੁਤ ਸਾਰੇ ਲੋਕ ਆਪਣੇ ਜੀਵਨ ਵਿੱਚ ਸਫਲ ਹੋ ਜਾਂਦੇ ਹਨ। ਉਨ੍ਹਾਂ ਦੇ ਜੀਵਨ ਦਾ ਇਤਿਹਾਸ ਚੁੱਕ ਕੇ ਦੇਖ ਲਓ, ਤਾਂ ਸਾਫ ਪਤਾ ਲੱਗੇਗਾ ਕਿ ਇਹ ਸ਼ੁਰੂ-ਸ਼ੁਰੂ ਵਿੱਚ ਕਈ ਵਾਰ ਹਾਰੇ ਸਨ ਅਤੇ ਜੋ ਵਿਅਕਤੀ ਕਦੇ ਜਿੰਦਗੀ ਵਿੱਚ ਹਾਰਿਆ ਹੀ ਨਹੀਂ ਹੈ, ਉਸ ਨੂੰ ਜਿੱਤ ਦਾ ਅਸਲੀ ਮਜ਼ਾ ਆ ਵੀ ਨਹੀਂ ਸਕਦਾ। ਹਾਰ ਵਿੱਚ ਕੁਝ ਐਸੀ ਸ਼ਕਤੀ ਹੁੰਦੀ ਹੈ ਜੋ ਮਨੁੱਖ ਦੀ ਮਿੱਟੀ ਵਿੱਚ ਨਵੀਂ ਰੂਹ ਭਰ ਦਿੰਦੀ ਹੈ। ਇਸੇ ਨਾਲ ਉਸ ਨੂੰ ਅੱਗੇ ਵਧਣ ਦੀ ਪ੍ਰੇਰਣਾ ਮਿਲਦੀ ਹੈ ਅਤੇ ਆਪਣੀਆਂ ਚੰਗੀਆਂ ਤੋਂ ਚੰਗੀਆਂ ਖੂਬੀਆਂ ਨੂੰ ਉਜਾਗਰ ਕਰ ਸਕਣ ਦਾ ਮੌਕਾ ਪ੍ਰਾਪਤ ਹੁੰਦਾ ਹੈ। ਇੱਕਾ-ਦੁੱਕਾ ਹਾਰਾਂ ਤੋਂ ਬਾਅਦ ਹੀ ਮਨੁੱਖ ਆਪਣੀ ਅਸਲੀ ਸਥਿਤੀ ਨੂੰ ਪਹਿਚਾਣ ਪਾਉਂਦਾ ਹੈ, ਆਪਣੀ ਅਸਲੀ ਤਾਕਤ ਦਾ ਉਸਨੂੰ ਪਤਾ ਲੱਗਦਾ ਹੈ ਨਹੀਂ ਤਾਂ ਉਸ ਤੋਂ ਪਹਿਲਾਂ ਤਾਂ ਉਹ ਖੂਹ ਦੇ ਡੱਡੂ ਵਾਂਗ ਹੁੰਦਾ ਹੈ ਜਾਂ ਉਸ ਘੋੜੇ ਵਾਂਗ ਜੋ ਕਦੇ ਭੱਜਿਆ ਹੀ ਨਹੀਂ ਤੇ ਲਗਾਤਾਰ ਆਪਣੇ-ਆਪ ਨੂੰ ਆਪਣੇ ਮਾਲਿਕ ਦਾ ਗੁਲਾਮ ਸਮਝਦਾ ਰਹਿੰਦਾ ਹੈ।
ਜ਼ਿਆਦਾਤਰ ਲੋਕ ਆਪਣੇ-ਆਪ ਨੂੰ ਉਦੋਂ ਤੱਕ ਪਹਿਚਾਣ ਨਹੀਂ ਪਾਉਂਦੇ ਜਦੋਂ ਤੱਕ ਕਿ ਬਰਬਾਦੀਆਂ ਨਾਲ ਦੋ-ਚਾਰ ਨਾ ਹੋਣ। ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਆਪਣੇ ਅੰਦਰ ਜਮ੍ਹਾ ਸ਼ਕਤੀਆਂ ਦਾ ਉਪਯੋਗ ਕਿਵੇਂ ਕੀਤਾ ਜਾਵੇ। ਇਸੇ ਕਰਕੇ ਤਾਂ ਕਹਿੰਦੇ ਹਨ ਕਿ ਮੁਸੀਬਤਾਂ ਮਨੁੱਖ ਦੀਆਂ ਸਭ ਤੋਂ ਵੱਡੀਆਂ ਟੀਚਰ ਹਨ। ਜਿਨ੍ਹਾਂ ਨਾਲ ਉਹ ਜੀਵਨ ਦੇ ਔਖੇ ਹਾਲਾਤ ਦਾ ਸਾਹਮਣਾ ਕਰਨਾ ਸਿੱਖਦਾ ਹੈ ਤੇ ਨਾ ਹੀ ਉਸ ਨੂੰ ਮਾਲੂਮ ਹੁੰਦਾ ਹੈ ਕਿ ਉਸ ਵਿੱਚ ਇਨ੍ਹਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਹੈ। ਐਸ਼ੋ-ਆਰਾਮ ਦੀ ਜਿੰਦਗੀ ਬਿਤਾਉਂਦੇ ਹੋਏ ਉਸ ਨੂੰ ਕਦੇ ਪਤਾ ਹੀ ਨਹੀਂ ਲੱਗ ਸਕਦਾ ਕਿ ਉਹ ਕਿੰਨਾ ਸਮਰੱਥਾਵਾਨ ਹੈ। ਅਸਲ ਵਿੱਚ ਸਾਡੀ ਪ੍ਰਕਿਰਤੀ ਵਿੱਚ ਅਜਿਹਾ ਕੁਝ ਹੈ ਜਿਸ ਦੀ ਸ਼ਾਇਦ ਅਸੀਂ ਵਿਆਖਿਆ ਨਹੀਂ ਕਰ ਪਾਉਂਦੇ ਲੇਕਿਨ ਇਹ ਸੁਭਾਵਿਕ ਹੈ ਕਿ ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ, ਸਾਡੇ ਅੰਦਰੋਂ ਪਤਾ ਨਹੀਂ ਕਿਹੜੇ ਖੂੰਜਿਆਂ ‘ਚੋਂ ਛੁਪੀਆਂ ਹੋਈਆਂ ਸ਼ਕਤੀਆਂ ਉੱਭਰ ਕੇ ਬਾਹਰ ਆ ਜਾਂਦੀਆਂ ਹਨ। ਭੂਚਾਲ ਜਾਂ ਹੋਰ ਹਾਦਸਿਆਂ ਸਮੇਂ ਕਮਜੋਰ ਅਤੇ ਅਪਾਹਿਜ ਲੋਕ ਵੀ ਅਜਿਹੇ ਬਹਾਦਰੀ ਭਰੇ ਕੰਮ ਕਰ ਗੁਜ਼ਰਦੇ ਹਨ ਕਿ ਸੁਣ ਕੇ ਹੈਰਾਨੀ ਹੁੰਦੀ ਹੈ। ਸਧਾਰਨ ਜੀਵਨ ਵਿੱਚ ਅਸੀਂ ਆਪਣੀਆਂ ਜਿਨ੍ਹਾਂ ਸ਼ਕਤੀਆਂ ਨੂੰ ਗਿਣਦੇ ਹੀ ਨਹੀਂ,ਕਿਉਂਕਿ ਅਸੀਂ ਉਨ੍ਹਾਂ ਨਾਲ ਵਾਕਿਫ ਨਹੀਂ ਹੁੰਦੇ, ਉਹੀ ਸ਼ਕਤੀਆਂ ਅਸਾਧਾਰਨ ਹਾਲਤ ਵਿੱਚ ਸਾਡੀਆਂ ਸਭ ਤੋਂ ਵੱਡੀਆਂ ਸਹਾਇਕ ਸਿੱਧ ਹੁੰਦੀਆਂ ਹਨ ਤੇ ਜੋ ਵਿਅਕਤੀ ਇਨ੍ਹਾਂ ਸ਼ਕਤੀਆਂ ਨੂੰ ਪਹਿਚਾਣ ਲੈਂਦਾ ਹੈ, ਉਸ ਦੇ ਸਾਹਮਣੇ ਹਾਰ ਨਾਂਅ ਦੀ ਚੀਜ਼ ਨਿਗੂਣੀ ਹੋ ਜਾਂਦੀ ਹੈ।
ਜੀਵਨ ਵਿੱਚ ਕਈ ਮੌਕੇ ਅਜਿਹੇ ਆਉਂਦੇ ਹਨ ਜਦੋਂ ਅਸੀਂ ਕੁਝ ਮੁਸ਼ਕਲਾਂ ਵਿੱਚ ਘਿਰ ਜਾਂਦੇ ਹਾਂ ਤੇ ਇਹ ਸੋਚਣ ਲੱਗਦੇ ਹਾਂ ਕਿ ਹੁਣ ਇਨ੍ਹਾਂ ਤੋਂ ਛੁਟਕਾਰਾ ਨਹੀਂ ਮਿਲ ਸਕੇਗਾ। ਉਸ ਸਮੇਂ ਇਹ ਡਰ ਵੀ ਪੈਦਾ ਹੋ ਜਾਂਦਾ ਹੈ ਕਿ ਸਾਡੀਆਂ ਮਹੱਤਵਪੂਰਨ ਇੱਛਾਵਾਂ ਮਿੱਟੀ ਵਿੱਚ ਮਿਲ ਜਾਣਗੀਆਂ ਤੇ ਅਸੀਂ ਬਰਬਾਦ ਹੋ ਜਾਵਾਂਗੇ। ਪਰ ਜਿਉਂ ਅਸੀਂ ਉਨ੍ਹਾਂ ਹਾਲਾਤਾਂ ਵਿੱਚ ਅੱਗੇ ਵਧਦੇ ਰਹਿੰਦੇ ਹਾਂ, ਯਾਨੀ ਉਨ੍ਹਾਂ ਨਾਲ ਜੂਝਦੇ ਹੋਏ ਚਲਦੇ ਜਾਂਦੇ ਹਾਂ ਤਾਂ ਸਾਡੀਆਂ ਅੱਖਾਂ ਸਾਹਮਣੇ ਦੀ ਨਿਰਾਸ਼ਾ ਦੀ ਧੁੰਦ ਛਟਦੀ ਚਲੀ ਜਾਂਦੀ ਹੈ ਅਤੇ ਸਾਨੂੰ ਇਨ੍ਹਾਂ ਸਾਰੀਆਂ ਹਾਰਾਂ ਵਿੱਚੋਂ ਜਿੱਤ ਦਾ ਮਾਰਗ ਦਿਖਾਈ ਦੇਣ ਲੱਗਦਾ ਹੈ। ਖੁਦ ਮੇਰੇ ਜੀਵਨ ਵਿੱਚ ਹੀ ਅਜਿਹੇ ਕਈ ਮੋੜ ਆਏ ਜਦੋਂ ਮੈਨੂੰ ਆਪਣੀਆਂ ਸਮੱਸਿਆਵਾਂ ਦਾ ਕੋਈ ਹੱਲ ਨਜ਼ਰ ਨਹੀਂ ਆਇਆ ਤੇ ਮੈਂ ਬੁਰੀ ਤਰ੍ਹਾਂ ਨਿਰਾਸ਼ਾ ਦੇ ਕੋਹਰੇ ਵਿੱਚ ਘਿਰ ਗਿਆ। ਲੇਕਿਨ ਫੇਰ ਪਤਾ ਨਹੀਂ ਕਿਵੇਂ ਕਿੱਥੋਂ ਤੇ ਕਿਸ ਸ਼ਕਤੀ ਦੇ ਦੁਆਰਾ ਮੈਂ ਸਾਰਾ ਘੇਰਾ ਤੋੜ ਕੇ ਅੱਗੇ ਵਧ ਆਇਆ। ਮੁਸੀਬਤ ਤੋਂ ਦੁਖੀ ਹੋਣ ਦੀ ਬਜਾਏ ਮੁਸੀਬਤ ਨੂੰ ਹੱਲ ਕਰਨ ‘ਤੇ ਧਿਆਨ ਕੇਂਦਰਿਤ ਕਰੋ। ਅਣਆਈਆਂ ਮੁਸੀਬਤਾਂ ਦੀ ਚਿੰਤਾ ਕਰਨਾ ਛੱਡ ਕੇ ਜੋ ਮੁਸੀਬਤ ਸਾਹਮਣੇ ਹੈ, ਉਸ ਦਾ ਮੁਕਾਬਲਾ ਕਰਨਾ ਅਤੇ ਪੂਰੇ ਨਿਸ਼ਚੇ ਨਾਲ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਾ ਹੀ ਇੱਕ ਮਾਤਰ ਅਜਿਹਾ ਉਪਾਅ ਹੈ ਇਸ ਦੇ ਮਾਧਿਅਮ ਨਾਲ ਤੁਸੀਂ ਹਾਰਾਂ ਨੂੰ ਹਰਾ ਸਕਦੇ ਹੋ।
ਭਗਤਾ ਭਾਈ ਕਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।