ਸ਼ੈਲਰ ਦੀ ਕੰਧ ਡਿੱਗੀ, ਦੋ ਮਜ਼ਦੂਰਾਂ ਦੀ ਮੌਤ, ਇੱਕ ਜ਼ਖ਼ਮੀ

Sheller, Collapses, Two Workers Die, One Injured

ਰਾਮ ਗੋਪਾਲ ਰਾਏਕੋਟੀ, ਰਾਏਕੋਟ

ਨੇੜਲੇ ਪਿੰਡ ਬੋਪਾਰਾਏ ਖੁਰਦ ਤੋਂ ਸਿਵੀਆਂ ਨੂੰ ਜਾਣ ਵਾਲੀ ਲਿੰਕ ਸੜਕ ‘ਤੇ ਸਥਿਤ ਇੱਕ ਸ਼ੈਲਰ ਦੀ ਕੰਧ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਤੇ ਇੱਕ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ। ਦੋਵੇਂ ਮ੍ਰਿਤਕਾਂ ‘ਚ ਇੱਕ ਔਰਤ ਤੇ ਇੱਕ ਪੁਰਸ਼ ਮਜ਼ਦੂਰ ਸ਼ਾਮਲ ਹਨ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਬੋਪਾਰਾਏ ਖੁਰਦ ਨੇੜੇ ਸਥਿੱਤ ਸ੍ਰੀ ਓਮ ਰਾਈਸ ਮਿੱਲਜ਼ ਦੇ ਬਾਹਰ ਕੁਝ ਮਜ਼ਦੂਰ ਸ਼ੈਲਰ ਦੇ ਬਾਹਰ ਪਿਆ ਝੋਨੇ ਦਾ ਫੂਸਾ ਇਕੱਠਾ ਕਰ ਰਹੇ ਸਨ ਕਿ ਅਚਾਨਕ ਸ਼ੈਲਰ ਦੀ ਬਾਊਂਡਰੀ ਵਾਲੀ ਕੰਧ ਡਿੱਗ ਗਈ, ਜਿਸ ਦੀ ਲਪੇਟ ‘ਚ ਉੱਥੇ ਕੰਮ ਕਰਦੇ ਮਜ਼ਦੂਰ ਆ ਗਏ। ਕੰਧ ਹੇਠ ਆਏ ਮਜ਼ਦੂਰਾਂ ‘ਚ ਦੋ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦ ਕਿ ਇੱਕ ਮਜ਼ਦੂਰ ਔਰਤ ਮੁਖਤਿਆਰ ਕੌਰ ਜ਼ਖ਼ਮੀ ਹੋ ਗਈ, ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਰਾਏਕੋਟ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ‘ਚੋਂ ਬਾਹਰ ਦੱਸੀ ਜਾ ਰਹੀ ਹੈ। ਮ੍ਰਿਤਕ ਮਜ਼ਦੂਰਾਂ ‘ਚ ਔਰਤ ਦੀ ਪਛਾਣ ਰਣਜੀਤ ਕੌਰ ਪਤਨੀ ਦਰਸ਼ਨ ਸਿੰਘ ਵਾਸੀ ਪਿੰਡ ਜਲਾਲਦੀਵਾਲ ਅਤੇ ਕਰਨੈਲ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਪਿੰਡ ਜਲਾਲਦੀਵਾਲ ਵਜੋਂ ਹੋਈ ਹੈ। ਕੰਧ ਦੀ ਲਪੇਟ ‘ਚ ਆਉਣ ਕਾਰਨ ਉੱਥੇ ਖੜ੍ਹੀ ਇੱਕ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ ‘ਤੇ ਪੁੱਜੇ ਥਾਣਾ ਸਦਰ ਰਾਏਕੋਟ ਦੇ ਮੁਖੀ ਜੀ. ਐੱਸ. ਸਿਕੰਦ ਤੇ ਏਐੱਸਆਈ ਲਖਵੀਰ ਸਿੰਘ ਨੇ ਕਿਹਾ ਕਿ ਘਟਨਾ ‘ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ। ਮੌਕੇ ‘ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਸ਼ੈਲਰ ਦੀ ਕੰਧ ਖਸਤਾ ਹਾਲਤ ‘ਚ ਸੀ, ਜਿਸ ਬਾਰੇ ਸ਼ੈਲਰ ਮਾਲਕ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਸੀ।

ਕੋਲਡ ਡਰਿੰਕ, ਬਿਸਕੁਟ ਦੇ ਗੁਦਾਮ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ

ਸੁਰੇਸ਼ ਗਰਗ, ਸ੍ਰੀ ਮੁਕਤਸਰ ਸਾਹਿਬ

ਸਥਾਨਕ ਥਾਂਦੇਵਾਲਾ ਰੋਡ, ਦਸ਼ਮੇਸ਼ ਨਗਰ ਗਲੀ ਨੰਬਰ 7 ਵਿੱਚ ਇੱਕ ਬਿਸਕੁਟ ਤੇ ਕੋਲਡ ਡਰਿੰਕ ਗੁਦਾਮ ‘ਚ ਅੱਗ ਲੱਗਣ ਨਾਲ ਕਰੀਬ 6 ਲੱਖ ਰੁਪਏ ਦਾ ਨੁਕਸਾਨ ਹੋ ਜਾਣ ਦੀ ਖਬਰ ਹੈ। ਗੁਦਾਮ ਦੇ ਮਾਲਕ ਸੁਰਿੰਦਰ ਕੁਮਾਰ ਪੁੱਤਰ ਹੰਸ ਰਾਜ ਨੇ ਦੱਸਿਆ ਕਿ ਉਹ ਐਤਵਾਰ ਕਰੀਬ 12 ਵਜੇ ਗੁਦਾਮ ਬੰਦ ਕਰਕੇ ਰਿਸ਼ਤੇਦਾਰ ਨੂੰ ਮਿਲਣ ਮਲੋਟ ਗਏ ਸਨ। ਕਰੀਬ 2 ਵਜੇ ਕਿਸੇ ਨੇ ਫੋਨ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਗੁਦਾਮ ‘ਚੋਂ ਧੂੰਆਂ ਨਿਕਲ ਰਿਹਾ ਹੈ, ਜਿਸ ਨਾਲ ਉਹ ਉਸੇ ਵੇਲੇ ਮਲੋਟ ਤੋਂ ਮੁਕਤਸਰ ਆਪਣੇ ਗੁਦਾਮ ‘ਚ ਆਏ ਤਾਂ ਉਨ੍ਹਾਂ ਦੇਖਿਆ ਕਿ ਗੁਦਾਮ ‘ਚ ਅੱਗ ਲੱਗੀ ਹੋਈ ਸੀ। ਉਨ੍ਹਾਂ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੰਦਰ ਧੂੰਆਂ ਜਿਆਦਾ ਹੋਣ ਕਰਕੇ ਤੇ ਅੱਗ ਨੂੰ ਬੁਝਾਉਣ ਲਈ ਕੰਧਾਂ ਨੂੰ ਤੋੜਨਾ ਪਿਆ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਕਾਫੀ ਜੱਦੋ ਜਹਿਦ ਬਾਦ ਅੱਗ ‘ਤੇ ਕਾਬੂ ਪਾਇਆ ਗਿਆ। ਗੁਦਾਮ ਦੇ ਮਾਲਕ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਕਰੀਬ 6 ਲੱਖ ਰੋਪਏ ਦਾ ਨੁਕਸਾਨ ਹੋ ਗਿਆ ਹੈ। ਸੁਰਿੰਦਰ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਸ ਦੀ ਮਦਦ ਕੀਤੀ ਜਾਵੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।