ਸਿੱਖਿਆ ਮੰਤਰੀ ਨਾਲ ਮੀਟਿੰਗ ਅੱਜ, ਚੋਣ ਜਾਬਤੇ ‘ਚ ਵੀ ਯੂਨੀਅਨ ਮੈਂਬਰ ਪੂਰੇ ਸਬੂਤਾਂ ਨਾਲ ਰੱਖਣਗੇ ਆਪਣਾ ਪੱਖ
ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਪੰਜ ਕਾਰਕੁੰਨ ਚੋਣ ਜਾਬਤਾ ਲੱਗਣ ਤੋਂ ਬਾਅਦ 8ਵੇਂ ਦਿਨ ਵੀ ਪਾਣੀ ਵਾਲੀ ਟੈਂਕੀ ‘ਤੇ ਡਟੇ ਹੋਏ ਹਨ। ਅੱਜ ਪਏ ਮੀਂਹ ਵਿੱਚ ਹੀ ਉਹ ਟੱਸ ਤੋਂ ਮੱਸ ਨਾ ਹੋਏ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨੂੰ ਜਗਾਉਣ ਦਾ ਯਤਨ ਕੀਤਾ ਗਿਆ। 12 ਮਾਰਚ ਨੂੰ ਇਨ੍ਹਾਂ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਵੀ ਹੈ, ਪਰ ਇਹ ਮੀਟਿੰਗ ਚੋਣ ਜਾਬਤਾ ਲੱਗਿਆ ਹੋਣ ਕਾਰਨ ਸਿਰਫ਼ ਵਿਖਾਵਾ ਹੀ ਬਣੇਗੀ।
ਜਾਣਕਾਰੀ ਅਨੁਸਾਰ ਚੋਣ ਜਾਬਤਾ ਲੱਗਣ ਤੋਂ ਬਾਅਦ ਭਾਵੇਂ ਪਟਿਆਲਾ ਪ੍ਰਸ਼ਾਸਨ ਵੱਲੋਂ ਸੁੱਖ ਦਾ ਸਾਹ ਲਿਆ ਗਿਆ ਹੈ ਪਰ ਬਹਾਦਰਗੜ੍ਹ ਵਿਖੇ ਪਾਣੀ ਦੀ ਟੈਂਕੀ ‘ਤੇ ਡਟੇ ਅਧਿਆਪਕ ਚੋਣ ਜਾਬਤੇ ਦੀ ਵੀ ਪ੍ਰਵਾਹ ਨਹੀਂ ਕਰ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਨੋਟੀਫਿਕੇਸ਼ਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੇ ਰਹਿਣਗੇ। ਉਂਜ ਭਾਵੇਂ ਪਿਛਲੇ ਅੱਠ ਦਿਨਾਂ ਤੋਂ ਪਾਣੀ ਦੀ ਟੈਂਕੀ ‘ਤੇ ਬੈਠੇ ਜਤਿੰਦਰ ਜਲਾਲਾਬਾਦ, ਸੰਦੀਪ ਸੰਗਰੂਰ, ਸੁਰਿੰਦਰ ਅਬੋਹਰ, ਕਰਨਵੀਰ ਸੰਗਰੂਰ ਅਤੇ ਜਗਸੀਰ ਸੰਗਰੂਰ ਅੱਜ ਵੀ ਵਰ੍ਹਦੇ ਮੀਂਹ ਵਿੱਚ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਰਹੇ ਜਦਕਿ ਹੇਠਾਂ ਉਨ੍ਹਾਂ ਦੇ ਸਾਥੀਆਂ ਵੱਲੋਂ ਲਗਾਤਾਰ ਧਰਨਾ ਲਾਇਆ ਹੋਇਆ ਹੈ। ਇਸ ਪੱਤਰਕਾਰ ਨਾਲ ਗੱਲ ਕਰਦਿਆਂ ਯੂਨੀਅਨ ਦੇ ਸੂਬਾ ਆਗੂਆਂ ਨੇ ਕਿਹਾ ਕਿ ਉਹ ਕੱਲ੍ਹ ਨੂੰ ਸਿੱਖਿਆ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਸਰਕਾਰ ਨੂੰ ਚੋਣ ਜਾਬਤਾ ਲੱਗੇ ਹੋਣ ਦੇ ਬਾਵਜ਼ੂਦ ਭੱਜਣ ਨਹੀਂ ਦੇਣਗੇ।
ਉਨ੍ਹਾਂ ਦੱਸਿਆ ਕਿ ਉਹ ਆਪਣੇ ਵਕੀਲਾਂ ਤੇ ਪੂਰੇ ਦਸਤਾਵੇਜ਼ਾਂ ਨੂੰ ਨਾਲ ਲੈ ਕੇ ਸਿੱਖਿਆ ਮੰਤਰੀ ਕੋਲ ਆਪਣਾ ਪੱਖ ਰੱਖਣਗੇ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਸਭ ਕੁਝ ਕੀਤਾ ਜਾ ਸਕਦਾ ਹੈ, ਜੇਕਰ ਉਨ੍ਹਾਂ ਦੇ ਇਰਾਦੇ ਕੰਮ ਕਰਨ ਵਾਲੇ ਹੋਣ। ਉਨ੍ਹਾਂ ਕਿਹਾ ਕਿ ਉਹ ਆਪਣਾ ਸੰਘਰਸ਼ ਵਿੱਚ ਵਿਚਾਲੇ ਨਹੀਂ ਛੱਡਣਗੇ। ਉਨ੍ਹਾਂ ਦੱਸਿਆ ਕਿ ਭਾਵੇਂ ਪ੍ਰਸ਼ਾਸਨ ਧਰਨੇ ‘ਤੇ ਬੈਠੇ ਅਧਿਆਪਕਾਂ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਧਰਨੇ ‘ਚ ਵਿਰੋਧੀ ਧਿਰਾਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਸਮਰਥਨ ਦਿੱਤਾ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।