1 ਲੱਖ 38 ਹਜ਼ਾਰ ਰੂਪਏ ਦੀ ਨਗਦੀ ਵੀ ਬਰਾਮਦ
ਸੰਗਰੂਰ, ਗੁਰਪ੍ਰੀਤ ਸਿੰਘ/ਸੱਚ ਕਹੂੰ ਨਿਊਜ਼
ਸੰਗਰੂਰ ਪੁਲਿਸ ਨੇ ਇੱਕ ਵਿਅਕਤੀ ਨੁੰ ਕਾਬੂ ਕਰਕੇ ਉਸ ਕੋਲੋਂ 260 ਗ੍ਰਾਮ ਚਿੱਟਾ ਅਤੇ ਇੱਕ ਲੱਖ 38 ਹਜ਼ਾਰ ਰੁਪਏ ਦੀ ਨਕਦੀ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹ ਚਿੱਟਾ ਕੈਪਸੂਲਾਂ ਵਿੱਚ ਭਰਿਆ ਹੋਇਆ ਸੀ।
ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਡਾ: ਸੰਦੀਪ ਗਰਗ ਨੇ ਦੱਸਿਆ ਕਿ ਮਾਲੇਰਕੋਟਲਾ ਪੁਲਿਸ ਨੇ ਮੁਹੰਮਦ ਆਮਿਰ ਉਰਫ਼ ਬਾਵਾ ਵਾਸੀ ਮਾਲੇਰਕੋਟਲਾ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ਤੇ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਬਿਨ੍ਹਾਂ ਨੰਬਰੀ ਸਕੂਟਰੀ ਤੇ ਆ ਰਿਹਾ ਸੀ। ਪੁਲਿਸ ਨੇ ਜਦੋਂ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਕੈਪਸੂਲਾਂ ਵਿੱਚ ਭਰਿਆ ਹੋਇਆ ਨਸ਼ੀਲਾ ਪਦਾਰਥ ਚਿੱਟਾ ਜਿਸ ਦਾ ਵਜ਼ਨ 260 ਗ੍ਰਾਮ ਦੇ ਕਰੀਬ ਬਣਦਾ ਸੀ, ਬਰਾਮਦ ਹੋਇਆ। ਇਸ ਤੋਂ ਇਲਾਵਾ ਉਸ ਕੋਲੋਂ 1 ਲੱਖ 38 ਹਜ਼ਾਰ ਰੁਪਏ ਵੀ ਬਰਾਮਦ ਹੋਏ ਹਨ।
ਡਾ: ਗਰਗ ਨੇ ਦੱਸਿਆ ਕਿ ਪੁੱਛ ਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਕਥਿਤ ਦੋਸ਼ੀ ਆਮਿਰ ਦਿੱਲੀ ਅਤੇ ਯੂ.ਪੀ. ਵਿੱਚੋਂ ਚਿੱਟਾ ਲਿਆ ਕੇ ਮਾਲੇਰਕੋਟਲਾ ਇਲਾਕੇ ਵਿੱਚ ਕਾਫ਼ੀ ਸਮੇਂ ਤੋਂ ਵੇਚ ਰਿਹਾ ਸੀ। ਪੁਲਿਸ ਨੇ ਉਸ ਦੇ ਖਿਲਾਫ਼ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ ਤਹਿਤ ਮਾਲੇਰਕੋਟਲਾ ਸਿਟੀ 2 ਵਿੱਚ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਕਥਿਤ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।