ਹਰ ਸਕੂਲ ਵਿੱਚ ਲੱਗਣਗੇ ਫਲੈਕਸ ਬੋਰਡ, ਨਸ਼ੇ ਦੇ ਖ਼ਿਲਾਫ਼ ਕੀਤਾ ਜਾਏਗਾ ਪ੍ਰਚਾਰ | Sham Sunder Arora
- ਨੌਜਵਾਨ ਸਕੂਲੀ ਸਮੇਂ ਤੋਂ ਦੂਰ ਰਹਿਣ ਨਸ਼ੇ ਤੋਂ, ਅਧਿਆਪਕ ਪੜਾਉਣਗੇ ਪਾਠ | Sham Sunder Arora
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਲਗਾਤਾਰ ਨਸ਼ੇ ਤੋਂ ਹੋ ਰਹੀਆਂ ਮੌਤਾਂ ਤੋਂ ਘਬਰਾਈ ਸਰਕਾਰ ਨੇ ਹੁਣ ਨਸ਼ੇ ਖ਼ਿਲਾਫ਼ ਸਕੂਲਾਂ ਵਿੱਚ ਹੀ ਜੰਮ ਕੇ ਪ੍ਰਚਾਰ ਕਰਨ ਦਾ ਫੈਸਲਾ ਕਰ ਲਿਆ ਹੈ ਤਾਂ ਕਿ ਪ੍ਰਚਾਰ ਅਤੇ ਜਾਗਰੂਕਤਾ ਰਾਹੀਂ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਦੂਰ ਕੀਤਾ ਜਾ ਸਕੇ। ਇਸ ਲਈ ਸੀਨੀਅਰ ਸੈਕੰਡਰੀ ਸਕੂਲਾਂ ਦੀ ਪਹਿਲ ਦੇ ਆਧਾਰ ਚੋਣ ਕੀਤੀ ਗਈ ਹੈ ਤਾਂ ਕਿ ਸਕੂਲੀ ਸਮੇਂ ਤੋਂ ਹੀ ਨੌਜਵਾਨਾ ਦੇ ਦਿਲ ਅਤੇ ਦਿਮਾਗ ਵਿੱਚ ਨਸ਼ੇ ਦੇ ਖ਼ਿਲਾਫ਼ ਭਰ ਦਿੱਤਾ ਜਾਵੇ ਅਤੇ ਨਸ਼ੇ ਨਾਲ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਜਾਵੇ। ਜਿਸ ਨਾਲ ਨੌਜਵਾਨੀ ਦੇ ਦਰਵਾਜੇ ‘ਤੇ ਪੁੱਜਦੇ ਪੁੱਜਦੇ ਵਿਦਿਆਰਥੀ ਨਸ਼ੇ ਦੇ ਖ਼ਿਲਾਫ਼ ਖ਼ੁਦ ਖੜ੍ਹੇ ਹੋ ਸਕਣ।
ਮੁੱਖ ਮੰਤਰੀ ਨੇ ਦਿੱਤੇ ਆਦੇਸ਼, ਜਲਦ ਲੱਗਣਗੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਬੋਰਡ
ਬੀਤੇ ਦਿਨੀਂ ਹੋਈ ਕੈਬਨਿਟ ਮੀਟਿੰਗ ਵਿੱਚ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਮੰਤਰੀਆਂ ਨੂੰ ਨਸ਼ੇ ਦੇ ਖ਼ਿਲਾਫ਼ ਵਿਚਾਰ ਦੇਣ ਲਈ ਕਿਹਾ ਸੀ, ਜਿਥੇ ਕਿ ਉਦਯੋਗ ਮੰਤਰੀ ਸੁੰਦਰ ਸਾਮ ਅਰੋੜਾ ਨੇ ਸਕੂਲੀ ਸਿੱਖਿਆ ਦੌਰਾਨ ਹੀ ਨਸ਼ੇ ਦੇ ਖ਼ਿਲਾਫ਼ ਪਾਠ ਪੜਾਉਣ ਅਤੇ ਜਾਗਰੂਕਾ ਲਈ ਹਰ ਸਕੂਲ ਵਿੱਚ ਵੱਡੇ ਵੱਡੇ ਬੋਰਡ ਲਗਾਉਣ ਦਾ ਸੁਝਾਅ ਦਿੱਤਾ। ਜਿਸ ਨੂੰ ਸੁਣ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਮੌਕੇ ‘ਤੇ ਹੀ ਸਵੀਕਾਰ ਕਰ ਲਿਆ ਅਤੇ ਹੁਣ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੀ ਡਿਊਟੀ ਲਗਾਈ ਗਈ ਹੈ ਕਿ ਉਹ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੱਡੇ ਵੱਡੇ ਬੋਰਡ ਲਗਾਉਂਦੇ ਹੋਏ ਨਾ ਸਿਰਫ਼ ਨਸ਼ੇ ਦੇ ਖ਼ਿਲਾਫ਼ ਪ੍ਰਚਾਰ ਅਤੇ ਜਾਗਰੂਕਾ ਅਭਿਆਨ ਸ਼ੁਰੂ ਕਰਵਾਉਣ, ਸਗੋਂ ਅਧਿਆਪਕਾਂ ਨੂੰ ਆਦੇਸ਼ ਦੇਣ ਕਿ ਉਹ ਸਕੂਲੀ ਸਿੱਖਿਆ ਦੇ ਨਾਲ ਨਾਲ ਨਸ਼ੇ ਦੇ ਖ਼ਿਲਾਫ਼ ਵੀ ਵਿਦਿਆਰਥੀਆਂ ਨੂੰ ਪਾਠ ਪੜਾਉਣ ਤਾਂ ਕਿ ਜਵਾਨੀ ਦੇ ਆਉਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਦੇ ਦਿਲ ਅਤੇ ਦਿਮਾਗ ਵਿੱਚ ਨਸ਼ੇ ਦੀ ਬੁਰਾਈ ਅਤੇ ਉਸ ਨਾਲ ਹੋਣ ਵਾਲੇ ਨੁਕਸਾਨ ਬਾਰੇ ਪੂਰੀ ਜਾਣਕਾਰੀ ਹੋਵੇ। ਜਿਸ ਤੋਂ ਬਾਅਦ ਵਿਦਿਆਰਥੀ ਨੌਜਵਾਨ ਹੋਣ ਤੋਂ ਬਾਅਦ ਘੱਟ ਤੋਂ ਘੱਟ ਇਸ ਤਰ੍ਹਾਂ ਦੇ ਨਸ਼ੇ ਤੋਂ ਬੱਚ ਸਕੇ।
ਸਕੂਲੀ ਸਿੱਖਿਆ ਦੇ ਨਾਲ ਹੀ ਕਾਲਜ ਵੀ ਹੋਣਗੇ ਸ਼ਾਮਲ : ਅਰੋੜਾ
ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਨਾਲ ਹੀ ਉਨਾਂ ਨੇ ਹੁਣ ਕਾਲਜਾ ਵਿੱਚ ਵੀ ਨਸ਼ੇ ਦੇ ਖ਼ਿਲਾਫ਼ ਬੋਰਡ ਅਤੇ ਪ੍ਰਚਾਰ ਕਰਨ ਲਈ ਵੀ ਕਹਿਣ ਜਾ ਰਹੇ ਹਨ ਤਾਂ ਕਿ ਸਕੂਲਾਂ ਦੇ ਨਾਲ ਹੀ ਕਾਲਜਾ ਵਿੱਚ ਪ੍ਰਚਾਰ ਹੋ ਸਕੇ। ਉਨ੍ਹਾਂ ਦੱਸਿਆ ਕਿ ਇਹੋ ਹੀ ਇੱਕੋ ਇੱਕ ਜਰੀਆ ਹੈ, ਜਿਸ ਰਾਹੀਂ ਨਸ਼ੇ ਦੀ ਦਲਦਲ ਵਿੱਚ ਫਸਣ ਵਾਲੇ ਨੌਜਵਾਨਾ ਨੂੰ ਬਚਾਇਆ ਜਾ ਸਕਦਾ ਹੈ।