ਲੋਕ ਰੋਹ ਤੋਂ ਡਰਦਿਆਂ ਸਰਕਾਰ, ਪ੍ਰਸ਼ਾਸਨ ਤੇ ਸਿਆਸਤਦਾਨ ਨਸ਼ਿਆਂ ਵਿਰੁੱਧ ਨਿੱਤਰੇ

Fear, Public, Administrators, Politicians, Fight Against, Drugs

ਚਿੱਟੇ ਦਾ ਕਾਲਾ ਧੰਦਾ ਕਰਨ ਵਾਲਿਆਂ ਦੇ ਕਾਲੇ ਦਿਨ ਆਏ

ਅੰਮ੍ਰਿਤਸਰ, ਰਾਜਨ ਮਾਨ

ਪੰਜਾਬ ਵਿੱਚ ਸਿਆਸਤਦਾਨਾਂ ਤੇ ਹਕੂਮਤਾਂ ਤੋਂ ਤੰਗ ਆ ਕੇ ਲੋਕਾਂ ਵੱਲੋਂ ਚਲਾਈ ਗਈ ਨਸ਼ਾ ਵਿਰੋਧੀ ਲਹਿਰ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਸਰਕਾਰਾਂ ਨੇ ਲੋਕ ਰੋਹ ਨੂੰ ਵੇਖਦਿਆਂ ਨਸ਼ਾ ਤਸਕਰਾਂ ਵਿਰੁੱਧ ਸਖਤ ਕਦਮ ਚੁੱਕਣ ਦੇ ਫੈਸਲੇ ਕੀਤੇ ਹਨ। ਪੰਜਾਬ ਦੀ ਫਿਜ਼ਾ ਵਿੱਚ  ਇਕੋ ਨਾਅਰਾ ਗੂੰਜ ਰਿਹਾ ਹੈ ਕਿ ਨਸ਼ਾ ਮੁਕਤ ਪੰਜਾਬ ਲਈ ਡੇਢ ਦਹਾਕੇ ਤੋਂ ਅਵੇਸਲੀਆਂ ਬੈਠੀਆਂ ਸਰਕਾਰਾਂ ਨੂੰ ਅੱਜ ਲੋਕਾਂ ਨੇ ਭਾਜੜਾਂ ਪਾ ਦਿੱਤੀਆਂ ਹਨ।ਲੋਕਾਂ ਵੱਲੋਂ ਨਸ਼ਾ ਤਸਕਰੀ ਵਿੱਚ ਸਿਆਸਤਦਾਨਾਂ ਤੇ ਪੁਲਿਸ ਦੀ ਸ਼ਮੂਲੀਅਤ ਦੇ ਲਾਏ  ਜਾ ਰਹੇ ਕਥਿਤ ਦੋਸ਼ਾਂ ਨੂੰ ਧੋਣ ਲਈ ਹੁਣ ਸਰਕਾਰ ਤੇ ਪੁਲਿਸ ਸਰਗਰਮ ਹੋਈ ਨਜ਼ਰ ਆ ਰਹੀ ਹੈ। ਲੋਕ ਰੋਹ ਅੱਗੇ ਝੁਕਦਿਆਂ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਵਿਰੁੱਧ ਬੀਤੇ ਦਿਨ ਕੀਤੀ ਗਈ ਕਾਰਵਾਈ ਆਵਾਮ ਦੀ ਹੀ ਜਿੱਤ ਹੈ ।

ਮੁੱਖ ਮੰਤਰੀ ਦਾ ਪੁਲਿਸ ਅਧਿਕਾਰੀਆਂ ਤੇ ਹੋਰ ਕਰਮਚਾਰੀਆਂ ਦਾ ਡੋਪ ਟੈਸਟ ਕਰਵਾਉਣ ਦਾ ਫੈਸਲਾ ਅਤੇ ਬਠਿੰਡਾ ਜਿਲ੍ਹੇ ਦੇ ਰਾਮਪੁਰਾ ਦੇ ਥਾਣਾ ਮੁੱਖੀ ਤੇ ਮੁਨਸ਼ੀ ਨੂੰ ਨਸ਼ਾ ਤਸਕਰ ਨੂੰ ਕਥਿਤ ਤੌਰ ‘ਤੇ ਪੈਸੇ ਲੈ ਕੇ ਰਿਹਾਅ ਕਰਨ ਦੇ ਮਾਮਲੇ ਵਿੱਚ ਮੁਅੱਤਲ ਕਰਕੇ ਗ੍ਰਿਫਤਾਰ ਕਰ ਲਿਆ ਜਾਣਾ ਵੀ ਲੋਕ ਲਹਿਰ ਦਾ ਹੀ ਕਾਰਨਾਮਾ ਹੈ। ਵੱਖ ਵੱਖ ਪਿੰਡਾਂ ਦੇ ਲੋਕ ਸੜਕਾਂ ‘ਤੇ ਨਿਕਲ ਆਏ ਹਨ, ਪਿੰਡਾਂ ਵਿੱਚ ਠੀਕਰੀ ਪਹਿਰੇ ਲੱਗਣੇ ਸ਼ੁਰੂ ਹੋ ਗਏ ਹਨ। ਪਿੰਡ ਪਿੰਡ ਵਿੱਚ ਨਸ਼ਾ ਵਿਰੋਧੀ ਮਾਰਚ ਕੱਢੇ ਜਾ ਰਹੇ ਹਨ ਗੁਰਦੁਆਰਿਆਂ ਤੇ ਹੋਰ ਧਾਰਮਿਕ ਸਥਾਨਾਂ ‘ਤੇ ਜਾ ਕੇ ਕਸਮਾਂ ਖਾਧੀਆਂ ਜਾ ਰਹੀਆਂ ਹਨ। ਚਿੱਟੇ ਦਾ ਕਾਲਾ ਧੰਦਾ ਕਰਨ ਵਾਲੇ ਨਸ਼ਾ ਤਸਕਰਾਂ ਦੇ ਕਾਲੇ ਦਿਨ ਆ ਗਏ ਹਨ ਨਿੱਤ ਦਿਨ ਲੋਕਾਂ ਵੱਲੋਂ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਇੱਥੋਂ ਤੱਕ ਕਿ ਕਈ ਥਾਵਾਂ ‘ਤੇ ਔਰਤਾਂ ਵੀ ਕਾਬੂ ਕੀਤੀਆਂ ਗਈਆਂ ਹਨ ਲੋਕ ਦਲੇਰੀ ਨਾਲ ਅੱਗੇ ਵੱਧ ਰਹੇ ਹਨ ਲੋੜ ਹੈ ਇਸ ਮੁਹਿੰਮ ਨੂੰ ਜਾਰੀ ਰੱਖਣ ਦੀ।

ਐਮ.ਪੀ.ਔਜਲਾ ਨੇ ਕਰਵਾਏ ਦਰਜਨਾਂ ਨਸ਼ੇੜੀ ਹਸਪਤਾਲਾਂ ‘ਚ ਭਰਤੀ

ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸ਼੍ਰੀ ਗੁਰਜੀਤ ਸਿੰਘ ਔਜਲਾ ਨੇ ਪਹਿਲ ਕਦਮੀ ਕਰਦਿਆਂ ਹਲਕੇ ਦੇ ਦਰਜਨਾਂ ਨੌਜਵਾਨਾਂ ਨੂੰ ਉਹਨਾਂ ਦੇ ਘਰੀਂ ਜਾ ਕੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਕਰਵਾਇਆ ਹੈ। ਔਜਲਾ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਦੀ ਹਰ ਪਾਸਿਓਂ ਸ਼ਲਾਘਾ ਹੋ ਰਹੀ ਹੈ ਉਧਰ ਅੱਜ ਅੰਮ੍ਰਿਤਸਰ ਵਿੱਚ ਨਸ਼ਾ ਵਿਰੋਧੀ ਲਹਿਰ ਪਿੰਡ-ਪਿੰਡ ਤੱਕ ਪੁਹੰਚਾਉਣ ਲਈ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਪੁਲਿਸ ਮੁਖੀ ਦਿਹਾਤੀ ਨੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚੋਂ 6 ਪਿੰਡ ਨਸ਼ਾ ਮੁੱਕਤ ਕਰਨ ਲਈ ਆਪ ਅਪਣਾ ਕੇ ਉਥੇ ਕੰਮ ਸ਼ੁਰੂ ਕਰ ਦਿੱਤਾ ਹੈ। ਅੱਜ ਪਹਿਲੇ ਪਿੰਡ ਮੀਰਾਂਕੋਟ ਦੇ ਪਲੇਠੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਤੇ ਐਸ ਐਸ ਪੀ ਸ੍ਰੀ ਪਰਮਪਾਲ ਸਿੰਘ ਵੱਲੋਂ ਨਸ਼ਾ ਛਡਾਉਣ ਲਈ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦੇ ਕੀਤੇ ਐਲਾਨ ਸੁਣ ਕੇ ਮੌਕੇ ‘ਤੇ 6 ਨੌਜਵਾਨ, ਜੋ ਕਿ ਹੈਰੋਇਨ ਦਾ ਨਸ਼ਾ ਕਰਦੇ ਸਨ, ਨਸ਼ਾ ਛੱਡਣ ਲਈ ਅੱਗੇ ਆਏ।

ਜਿਲਾ ਪੁਲਿਸ ਮੁਖੀ ਦਿਹਾਤੀ ਸ੍ਰੀ ਪਰਮਪਾਲ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਤੁਸੀਂ ਸਾਨੂੰ ਨਸ਼ੇ ਵੇਚਣ ਵਾਲੇ ਦੀ ਸੂਚਨਾ ਦਿਉ, ਅਸੀਂ ਤੁਹਾਡਾ ਨਾਮ ਗੁਪਤ ਰੱਖ ਕੇ ਸਖਤ ਕਾਰਵਾਈ ਕਰਾਂਗੇ । ਇਸ ਦੌਰਾਨ ਡਿਪਟੀ ਕਮਿਸ਼ਨਰ ਅਤੇ ਜਿਲਾ ਪੁਲਿਸ ਮੁਖੀ ਪਿੰਡ ਬੱਗੇ, ਕੰਬੋਅ ਅਤੇ ਥੋਭੇ ਵਿਖੇ ਬੀਤੇ ਦਿਨੀਂ ਨਸ਼ੇ ਕਾਰਨ ਮਾਰੇ ਗਏ ਨੌਜਵਾਨਾਂ ਦੇ ਘਰ ਗਏ ਜਿੱਥੇ ਉਨ੍ਹਾਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ, ਉਥੇ ਇਹ ਜਾਣਨ ਦੀ ਕੋਸ਼ਿਸ ਵੀ ਕੀਤੀ ਕਿ ਆਖਿਰ ਇਹ ਨੌਜਵਾਨ ਇਸ ਰਾਹ ‘ਤੇ ਤੁਰੇ ਕਿਉਂ ਅਤੇ ਪਰਿਵਾਰ ਨੇ ਇਨ੍ਹਾਂ ਦਾ ਨਸ਼ਾ ਛੁਡਾਉਣ ਲਈ ਕੀ-ਕੀ ਹੀਲਾ ਕੀਤਾ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।