ਮਾਮਲਾ ਦਲਿਤ ਵਿਦਿਆਰਥਣ ਨਾਲ ਜਾਤੀ ਵਿਤਕਰੇ ਦਾ
- ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਦਲਿਤ ਸਮਾਜ ਦਾ ਸੰਘਰਸ਼ ਰਹੇਗਾ ਜਾਰੀ: ਡਾ. ਜਤਿੰਦਰ ਮੱਟੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਵਿੱਚ ਪੜ੍ਹਦੀ ਦਲਿਤ ਵਿਦਿਆਰਥਣ ਵੀਰਪਾਲ ਕੌਰ ਨਾਲ ਹੋਈ ਕੁੱਟਮਾਰ ਅਤੇ ਸਕੂਲੀ ਸਟਾਫ ਵੱਲੋਂ ਕੀਤੇ ਜਾ ਰਹੇ ਜਾਤੀ ਵਿਤਕਰੇ ਦਾ ਮਾਮਲਾ ਗਰਮਾਉਣ ਤੋਂ ਬਾਅਦ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸਕੂਲ ਦਾ ਸਾਰਾ ਸਟਾਫ਼ ਬਦਲ ਦਿੱਤਾ ਹੈ। ਸਕੂਲ ਸਟਾਫ ਨੂੰ ਬਦਲਾਉਣ ਸਮੇਤ ਉਨ੍ਹਾਂ ਖਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਵਾਲਮੀਕਿ ਸਮਾਜ ਦੀਆਂ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਗਏ ਸਨ।
ਡਿਪਟੀ ਕਮਿਸ਼ਨਰ ਵੱਲੋਂ ਮੁੱਢਲੀ ਜਾਂਚ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੌਹੜਾ ਦਾ ਪੂਰਾ ਸਟਾਫ ਬਦਲ ਦਿੱਤਾ ਗਿਆ ਹੈ। ਬੀਤੇ ਦਿਨੀ ਪੰਜਾਬ ਸਰਕਾਰ ਦੇ ਐਸ.ਸੀ ਵੈਲਫੇਅਰ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿੱਤ ਦੀ ਅਗਵਾਈ ਵਿਚ 5 ਮੈਂਬਰੀ ਕਮੇਟੀ ਬਣਾ ਕੇ ਪੂਰੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਦੇ ਹੁਕਮ ਦਿੱਤੇ ਗਏ ਸਨ। ਜਿਸ ਤੋਂ ਬਾਅਦ ਹੀ ਵਿਭਾਗ ਵੱਲੋਂ ਸਕੂਲ ਦਾ ਸਾਰਾ ਸਟਾਫ਼ ਹੀ ਬਦਲ ਦਿੱਤਾ ਹੈ।
ਇਹ ਵੀ ਪੜ੍ਹੋ : ਭਾਰਤ ਵਿੱਚ ਘਟਦੇ ਗਰੀਬੀ ਦਰ ਦੇ ਅੰਕੜੇ
ਦਲਿਤ ਨੇਤਾ ਡਾ. ਜਤਿੰਦਰ ਸਿੰਘ ਮੱਟੂ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਵੀਰਪਾਲ ਨਾਲ ਇਨਸਾਫ ਨਾ ਹੋਇਆ ਤਾਂ ਉਹ ਮਰਨ ਵਰਤ ‘ਤੇ ਬੈਠਣਗੇ ਅਤੇ ਪੰਜਾਬ ਦਾ ਸਮੁੱਚਾ ਦਲਿਤ ਭਾਈਚਾਰਾ ਸੜਕਾਂ ‘ਤੇ ਉਤਰੇਗਾ। ਇਸ ਮੌਕੇ ਸਿੱਖਿਆ ਵਿਭਾਗ ਦੇ ਇਸ ਫੈਸਲੇ ਬਾਰੇ ਗੱਲਬਾਤ ਕਰਦਿਆਂ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਵੀਰਪਾਲ ਕੌਰ ਨਾਲ ਬਹੁਤ ਜਿਆਦਾ ਜਿਆਦਤੀ ਹੋਈ ਹੈ ਉਸਦੇ ਹੌਂਸਲੇ ਕਾਰਨ ਅਤੇ ਵੀਰਪਾਲ ਦੇ ਅੰਬੇਡਕਰਵਾਦੀ ਹੋਣ ਕਾਰਨ ਉਸਨੇ ਆਪਣੇ ਉੱਪਰ ਹੋਏ ਤਸ਼ੱਦਦ ਦਾ ਡਟ ਕੇ ਸਾਹਮਣਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਵੀਰਪਾਲ ਕੌਰ ਨਾਲ ਮਾਰ ਕੁੱਟ ਕਰਨ ਵਾਲਿਆਂ ਖਿਲਾਫ ਮੁਕੱਦਮਾ ਦਰਜ ਨਹੀਂ ਹੋ ਜਾਂਦਾ, ਜਾਤੀ ਵਿਤਕਰਾ ਕਰਨ ਵਾਲੇ ਸਟਾਫ ਨੂੰ ਸਸਪੈਂਡ ਨਹੀਂ ਕੀਤਾ ਜਾਂਦਾ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋ ਜਾਂਦੀ ਉਦੋਂ ਤੱਕ ਦਲਿਤ ਸਮਾਜ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦਾ ਧੰਨਵਾਦ ਕੀਤਾ ਜਿੰਨਾਂ ਨੇ ਸਾਰੇ ਮਾਮਲੇ ਦੀ ਜੁਡੀਸ਼ੀਅਲੀ ਜਾਂਚ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਸੌਂਪੀ। ਇਸ ਮਾਮਲੇ ‘ਤੇ ਮੰਗਲਵਾਰ ਤੱਕ ਜਾਂਚ ਚੱਲੇ ਜਾਣ ਕਾਰਨ ਅਗਲੀ ਰਣਨੀਤੀ ਬਣਾਉਣ ਲਈ ਦਲਿਤ ਜਥੇਬੰਦੀਆਂ ਦੇ ਨੁਮਾਇੰਦਿਆਂ ਵਲੋਂ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।