ਜਣੇਪਾ ਪੀੜ੍ਹਾਂ ਨਾਲ ਚੀਕ ਰਹੀ ਔਰਤ ਨੂੰ ਹਸਪਤਾਲ ‘ਚੋਂ ਕੱਢਿਆ ਬਾਹਰ
ਜੈਪੁਰੀਆ ਹਸਪਤਾਲ ਦੇ ਸਾਹਮਣੇ ਔਰਤ ਨੇ ਸੜਕ ‘ਤੇ ਦਿੱਤਾ ਬੱਚੇ ਨੂੰ ਜਨਮ
ਸੱਚ ਕਹੂੰ ਨਿਊਜ਼, ਜੈਪੁਰ : ਸਥਾਨਕ ਜੈਪੁਰੀਆ ਹਸਪਤਾਲ ਵਿੱਚ ਸ਼ੁੱਕਰਵਾਰ ਦੇਰ ਰਾਤ ਸਾਰੀਆਂ ਇਨਸਾਨੀ ਕਦਰਾਂ-ਕੀਮਤਾਂ ਨੂੰ ਤਾਕ ‘ਤੇ ਰੱਖਦੇ ਹੋਏ ਹਸਪਤਾਲ ਦੇ ਅਮਲੇ ਨੇ ਜਣੇਪਾ ਪੀੜ੍ਹਾਂ ਨਾਲ ਚੀਕ ਰਹੀ ਇੱਕ ਔਰਤ ਨੂੰ ਬਿਨਾਂ ਭਰਤੀ ਕੀਤੇ ਹੀ ਹਸਪਤਾਲ ਤੋਂ ਬਾਹਰ ਕੱਢ ਦਿੱਤਾ। ਤੜਫ਼ਦੀ ਔਰਤ ਪਰਿਵਾਰ ਦੇ ਸਹਿਯੋਗ ਨਾਲ ਬਾਹਰ ਆ ਹੀ ਰਹੀ ਸੀ ਕਿ ਬਾਹਰ ਸੜਕ ‘ਤੇ ਹੀ ਉਸ ਨੇ ਬੱਚੇ ਨੂੰ ਜਨਮ ਦੇ ਦਿੱਤਾ। ਸ਼ਹਿਰ ਦੇ ਮੁੱਖ ਅਤੇ ਮੈਡੀਕਲ ਕਾਲਜ ਹਸਪਤਾਲ ਦਾ ਦਰਜਾ ਪ੍ਰਾਪਤ ਕਰ ਚੁੱਕੇ ਇਸ ਹਸਪਤਾਲ ਵਿੱਚ ਇਹ ਘਟਨਾ ਵਾਪਰਨ ਤੋਂ ਬਾਅਦ ਹੰਗਾਮਾ ਖੜ੍ਹਾ ਹੋ ਗਿਆ।
ਵਾਰਸਾਂ ਨੇ ਹਸਪਤਾਲ ਦੇ ਡਾਕਟਰਾ ‘ਤੇ ਘੋਰ ਲਾਪਰਵਾਹੀ ਦਾ ਦੋਸ਼ ਲਾਇਆ ਹੈ। ਵਾਰਸਾਂ ਦਾ ਕਹਿਣਾ ਹੈ ਕਿ ਲੇਬਰ ਰੂਮ ਦੇ ਸਟਾਫ਼ ਨੇ ਇਹ ਕਹਿ ਕੇ ਬਾਹਰ ਕੱਢ ਦਿੱਤਾ ਕਿ ਔਰਤ ਦਾ ਅੱਜ ਜਣੇਪਾ ਨਹੀਂ ਹੋਵੇਗਾ। ਕੱਲ੍ਹ ਲੈ ਕੇ ਆਉਣਾ। ਜਣੇਪੇ ਤੋਂ ਬਾਅਦ ਪਰਿਵਾਰ ਔਰਤ ਨੂੰ ਲੈ ਕੇ 108 ਐਂਬੂਲੈਂਸ ਰਾਹੀਂ ਹੋਰ ਹਸਪਤਾਲ ਵਿੱਚ ਲੈ ਕੇ ਚਲੇ ਗਏ। ਔਰਤ ਸਾਂਗਾਨੇਰ ਨਿਵਾਸੀ ਅਤੇ ਮੂਲ ਤੌਰ ‘ਤੇ ਅਲਵਰ ਨਿਵਾਸੀ ਨੀਤੂ ਹੈ। ਇਸ ਤੋਂ ਪਹਿਲਾਂ ਸੜਕ ‘ਤੇ ਔਰਤ ਦਾ ਜਣੇਪਾ ਵੇਖ ਕੇ ਉੱਥੇ ਭਾਰੀ ਭੀੜ ਇਕੱਠੀ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਭੀੜ ਨੂੰ ਕਾਬੂ ਕੀਤਾ। ਲੋਕਾਂ ਨੇ ਦੱਸਿਆ ਕਿ ਬੱਚੇ ਦੇ ਜਨਮ ਤੋਂ ਬਾਅਦ ਤਾਂ ਹਸਪਤਾਲ ਪ੍ਰਸ਼ਾਸਨ ਵੀ ਬਾਹਰ ਆ ਗਿਆ।
ਐਮਰਜੈਂਸੀ ਦੀ ਫਿਰ ਖੁੱਲ੍ਹੀ ਪੋਲ
ਜੈਪੁਰੀਆ ਹਸਪਤਾਲ ਦੀ ਐਮਰਜੈਂਸੀ ਵਿੱਚ ਪੂਰੀਆਂ ਸਹੂਲਤਾਂ ਅਤੇ ਜ਼ਿਆਦਾਤਰ ਮਾਮਲਿਆਂ ਨੂੰ ਐੱਸਐੱਮਐੱਸ, ਮਹਿਲਾ ਅਤੇ ਜਨਾਲਾ ਰੈਫ਼ਰ ਕੀਤੇ ਜਾਣ ਦੇ ਕਈ ਵਾਰ ਦੋਸ਼ ਲੱਗਦੇ ਰਹੇ ਹਨ। ਇਸ ਮਾਮਲੇ ਨੇ ਇੱਕ ਵਾਰ ਫਿਰ ਇੱਥੋਂ ਦੇ ਪ੍ਰਬੰਧਾਂ ਦੀ ਪੋਲ੍ਹ ਕੇ ਖੋਲ੍ਹ ਕੇ ਰੱਖ ਦਿੱਤੀ ਹੈ।
ਪੁਲਿਸ ‘ਤੇ ਧਮਕਾਉਣ ਦਾ ਦੋਸ਼
ਮੌਕੇ ‘ਤੇ ਮੌਜ਼ੂਦ ਲੋਕਾਂ ਦਾ ਦੋਸ਼ ਸੀ ਕਿ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਦਬਾਉਣ ਲਈ ਪੁਲਿਸ ਮੁਲਾਜ਼ਮ ਔਰਤ ਦੀ ਮੱਦਦ ‘ਚ ਜੁਟੇ ਲੋਕਾਂ ਨੂੰ ਧਮਕਾਉਣ ਲੱਗੇ। ਮੌਕੇ ‘ਤੇ ਮੌਜ਼ੂਦ ਲੋਕਾਂ ਨੇ ਦੱਸਿਆ ਕਿ ਪਰਿਵਾਰ ਔਰਤ ਨੂੰ ਸਵੇਰੇ ਆਊਟਡੋਰ ਵਿੱਚ ਵੀ ਹਸਪਤਾਲ ਲੈ ਕੇ ਆਏ ਸਨ। ਹਸਪਤਾਲ ਦੇ ਬੁਲਾਰੇ ਡਾ. ਰਾਜੀਵ ਸ਼ਰਮਾ ਨੇ ਕਿਹਾ ਕਿ ਉਹ ਅਜੇ ਜੈਪੁਰ ਤੋਂ ਬਾਹਰ ਹਨ। ਮਾਮਲੇ ਦੀ ਜਾਣਕਾਰੀ ਉਨ੍ਹਾਂ ਨੂੰ ਮਿਲੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾ ਸਕਦਾ ਹੈ।