ਲੁਧਿਆਣਾ ਦੀ ਵੈਟਰਨਰੀ ‘ਵਰਸਿਟੀ ਦੇਸ਼ ਭਰ ‘ਚੋਂ ਅੱਵਲ

Veterinary University , Ludhiana, India, Agricultural Research Council

ਦੇਸ਼ ਦੀਆਂ 14 ਯੂਨੀਵਰਸਿਟੀਆਂ ‘ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ

ਰਾਮ ਗੋਪਾਲ ਰਾਏਕੋਟੀ, ਲੁਧਿਆਣਾ: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਦੇਸ਼ ਭਰ ਦੀਆਂ 14 ਵੈਟਨਰੀ ਯੂਨੀਵਰਸਿਟੀਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ। ਇਹ ਚੋਣ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ ਮੁਲਕ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਦੀ ਨਿਰਖ-ਪਰਖ ਕਰਕੇ ਕੀਤੀ ਗਈ।

ਕੁੱਲ 57 ਖੇਤੀਬਾੜੀ ਯੂਨੀਵਰਸਿਟੀਆਂ ਵਿੱਚੋਂ ਵੈਟਨਰੀ ਯੂਨੀਵਰਸਿਟੀ, ਲੁਧਿਆਣਾ 9ਵੇਂ ਨੰਬਰ ‘ਤੇ ਆਈ। ਚੋਣ ਮਾਪਦੰਡ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਪੱਧਰ, ਵਿਦਿਆਰਥੀਆਂ ਦਾ ਰੋਜ਼ਗਾਰ, ਖੋਜ ਪ੍ਰਕਾਸ਼ਨਾਵਾਂ, ਪੈਟੇਂਟ, ਤਿਆਰ ਕੀਤੀਆਂ ਗਈਆਂ ਤਕਨਾਲੋਜੀਆਂ ਅਤੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਆਧਾਰ ਬਣਾਇਆ ਗਿਆ।

ਇਸ ਤੋਂ ਪਹਿਲਾਂ ਇਸੇ ਸਾਲ ਮਾਨਵ ਸੰਸਾਧਨ ਮੰਤਰਾਲੇ ਵੱਲੋਂ ਦੇਸ਼ ਦੇ 3390 ਉੱਚ ਸਿੱਖਿਆ ਦੇ ਸੰਸਥਾਨਾਂ ਵਿੱਚੋਂ ਯੂਨੀਵਰਸਿਟੀ ਨੂੰ 81ਵਾਂ ਅਤੇ ਯੂਨੀਵਰਸਿਟੀਆਂ ਵਿੱਚੋਂ 50ਵਾਂ ਸਥਾਨ ਪ੍ਰਾਪਤ ਹੋਇਆ ਸੀ। ਮੰਤਰਾਲੇ ਨੇ ਅਧਿਆਪਨ, ਖੋਜ ਅਤੇ ਪਸਾਰ ਸੇਵਾਵਾਂ ਨੂੰ ਇਸ ਚੋਣ ਦਾ ਆਧਾਰ ਬਣਾਇਆ ਸੀ।

ਯੂਨੀਵਰਸਿਟੀ ਦੇ ਉਪ-ਕੁਲਪਤੀ, ਡਾ. ਅਮਰਜੀਤ ਸਿੰਘ ਨੰਦਾ ਨੇ ਇਹ ਪ੍ਰਾਪਤੀ ਯੂਨੀਵਰਸਿਟੀ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਸਮਰਪਿਤ ਕੀਤੀ ਜੋ ਕਿ ਕਿਸਾਨੀ ਭਾਈਚਾਰੇ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਯੂਨੀਵਰਸਿਟੀ ਨੇ ਜ਼ਿਕਰਯੋਗ ਯੋਗਦਾਨ ਪਾਇਆ ਹੈ ਅਤੇ ਪ੍ਰਾਪਤੀਆਂ ਕੀਤੀਆਂ ਹਨ।