ਨਵੀਂ ਦਿੱਲੀ: ਰਾਸ਼ਟਰਪਤੀ ਅਹੁਦੇ ਲਈ ਵਿਰੋਧੀ ਧਿਰ ਦੇ ਉਮੀਦਵਾਰ ਮੀਰਾ ਕੁਮਾਰ ਨੇ ਬੁੱਧਵਾਰ ਨੂੰ ਸੰਸਦ ‘ਚ ਨਾਮਜ਼ਦਗੀ ਕਾਗਜ਼ਾ ਦਾਖਲ ਕੀਤੇ। ਇਸ ਮੌਕੇ ‘ਤੇ, ਸੋਨੀਆ ਗਾਂਧੀ, ਮਨਮੋਹਨ ਸਿੰਘ, ਮਲਿਕਾਅਰਜੁਨ ਖੜਗੇ, ਸੀਤਾਰਾਮ ਯੇਚੁਰੀ ਸਮੇਤ ਵਿਰੋਧੀ ਧਿਰ ਦੇ ਕਈ ਆਗੂ ਸਨ। ਇਸ ਮੌਕੇ ਲਾਲੂ ਪ੍ਰਸਾਦ ਯਾਦਵ ਨਹੀਂ ਪਹੁੰਚੇ। ਇਸ ਤੋਂ ਪਹਿਲਾਂ ਮੀਰਾ ਕੁਮਾਰ ਰਾਜਘਾਟ ਪਹੁੰਚੇ ਅਤੇ ਮਹਾਤਮਾ ਗਾਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉੱਥੇ ਹੀ, ਐਨਡੀਏ ਦੇ ਉਮੀਦਵਾਰ ਰਾਮਨਾਥ ਕੋਵਿੰਦ ਨੇ ਵੀ ਬੁੱਧਵਾਰ ਨੂੰ ਆਪਣਾ ਆਖਰੀ ਭਾਵ ਚੌਥਾ ਨਾਮਜ਼ਦਗੀ ਦਾਖਲ ਕੀਤਾ। ਕੋਵਿੰਦ ਨੇ ਸੰਸਦ ਭਵਨ ‘ਚ 23 ਜੂਨ ਨੂੰ ਤਿੰਨ ਨਾਮਜ਼ਦਗੀ ਕਾਗਜ਼ ਭਰੇ ਸਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਚੋਣ ਲਈ ਵੋਟਿੰਗ 17 ਜੁਲਾਈ ਨੂੰ ਹੋਵੇਗੀ। ਗਿਣਤੀ 20 ਜੁਲਾਈ ਨੂੰ ਹੋਵੇਗੀ। ਪ੍ਰਣਬ ਮੁਖਰਜੀ ਦਾ ਕਾਰਜਕਾਲ 24 ਜੁਲਾਈ ਨੂੰ ਖਤਮ ਹੋ ਜਾਵੇਗਾ।
ਸਾਨੂੰ ਮਾਣ ਹੈ: ਰਾਹੁਲ
ਮੀਰਾ ਕੁਮਾਰ ਦੇ ਨਾਮਜ਼ਦਗੀ ਕਾਗਜ ਭਰਨ ਤੋਂ ਪਹਿਲਾਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕੀਤਾ। ਉਨ੍ਹਾਂ ਲਿਖਿਆ ਕਿ ਵੰਡਣ ਦੀ ਨੀਤੀ ਦੇ ਖਿਲਾਫ ਅਸੀਂ ਦੇਸ਼ ਦੀ ਇੱਕ ਕਰਨ ਦੀ ਵਿਚਾਰਧਾਰਾ ਨੂੰ ਅੱਗੇ ਰੱਖਿਆ ਹੈ। ਮੀਰਾ ਕੁਮਾਰ, ਸਾਡੇ ਉਮੀਦਵਾਰ ਹਨ ਇਸ ‘ਤੇ ਮਾਣ ਹੈ।
ਇਸ ਤੋਂ ਉਨ੍ਹਾਂ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਆਪਣੀ ਚੋਣ ਮੁਹਿੰਮ ਸਾਬਰਮਤੀ ਆਸ਼ਰਮ ਤੋਂ ਸ਼ੁਰੂ ਕਰੇਗੀ। ਮੀਰਾ ਕੁਮਾਰ ਨੇ ਵੀ ਮੰਗਲਵਾਰ ਨੂੰ ਪ੍ਰੈਸ ਨਾਲ ਗੱਲ ਕੀਤੀ।
ਵਿਚਾਰਧਾਰਾ ਦੀ ਲੜਾਈ:ਮੀਰਾ
ਮੀਰਾ ਕੁਮਾਰ ਨੇ ਕਿਹਾ ਹੈ ਕਿ ਵਿਰੋਧੀ ਧਿਰ ਨੇ ਮੈਨੂੰ ਸਰਬਸੰਮਤੀ ਨਾਲ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ। ਵਿਰੋਧੀ ਧਿਰਾਂ ਦੀ ਏਕਤਾ ਉਸੇ ਵਿਚਾਰਧਾਰਾ ‘ਤੇ ਆਧਾਰਿਤ ਹੈ। ਮੀਰਾ ਕੁਮਾਰ ਨੇ ਕਿਹਾ ਕਿ ਲੋਕਤੰਤਰੀ ਕਦਰਾਂ ਕੀਮਤਾਂ, ਪਾਰਦਰਸ਼ਤਾ, ਪ੍ਰੈਸ ਦੀ ਆਜ਼ਾਦੀ ਅਤੇ ਗਰੀਬ ਦੀ ਭਲਾਈ ਸਾਡੀ ਵਿਚਾਰਧਾਰਾ ਦੇ ਅੰਗ ਹਨ, ਇਨ੍ਹਾਂ ਵਿੱਚ ਮੇਰੀ ਡੂੰਘੀ ਸ਼ਰਧਾ ਹੈ।
ਉਨ੍ਹਾਂ ਕਿਹਾ ਕਿ ਇਸ ਵਿਚਾਰਧਾਰਾ ‘ਤੇ ਹੀ ਮੈਂ ਰਾਸ਼ਟਰਪਤੀ ਚੋਣ ਲੜਾਂਗੀ। ਮੀਰਾ ਕੁਮਾਰ ਨੇ ਕਿਹਾ ਕਿ ਮੈਂ ਚੋਣ ਮੰਡਲ ਦੇ ਸਾਰੇ ਮੈਂਬਰਾਂ ਨੂੰ ਚਿੱਠੀ ਲਿਖ ਕੇ ਆਪਣੀ ਹਮਾਇਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੇ ਸਾਹਮਣੇ ਇਤਿਹਾਸ ਬਣਾਉਣ ਦਾ ਮੌਕਾ ਹੈ।