ਆਮ ਲੋਕ ਬੇਰੁਜ਼ਗਾਰੀ ਮਹਿੰਗਾਈ ਅਤੇ ਗਰੀਬੀ ਨਾਲ ਜੂਝ ਰਹੇ ਹਨ : Priyanka Gandhi
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ (Priyanka Gandhi) ਨੇ ਅੱਜ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿਖੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਪ੍ਰਿਅੰਕਾ ਗਾਂਧੀ ਨੇ ਮਹਿਲਾਵਾਂ ਅਤੇ ਆਮ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇੰਡੀਆ ਗੱਠਜੋੜ ਨੂੰ ਵੋਟਾਂ ਪਾ ਕੇ ਜਿਤਾਉਣ, ਕਿਉਂਕਿ ਭਾਜਪਾ 10 ਸਾਲਾਂ ਵਿੱਚ ਦੁਨੀਆ ਦੀ ਸਭ ਤੋਂ ਅਮੀਰ ਪਾਰਟੀ ਬਣ ਗਈ ਹੈ ਜਦੋਂਕਿ ਆਮ ਲੋਕ ਬੇਰੁਜ਼ਗਾਰੀ ਮਹਿੰਗਾਈ ਅਤੇ ਗਰੀਬੀ ਨਾਲ ਜੂਝ ਰਹੇ ਹਨ।
ਇਹ ਵੀ ਪੜ੍ਹੋ: ਪਾਣੀ ’ਚ ਜ਼ਹਿਰੀਲੀਆਂ ਧਾਤਾਂ ਦੀ ਜਾਂਚ ਲਈ ਪੰਜਾਬੀ ਯੂਨੀਵਰਸਿਟੀ ਨੇ ਵਿਕਸਿਤ ਕੀਤਾ ਫਲੋਰੋਸੈਂਟ ਸੈਂਸਰ
ਅੱਜ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਵਿਖੇ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਸ਼੍ਰੀਮਤੀ ਪ੍ਰਿਅੰਕਾ ਗਾਂਧੀ (Priyanka Gandhi) ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਇੱਥੇ ‘ਨਾਰੀ ਨਿਆਂ ਸੰਮੇਲਨ’ ਤਹਿਤ ਸੈਂਕੜੇ ਔਰਤਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਪ੍ਰਿਅੰਕਾ ਗਾਂਧੀ ਨੇ ਸਭ ਤੋਂ ਪਹਿਲਾਂ ਪੰਜਾਬ ਨਾਲ਼ ਆਪਣੀ ਸਾਂਝ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੈਂ ਪੰਜਾਬੀ ਪਰਿਵਾਰ ਦੀ ਨੂੰਹ ਹਾਂ ਅਤੇ ਪੰਜਾਬੀਅਤ ਦੀ ਸੇਵਾ ਭਾਵਨਾ, ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੇ ਵਿਚਾਰ ਨੂੰ ਸਮਝਦੀ ਹਾਂ। ਉਨ੍ਹਾਂ ਔਰਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਸੀਂ ਇਸ ਦੇਸ਼ ਵਿੱਚ ਅੱਧ ਦੀਆਂ ਮਾਲਕ ਹਾਂ। ਅੱਜ ਦੀ ਔਰਤ ਆਪਣੇ ਪਰਿਵਾਰ ਦੀ ਕਮਾਈ ਵਿੱਚ ਹਿੱਸੇਦਾਰ ਬਣਨਾ ਚਾਹੁੰਦੀ ਹੈ, ਚੰਗਾ ਰੁਜ਼ਗਾਰ ਕਰਨਾ ਅਤੇ ਅੱਗੇ ਵੱਧਣਾ ਚਾਹੁੰਦੀ ਹੈ ਪਰ ਕੇਂਦਰ ਸਰਕਾਰ ਔਰਤਾਂ ਨੂੰ ਸੁਰੱਖਿਅਤ ਅਤੇ ਰੁਜ਼ਗਾਰ ਦਾ ਮਾਹੌਲ ਦੇਣ ਵਿੱਚ ਅਸਫ਼ਲ ਹੈ। ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੜ੍ਹੀਆਂ ਹੋ ਜਾਓ ਅਤੇ ਬਰਾਬਰੀ ਦਾ ਹੱਕ ਲਵੋ।
ਸਰਕਾਰ ਆਉਣ ’ਤੇ ਗਰੀਬ ਔਰਤਾਂ ਨੂੰ ਸਲਾਨਾ ਇੱਕ ਲੱਖ ਰੁਪਏ ਦਿੱਤੇ ਜਾਣਗੇ
ਕਾਂਗਰਸ ਇਸ ਦੇਸ਼ ਦੀ ਤਰੱਕੀ, ਭਾਈਚਾਰੇ ਅਤੇ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ। ਕਾਂਗਰਸ ਨੇ ਆਪਣੀਆਂ ਗਰੰਟੀਆਂ ਵਿੱਚ ਵਿਸ਼ੇਸ਼ ਤੌਰ ’ਤੇ ਔਰਤਾਂ ਲਈ ਨਿਆਂ ਦੀ ਗੱਲ ਕੀਤੀ ਹੈ ਜਿਸ ਵਿੱਚ ਹਰ ਲੋੜਵੰਦ ਪਰਿਵਾਰ ਦੀ ਸਭ ਤੋਂ ਵੱਡੀ ਔਰਤ ਨੂੰ ਸਲਾਨਾ ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਅਤੇ ਔਰਤਾਂ ਲਈ ਨੌਕਰੀਆਂ ਵਿੱਚ 50 ਫੀਸਦੀ ਰਾਖਵੇਂਕਰਨ ਦੀ ਗਰੰਟੀ ਦਿੱਤੀ ਹੈ।
ਪ੍ਰਿਅੰਕਾ ਗਾਂਧੀ (Priyanka Gandhi) ਨੇ ਕਿਹਾ ਕਿ 10 ਸਾਲਾਂ ਵਿੱਚ ਭਾਜਪਾ ਦੁਨੀਆਂ ਦੀ ਸਭ ਤੋਂ ਅਮੀਰ ਪਾਰਟੀ ਬਣ ਗਈ ਹੈ ਜਦਕਿ 55 ਸਾਲਾਂ ’ਚ ਕਾਂਗਰਸ ਪਾਰਟੀ ਨੇ ਕਦੇ ਅਜਿਹਾ ਸੋਚਿਆ ਵੀ ਨਹੀਂ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਮੋਦੀ ਅਜਿਹੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਪੂੰਜੀਪਤੀਆਂ ਦਾ 16 ਲੱਖ ਕਰੋੜ ਦਾ ਕਰਜ਼ਾ ਤਾਂ ਮੁਆਫ ਕਰ ਦਿੱਤਾ ਪਰ ਕਿਸਾਨਾਂ ਮਜ਼ਦੂਰਾਂ ਬਾਰੇ ਸੋਚਿਆ ਤੱਕ ਨਹੀਂ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਿਰਫ ਸੱਤਾ ’ਚ ਬਣੇ ਰਹਿਣ ਲਈ ਹੀ ਚੋਣਾਂ ਸਮੇਂ ਲੋਕਾਂ ਨੂੰ ਯਾਦ ਕਰਦੀ ਹੈ ਜਦਕਿ ਇਸ ਵਕਤ ਦੇਸ਼ ਅੰਦਰ 70 ਕਰੋੜ ਲੋਕ ਬੇਰੁਜ਼ਗਾਰ ਮਹਿੰਗਾਈ ਨਾਲ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਇੰਡੀਆ ਗਠਜੋੜ ਦੀ ਸਰਕਾਰ ਆਉਣ ਤੇ ਮਹਿਲਾਵਾਂ ਸਮੇਤ ਭਾਰਤ ਦੇ ਹਰੇਕ ਵਰਗ ਲਈ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਟਿਆਲਾ ਹਲਕੇ ਦੀ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ ਡਾਕਟਰ ਧਰਮਵੀਰ ਗਾਂਧੀ ਵਰਗਾ ਇਮਾਨਦਾਰ ਅਤੇ ਨਿਡਰ ਵਿਅਕਤੀ ਉਮੀਦਵਾਰ ਵਜੋਂ ਮਿਲਿਆ ਹੈ।