ਮੁਲਜ਼ਮਾਂ ਨੇ ਮੰਡੀ ਅਹਿਮਦਗੜ੍ਹ ਤੋਂ ਬੀਤੇ ਦਿਨੀਂ ਅਗਵਾ ਕੀਤਾ ਸੀ 47 ਸਾਲਾ ਹਰਸ਼ ਠੁਕਰਾਲ
(ਗੁਰਤੇਜ ਜੋਸੀ) ਮਲੇਰਕੋਟਲਾ। ਜ਼ਿਲ੍ਹਾ ਪੁਲਿਸ ਮਲੇਰਕੋਟਲਾ ਨੇ ਬੀਤੇ ਦਿਨੀਂ ਅਹਿਮਦਗੜ੍ਹ ਤੋਂ ਇਕ ਪ੍ਰਾਪਰਟੀ ਡੀਲਰ ਨੂੰ ਘਰੋਂ ਅਗਵਾ ਕਰ ਕੇ 10 ਲੱਖ ਰੁਪਏ ਦੀ ਫ਼ਿਰੋਤੀ ਮੰਗਣ ਵਾਲੇ ਪੰਜ ਫ਼ਰਜ਼ੀ ਪੁਲਿਸ ਮੁਲਾਜ਼ਮਾਂ ਨੂੰ ਇਕ ਕਾਰ ਸਮੇਤ ਗ੍ਰਿਫ਼ਤਾਰ ਕਰਨ ਦਾ ਜ਼ਿਲ੍ਹਾ ਪੁਲਿਸ ਮਲੇਰਕੋਟਲਾ ਨੇ ਦਾਅਵਾ ਕੀਤਾ ਹੈ। kidnapping News
ਜ਼ਿਲ੍ਹਾ ਪੁਲਿਸ ਪ੍ਰਬੰਧਕੀ ਕੰਪਲੈਕਸ ਮਲੇਰਕੋਟਲਾ ਵਿਖੇ ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ.ਐੱਸ.ਪੀ. ਮਲੇਰਕੋਟਲਾ ਡਾ: ਸਿਮਰਤ ਕੌਰ ਆਈ.ਪੀ.ਐਸ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਲਈ ਵੱਡੀ ਚੁਨੌਤੀ ਬਣੀ ਇਸ ਵਾਰਦਾਤ ਨੂੰ ਗੰਭੀਰਤਾ ਨਾਲ ਲੈਂਦਿਆਂ ਵੈਭਵ ਸਹਿਗਲ (ਇੰਨਵੈਸਟੀਗੇਸ਼ਨ) ਕਪਤਾਨ ਪੁਲਿਸ ਮਲੇਰਕੋਟਲਾ, ਅੰਮ੍ਰਿਤਪਾਲ ਸਿੰਘ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਅਹਿਮਦਗੜ੍ਹ, ਸਤੀਸ਼ ਕੁਮਾਰ ਉਪ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਮਲੇਰਕੋਟਲਾ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਜਿੰਦਰ ਸਿੰਘ ਇੰਚਾਰਜ ਸੀ.ਆਈ.ਏ. ਮਾਹੋਰਾਣਾ, ਇੰਸਪੈਕਟਰ ਸੁਖਪਾਲ ਕੌਰ ਮੁੱਖ ਅਫ਼ਸਰ ਥਾਣਾ ਸਿਟੀ ਅਹਿਮਦਗੜ੍ਹ ਤੇ ਥਾਣੇਦਾਰ ਗੁਰਪ੍ਰੀਤ ਕੌਰ ਇੰਚਾਰਜ ਟੈਕਨੀਕਲ/ਸ਼ਾਇਬਰ ਸੈੱਲ ਮਲੇਰਕੋਟਲਾ ਦੇ ਸਾਂਝੇ ਆਪਰੇਸ਼ਨ ਦੌਰਾਨ ਅਗਵਾ ਕਰ ਕੇ ਫਿਰੌਤੀ ਮੰਗਣ ਵਾਲੇ ਪੰਜ ਮੁਲਜ਼ਮਾਂ ਸਾਇਲ ਪੁੱਤਰ ਰਾਸ਼ੀਦ, ਚਾਂਦ ਪੁੱਤਰ ਰਾਸੀਦ ਵਾਸੀਆਨ ਰਾਏਪੁਰ ਕਲੋਨੀ ਖਜੂਰੀ ਰੋਡ ਯਮੁਨਾ ਨਗਰ,
ਹਾਲ ਵਾਸੀ ਸ਼ਕਤੀ ਨਗਰ ਟਿੱਬਾ ਰੋਡ ਲੁਧਿਆਣਾ, ਜਗਜੀਤ ਸਿੰਘ ਉਰਫ਼ ਜਤਿਨ ਪੁੱਤਰ ਸੁਰਿੰਦਰ ਸਿੰਘ ਵਾਸੀ ਸ਼ਕਤੀ ਨਗਰ ਟਿੱਬਾ ਰੋਡ ਲੁਧਿਆਣਾ, ਨਵੀ ਆਲਮ ਉਰਫ਼ ਨਵੀ ਪੁੱਤਰ ਸਮੀਮ ਆਲਮ ਵਾਸੀ ਨੇੜੇ ਮਦਰੱਸਾ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਜਨਤਾ ਨਗਰ ਲੁਧਿਆਣਾ, ਅਨਵਾਰ ਖਾਨ ਉਰਫ਼ ਰੱਬੀ ਪੁੱਤਰ ਮਲਾਗਰ ਖਾਨ ਵਾਸੀ ਵਾਰਡ ਨੰਬਰ 10 ਨੇੜੇ ਮਦਰੱਸਾ ਦਹਿਲੀਜ਼ ਰੋਡ ਅਹਿਮਦਗੜ੍ਹ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੀ ਕਾਰ ਹੌਂਡਾ ਅਮੇਜ ਬਰਾਮਦ ਕਰ ਲਈ ਗਈ ਹੈ।
ਜ਼ਿਲ੍ਹਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੰਡੀ ਅਹਿਮਦਗੜ੍ਹ ਦੇ ਵਾਰਡ ਨੰਬਰ 8 ਵਾਸੀ ਪ੍ਰਾਪਰਟੀ ਡੀਲਰ ਗੁਲਸ਼ਨ ਲਾਲ ਵੱਲੋਂ ਥਾਣਾ ਸਿਟੀ ਮੰਡੀ ‘ਅਹਿਮਦਗੜ੍ਹ ਵਿਖੇ ਦਰਜ ਕਰਵਾਏ ਬਿਆਨ ਦੌਰਾਨ ਦੱਸਿਆ ਗਿਆ ਸੀ ਕਿ ਉਸ ਦੇ 47 ਸਾਲਾ ਬੇਟੇ ਹਰਸ਼ ਠੁਕਰਾਲ ਉਰਫ ਵਿੱਕੀ ਨੂੰ ਚਾਰ ਨਕਾਬਪੋਸ਼ ਵਿਅਕਤੀ ਆਪਣੇ-ਆਪ ਨੂੰ ਮੋਹਾਲੀ ਪੁਲਿਸ ਦੇ ਮੁਲਾਜ਼ਮ ਦੱਸ ਕੇ ਘਰੋਂ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਇਕ ਮਹਿਲਾ ਵੱਲੋਂ ਉਸ ਖ਼ਿਲਾਫ਼ ਦਰਜ ਕਰਵਾਏ ਮਾਮਲੇ ‘ਚ ਮੋਹਾਲੀ ਲਿਜਾ ਰਹੇ ਹਨ। kidnapping News
ਇਹ ਵੀ ਪੜ੍ਹੋ: ਕੇਂਦਰੀ ਜ਼ੇਲ੍ਹ ’ਚੋਂ ਹਵਾਲਾਤੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ
ਗੁਲਸ਼ਨ ਲਾਲ ਮੁਤਾਬਿਕ ਉਨ੍ਹਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਫ਼ੋਨ ਵੀ ਖੋਹ ਲਏ ਤੇ ਹਰਸ਼ ਠੁਕਰਾਲ ਨੂੰ ਚਿੱਟੇ ਰੰਗ ਦੀ ਹੋਂਡਾ ਅਮੇਜ ਕਾਰ ਵਿਚ ਬਿਠਾ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਕਰੀਬ ਇਕ ਘੰਟੇ ਬਾਅਦ ਹਰਸ਼ ਠੁਕਰਾਲ ਨੇ ਆਪਣੀ ਪਤਨੀ ਨੂੰ ਫ਼ੋਨ ਕਰ ਕੇ ਆਪਣੇ ਅਗਵਾ ਹੋਣ ਬਾਰੇ ਜਾਣਕਾਰੀ ਦਿੰਦਿਆਂ ਆਪਣੀ ਜਾਨ ਬਚਾਉਣ ਲਈ 10 ਲੱਖ ਰੁਪਏ ਦਾ ਪ੍ਰਬੰਧ ਕਰਨ ਬਾਰੇ ਕਹਿ ਕੇ ਫ਼ੋਨ ਬੰਦ ਕਰ ਲਿਆ। ਐਸ.ਐਸ.ਪੀ. ਡਾ. ਸਿਮਰਤ ਕੌਰ ਮੁਤਾਬਿਕ ਮਲੇਰਕੋਟਲਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਿਟੀ ਅਹਿਮਦਗੜ੍ਹ ਵਿਖੇ ਮਾਮਲਾ ਦਰਜ ਕਰ ਕੇ ਤਕਨੀਕੀ ਢੰਗ ਨਾਲ ਜਾਂਚ ਸ਼ੁਰੂ ਕਰ ਦਿਤੀ ਤੇ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ।
ਸੰਪਰਕ ਕਰਨ ‘ਤੇ ਬਜ਼ੁਰਗ ਸ੍ਰੀ ਗੁਲਸ਼ਨ ਲਾਲ ਨੇ ਮਲੇਰਕੋਟਲਾ ਪੁਲਿਸ ਦੀ ਭਰਵੀਂ ਸ਼ਲਾਘਾ ਕਰਦਿਆਂ ਦੱਸਿਆ ਕਿ ਪੁਲਿਸ ਨੇ ਬਹੁਤ ਹੀ ਪੇਸ਼ੇਵਾਰ ਢੰਗ ਨਾਲ ਅਗਵਾਕਾਰਾਂ ਨੂੰ ਕਾਬੂ ਕਰਕੇ ਆਮ ਲੋਕਾਂ ਅੰਦਰ ਪੰਜਾਬ ਪੁਲਿਸ ਪ੍ਰਤੀ ਭਰੋਸੇ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸ਼ਾਮਿਲ ਮੰਡੀ ਅਹਿਮਦਗੜ੍ਹ ਦੇ ਇਕ ਮੈਡੀਕਲ ਸਟੋਰ ਮਾਲਕ ਨਾਲ ਉਸ ਦੇ ਬੇਟੇ ਦੀ ਜਾਣ-ਪਛਾਣ ਸੀ ਤੇ ਇਹੀ ਜਾਣ ਪਛਾਣ ਉਸ ਨੂੰ ਅਗਵਾ ਕਰਨ ਦਾ ਕਾਰਨ ਬਣ ਗਈ। ਉਨ੍ਹਾਂ ਦੱਸਿਆ ਕਿ ਜਦੋਂ ਅਗਵਾਕਾਰ ਉਸ ਦੇ ਬੇਟੇ ਹਰਸ਼ ਠੁਕਰਾਲ ਨੂੰ ਅਗਵਾ ਕਰ ਕੇ ਖੰਨੇ ‘ਪਹੁੰਚੇ ਤਾਂ ਹਰਸ਼ ਆਪਣੇ ਇਕ ਦੋਸਤ ਤੋਂ ਦੋ ਲੱਖ ਰੁਪਏ ਫੜ ਕੇ ਦੇਣ ਦਾ ਬਹਾਨਾ ਬਣਾ ਕੇ ਅਗਵਾਕਾਰਾਂ ਨੂੰ ਆਪਣੇ ਦੋਸਤ ਦੀ ਦੁਕਾਨ ‘ਤੇ ਲੈ ਗਿਆ ਜਿੱਥੇ ਪਹੁੰਚਦਿਆਂ ਹੀ ਉਸ ਨੇ ਰੋਲਾ ਪਾ ਦਿਤਾ। ਗੁਲਸ਼ਨ ਲਾਲ ਮੁਤਾਬਿਕ ਅਗਵਾਕਾਰ ਹਰਸ਼ ਨੂੰ ਖੰਨੇ ਹੀ ਛੱਡ ਕੇ ਫਰਾਰ ਹੋ ਗਏ।