ਮੰਡੀਆਂ ’ਚੋਂ 524661 ਮੀਟਰਿਕ ਟਨ ਕਣਕ ਦੀ ਲਿਫਟਿੰਗ ਹੋਈ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਨੇ ਇੱਕ ਵੱਡੀ ਪ੍ਰਾਪਤੀ ਕਰਦਿਆਂ ਇਸ ਚਾਲੂ ਖਰੀਦ ਸੀਜ਼ਨ ਦੌਰਾਨ ਕਣਕ ਦੀ ਖਰੀਦ ਲਈ ਨਿਰਧਾਰਤ ਟੀਚੇ ਨੂੰ ਪਾਰ ਕਰ ਲਿਆ ਹੈ। ਕੱਲ੍ਹ ਤੱਕ 873019 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਦੋਂ ਕਿ ਮੌਜੂਦਾ ਸੀਜ਼ਨ ਲਈ 624470 ਮੀਟਰਕ ਟਨ ਕਣਕ ਦੀ ਖਰੀਦ ਦਾ ਟੀਚਾ ਸੀ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਣਕ ਦੀ ਪੈਦਾਵਾਰ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਕਿਸਾਨਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਟੀਮ ਪਟਿਆਲਾ ਨੇ ਕਣਕ ਦੀ ਖਰੀਦ ਦੇ ਪਿਛਲੇ ਰਿਕਾਰਡ ਨੂੰ ਪਿੱਛੇ ਛੱਡਿਆ ਹੈ।
ਖਰੀਦੀ ਜਿਣਸ ਦੀ ਕਿਸਾਨਾਂ ਨੂੰ 1804.37 ਕਰੋੜ ਰੁਪਏ ਦੀ ਹੋਈ ਅਦਾਇਗੀ
ਉਨ੍ਹਾਂ ਇਹ ਵੀ ਦੱਸਿਆ ਕਿ ਕੁੱਲ ਖਰੀਦ ਵਿੱਚੋਂ 524661 ਮੀਟਰਿਕ ਟਨ ਕਣਕ ਦੀ ਲਿਫਟਿੰਗ ਹੋ ਚੁੱਕੀ ਹੈ। ਬੀਤੇ ਇੱਕ ਦਿਨ ਵਿੱਚ ਹੀ ਰਿਕਾਰਡ 40391 ਮੀਟਰਿਕ ਟਨ ਕਣਕ ਦੀ ਲਿਫਟਿੰਗ ਹੋਈ ਸੀ। ਉਨ੍ਹਾਂ ਨੇ ਏਜੰਸੀਆਂ ਅਤੇ ਵੱਖ-ਵੱਖ ਲੇਬਰ ਅਤੇ ਟਰਾਂਸਪੋਰਟ ਠੇਕੇਦਾਰਾਂ ਨੂੰ ਮੰਡੀਆਂ ਵਿੱਚ ਪਈ ਬਾਕੀ ਕਣਕ ਦੀ ਲਿਫਟਿੰਗ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਾੜੀ ਸੀਜ਼ਨ ਦੇ ਮੁਕਾਬਲੇ ਇਸ ਸਾਲ 248549 ਮੀਟਰਿਕ ਟਨ ਜ਼ਿਆਦਾ ਕਣਕ ਦੀ ਖਰੀਦ ਹੋਈ ਹੈ। ਸਾਕਸ਼ੀ ਸਾਹਨੀ ਨੇ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਇਆ ਗਿਆ ਹੈ ਕਿ ਕਿਸਾਨਾਂ ਨੂੰ ਖਰੀਦੀ ਗਈ ਕਣਕ ਦੀ ਅਦਾਇਗੀ ਖਰੀਦ ਦੇ 48 ਘੰਟਿਆਂ ਦੇ ਅੰਦਰ-ਅੰਦਰ ਕੀਤੀ ਜਾਵੇ ਅਤੇ ਇਸ ਲਈ ਕਿਸਾਨਾਂ ਨੂੰ 1804.37 ਕਰੋੜ ਰੁਪਏ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਹਨ।
ਇਹ ਵੀ ਦੱਸਣਯੋਗ ਹੈ ਕਿ ਮੰਡੀਆਂ ਵਿੱਚ ਆਈ ਕੁੱਲ ਆਮਦ ਵਿੱਚੋਂ 98 ਫੀਸਦੀ ਕਣਕ ਦੀ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਨਿੱਜੀ ਖਰੀਦ ਸਿਰਫ 22580 ਮੀਟਰਿਕ ਟਨ ਹੀ ਹੋਈ ਹੈ।ਸਰਕਾਰੀ ਏਜੰਸੀ ਅਨੁਸਾਰ ਵੇਰਵਿਆਂ ਬਾਰੇ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਨਗ੍ਰੇਨ 285573 ਮੀਟਰਕ ਟਨ ਦੀ ਖਰੀਦ ਨਾਲ ਸਭ ਤੋਂ ਅੱਗੇ ਹੈ। ਮਾਰਕਫੈੱਡ, ਪਨਸਪ ਅਤੇ ਪੀ.ਐਸ.ਡਬਲਯੂ.ਸੀ ਏਜੰਸੀਆਂ ਨੇ ਕ੍ਰਮਵਾਰ 210346 ਮੀਟਰਿਕ ਟਨ, 194175 ਮੀਟਰਿਕ ਟਨ ਅਤੇ 152320 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।