78 ਹਜ਼ਾਰ ਕਰੋੜ ਦਾ ਬਜਟ ਪੇਸ਼
- 26 ਨਵੇਂ ਫਲਾਈਓਵਰ, ਮੁਹੱਲਾ ਬੱਸ ਦੀ ਸ਼ੁਰੂਆਤ
ਨਵੀਂ ਦਿੱਲੀ (ਏਜੰਸੀ)। ਦਿੱਲੀ ਸਰਕਾਰ ਨੇ ਬੁੱਧਵਾਰ ਨੂੰ 2023-24 ਲਈ 78,800 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ, ਜਿਸ ਵਿੱਚ 35,100 ਕਰੋੜ ਰੁਪਏ ਸਥਾਪਨਾ ਅਤੇ ਹੋਰ ਵਚਨਬੱਧ ਖਰਚਿਆਂ ਲਈ ਹਨ ਜਦੋਂਕਿ 43,700 ਕਰੋੜ ਰੁਪਏ ਯੋਜਨਾਵਾਂ ਅਤੇ ਪ੍ਰੋਜੈਕਟਾਂ ਲਈ ਹਨ। ਦਿੱਲੀ ਦੇ ਵਿੱਤ ਮੰਤਰੀ ਕੈਲਾਸ਼ ਗਹਿਲੋਤ ਨੇ ਵਿਧਾਨ ਸਭਾ ’ਚ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਦੋ ਸਾਲਾਂ ’ਚ ਨਿਗਮ ਦੀ ਮੱਦਦ ਨਾਲ ਤਿੰਨੋਂ ਕੂੜੇ ਦੇ ਪਹਾੜਾਂ ਨੂੰ ਖਤਮ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ’ਚ ਬਿਜਲੀ ਨਾਲ ਜੁੜਿਆ ਵੱਡਾ ਅਪਡੇਟ ਆਇਆ ਸਾਹਮਣੇ
ਦੋ ਸਾਲਾਂ ਵਿੱਚ ਖ਼ਤਮ ਹੋਣਗੇ ਕੂੜੇ ਦੇ ਤਿੰਨੋਂ ਪਹਾੜ : ਗਹਿਲੋਤ
ਓਖਲਾ ਲੈਂਡਫਿਲ ਸਾਈਟ ਇਸ ਸਾਲ ਦਸੰਬਰ ਤੱਕ, ਭਲਸਵਾ ਲੈਂਡਫਿਲ ਸਾਈਟ ਅਗਲੇ ਸਾਲ ਮਾਰਚ ਤੱਕ ਅਤੇ ਗਾਜ਼ੀਪੁਰ ਲੈਂਡਫਿਲ ਸਾਈਟ ਦਸੰਬਰ ਤੱਕ ਖ਼ਤਮ ਕਰ ਦਿੱਤੀ ਜਾਵੇਗੀ। ਲੈਂਡਫਿਲ ਸਾਈਟ ਨੂੰ ਖਤਮ ਕਰਨ ਲਈ 850 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ। ਆਪਣੇ ਬਜਟ ਭਾਸ਼ਣ ਵਿੱਚ ਗਹਿਲੋਤ ਨੇ ਆਮ ਆਦਮੀ ਪਾਰਟੀ ਦੇ ਸ਼ਾਸਨ ਮਾਡਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਲੋਕਾਂ ਦੇ ਸੁਫ਼ਨਿਆਂ ਨੂੰ ਪੂਰਾ ਕਰਨਾ, ਉਨ੍ਹਾਂ ਨੂੰ ਮੁਫ਼ਤ ਬਿਜਲੀ, ਪਾਣੀ ਤੇ ਮਿਆਰੀ ਸਿੱਖਿਆ ਦੇਣ ਦਾ ਮਤਲਬ ਦਿੱਲੀ ਮਾਡਲ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅੱਠ ਸਾਲਾਂ ਵਿੱਚ ਦਿੱਲੀ ਸਰਕਾਰ ਨੇ ਇਤਿਹਾਸਕ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਕਈ ਪ੍ਰੋਜੈਕਟ ਪੂਰੇ ਕੀਤੇ ਹਨ। ਸਿਗਨੇਚਰ ਬਿ੍ਰਜ, ਸਰਾਏ ਕਾਲੇ ਖਾਨ ਅਤੇ ਆਈਐਨਏ ਨੂੰ ਜੋੜਨ ਵਾਲੇ ਬਾਰਾਪੁੱਲਾ ਫਲਾਈਓਵਰ ਨੇ ਦਿੱਲੀ ਦੀ ਨੁਹਾਰ ਬਦਲ ਦਿੱਤੀ ਹੈ।
ਦਿੱਲੀ ਦਾ ਬਜਟ ਸ਼ਾਨਦਾਰ, ਲੋਕਾਂ ਨੂੰ ਮਹਿੰਗਾਈ ਤੋਂ ਮਿਲੇਗੀ ਰਾਹਤ : ਕੇਜਰੀਵਾਲ
ਦਿੱਲੀ ਦਾ ਬਜਟ ਬੁੱਧਵਾਰ ਨੂੰ ਵਿੱਤ ਮੰਤਰੀ ਕੈਲਾਸ਼ ਗਹਿਲੋਤ ਨੇ ਪੇਸ਼ ਕੀਤਾ। ਇਸ ਤੋਂ ਬਾਅਦ ਦਿੱਲੀ ਦੇ ਬਜਟ ’ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਕੈਲਾਸ਼ ਗਹਿਲੋਤ ਨੇ ਸ਼ਾਨਦਾਰ ਬਜਟ ਪੇਸ਼ ਕੀਤਾ ਹੈ। ਦਿੱਲੀ ਦੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ। ਡੋਰ ਸਟੈਪ ਡਿਲੀਵਰੀ ਸਿਸਟਮ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਦਿੱਲੀ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਦਿੱਲੀ ਵਿੱਚ ਹੁਣ ਇੱਕ ਇਮਾਨਦਾਰ ਸਰਕਾਰ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਮਿਲ ਕੇ ਆਧੁਨਿਕ ਦਿੱਲੀ ਬਣਾਉਣੀ ਹੈ। ਇਸ ਵਾਰ ਦਿੱਲੀ ਦਾ ਇਹ ਬਜਟ ਸਾਫ਼-ਸੁਥਰੀ, ਸੁੰਦਰ ਤੇ ਆਧੁਨਿਕ ਦਿੱਲੀ ਲਈ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ ਵਿੱਤੀ ਸਾਲ 2023-24 ਲਈ ਦਿੱਲੀ ਸਰਕਾਰ ਦੇ ਬਜਟ ਵਿੱਚ ਸਾਰਿਆਂ ਲਈ ਕੁਝ ਨਾ ਕੁਝ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ