ਨਵੀਂ ਦਿੱਲੀ (ਸੱਚ ਕਹੂੰ)। ਉੱਤਰਾਖੰਡ ਦੇ ਜੋਸ਼ੀਮਠ ਤੋਂ ਵੱਡੀ ਖਬਰ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਇੱਥੇ 5-6 ਮੰਜ਼ਲਾ ਦੋ ਆਲੀਸ਼ਾਨ ਹੋਟਲ ਢਾਹ ਦਿੱਤੇ ਜਾਣਗੇ ਕਿਉਂਕਿ ਪ੍ਰਸ਼ਾਸਨ ਨੇ ਇਹ ਫੈਸਲਾ ਇਨ੍ਹਾਂ ਹੋਟਲਾਂ ਵਿੱਚ ਤਰੇੜਾਂ ਆਉਣ ਤੋਂ ਬਾਅਦ ਲਿਆ ਹੈ।
ਜੋਸ਼ੀਮੱਠ ’ਚ ਤਰੇੜਾਂ ਵਧੀਆਂ, 678 ਘਰ ਨੁਕਸਾਨੇ | Joshimath
ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮਠ ਵਿੱਚ ਜ਼ਮੀਨ ਖਿਸਕਣ ਕਾਰਨ ਤਰੇੜਾਂ ਨਾਲ ਪ੍ਰਭਾਵਿਤ ਘਰਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਸੋਮਵਾਰ ਤੱਕ ਜੋਸ਼ੀਮਠ ’ਚ ਤਰੇੜਾਂ ਵਾਲੇ ਘਰਾਂ ਦੀ ਗਿਣਤੀ 678 ਤੱਕ ਪਹੁੰਚ ਗਈ ਹੈ। ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 81 ਪਰਿਵਾਰਾਂ ਨੂੰ ਉਨ੍ਹਾਂ ਦੇ ਨੁਕਸਾਨੇ ਘਰਾਂ ਤੋਂ ਅਸਥਾਈ ਤੌਰ ’ਤੇ ਰਾਹਤ ਕੈਂਪਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਜੋਸ਼ੀਮਠ ਸ਼ਹਿਰ ਵਿੱਚ 19 ਅਜਿਹੀਆਂ ਇਮਾਰਤਾਂ ਦੀ ਪਛਾਣ ਕੀਤੀ ਗਈ ਹੈ ਜਿੱਥੇ 1191 ਲੋਕਾਂ ਦੇ ਰਹਿਣ ਦੀ ਸਮਰੱਥਾ ਹੈ। ਜੋਸੀਮਠ ਸਹਿਰ ਤੋਂ ਬਾਹਰ ਨੇੜਲੇ ਕਸਬਾ ਪਿੱਪਲਕੋਟੀ ’ਚ 20 ਅਜਿਹੀਆਂ ਇਮਾਰਤਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ 2206 ਲੋਕ ਰਹਿ ਸਕਦੇ ਹਨ। ਪ੍ਰਸ਼ਾਸਨ ਨੇ ਸੁਰੱਖਿਆ ਕਾਰਨਾਂ ਕਰਕੇ ਜੋਸ਼ੀਮਠ ਸ਼ਹਿਰ ਦੇ 4 ਵਾਰਡਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਕੀ ਹੈ ਮਾਮਲਾ
ਜ਼ਿਲ੍ਹਾ ਮੈਜਿਸਟਰੇਟ ਹਿਮਾਂਸ਼ੂ ਖੁਰਾਣਾ ਨੇ ਜੋਸ਼ੀਮਠ ਨਗਰ ਵਿੱਚ ਬਿਲਡਿੰਗ ਸਰਵੇ ਦੇ ਕੰਮਾਂ ਲਈ ਨਿਯੁਕਤ ਕੀਤੇ ਨੋਡਲ ਅਫਸਰਾਂ ਦੀ ਮੀਟਿੰਗ ਵਿੱਚ ਜ਼ਰੂਰੀ ਹਦਾਇਤਾਂ ਦਿੱਤੀਆਂ। ਉਨ੍ਹਾਂ ਹਦਾਇਤ ਕੀਤੀ ਕਿ ਸਾਰੀਆਂ ਇਮਾਰਤਾਂ ਦੇ ਸਰਵੇ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ। ਜਿਸ ਵਾਰਡ ਵਿੱਚ ਇਮਾਰਤਾਂ ਦੀ ਗਿਣਤੀ ਜ਼ਿਆਦਾ ਹੈ, ਉੱਥੇ ਵਾਧੂ ਟੀਮ ਤਾਇਨਾਤ ਕੀਤੀ ਜਾਵੇ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਪਹਿਲ ਹੈ।
ਅਸੁਰੱਖਿਅਤ ਇਮਾਰਤਾਂ ਤੋਂ ਲੋਕਾਂ ਨੂੰ ਤੁਰੰਤ ਸ਼ਿਫਟ ਕੀਤਾ ਜਾਵੇ। ਕਿਸੇ ਵੀ ਵਿਅਕਤੀ ਨੂੰ ਅਸੁਰੱਖਿਅਤ ਇਮਾਰਤਾਂ ਵਿੱਚ ਨਹੀਂ ਰਹਿਣਾ ਚਾਹੀਦਾ। ਜੋਸ਼ੀਮਠ ਸ਼ਹਿਰ ਵਿੱਚ ਨੌਂ ਵਾਰਡ ਹਨ। ਸਾਰੇ ਵਾਰਡਾਂ ਵਿੱਚ ਹਰ ਇਮਾਰਤ ਦਾ ਸਰਵੇ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਵਧੀਕ ਜ਼ਿਲ੍ਹਾ ਮੈਜਿਸਟਰੇਟ ਡਾ. ਅਭਿਸ਼ੇਕ ਤਿ੍ਰਪਾਠੀ, ਸੰਯੁਕਤ ਮੈਜਿਸਟਰੇਟ ਦੀਪਕ ਸੈਣੀ, ਐੱਸਡੀਐੱਮ ਕੁਮਕੁਮ ਜੋਸ਼ੀ ਅਤੇ ਤਕਨੀਕੀ ਸਰਵੇਖਣ ਟੀਮ ਦੇ ਸਾਰੇ ਨੋਡਲ ਅਫਸਰ ਹਾਜ਼ਰ ਸਨ। ਸੋਮਵਾਰ ਨੂੰ ਮੁੱਖ ਸਕੱਤਰ ਐੱਸਐੱਸ ਸੰਧੂ ਦੀ ਪ੍ਰਧਾਨਗੀ ਹੇਠ ਸਕੱਤਰੇਤ ਵਿਖੇ ਹੋਈ ਸਬੰਧਤ ਵਿਭਾਗਾਂ ਦੀ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ।
68 ਪਰਿਵਾਰਾਂ ਨੂੰ ਸੁਰੱਖਿਅਤ ਥਾਂ ’ਤੇ ਭੇਜਿਆ ਗਿਆ
ਇਸ ਤੋਂ ਪਹਿਲਾਂ ਇਸ ਮਾਮਲੇ ’ਚ ਆਫ਼ਤ ਪ੍ਰਬੰਧਨ ਵਿਭਾਗ ਦੇ ਸਕੱਤਰ ਰਣਜੀਤ ਸਿਨਹਾ ਨੇ ਮੀਡੀਆ ਸੈਂਟਰ ’ਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੋਸ਼ੀਮਠ ’ਚ ਹੁਣ ਤੱਕ 603 ਘਰਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ’ਚ ਤਰੇੜਾਂ ਆਈਆਂ ਹਨ। ਇਨ੍ਹਾਂ ਵਿੱਚੋਂ 68 ਪਰਿਵਾਰਾਂ ਨੂੰ ਸੁਰੱਖਿਅਤ ਥਾਂ ’ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 38 ਪਰਿਵਾਰਾਂ ਨੂੰ ਕਿਰਾਏ ਦੇ ਮਕਾਨਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਰਾਜ ਸਰਕਾਰ ਦੇ ਨਿਯਮਾਂ ਅਨੁਸਾਰ ਕਿਰਾਏ ਦੀ ਰਕਮ ਦਿੱਤੀ ਜਾ ਰਹੀ ਹੈ। ਸਿਨਹਾ ਨੇ ਦੱਸਿਆ ਕਿ ਲੋਕਾਂ ਦਾ ਆਪਦਾ ਪ੍ਰਬੰਧਨ ਐਕਟ ਦੀ ਧਾਰਾ 33 ਅਤੇ 34 ਤਹਿਤ ਮੁੜ ਵਸੇਬਾ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਦੋ ਬਹੁਤ ਜ਼ਿਆਦਾ ਨੁਕਸਾਨੇ ਗਏ ਹੋਟਲਾਂ ‘ਮਲਾਰੀ ਇਨ ਅਤੇ ਮਾਊਂਟ ਵਿਊ’ ਨੂੰ ਮਸੀਨੀ ਤਰੀਕੇ ਨਾਲ ਢਾਹ ਦਿੱਤਾ ਜਾਵੇਗਾ। ਇਸ ਦੇ ਲਈ ਸੀਬੀਆਰਈ ਦੀ ਟੀਮ ਭੇਜੀ ਗਈ ਸੀ, ਜਿਸ ਰਾਹੀਂ ਸਰਵੇ ਆਦਿ ਦਾ ਕੰਮ ਕੀਤਾ ਗਿਆ ਹੈ। ਹਾਊਸਿੰਗ ਅਤੇ ਸਹਿਰੀ ਵਿਕਾਸ ਵਿਭਾਗ ਨੂੰ ਜੋਸੀਮੱਠ ਲਈ ਮਾਸਟਰ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕਟਾਅ ਨੂੰ ਰੋਕਣ ਲਈ ਸੁਰੱਖਿਆ ਦੇ ਕੰਮ ਤੁਰੰਤ ਸੁਰੂ ਕੀਤੇ ਜਾਣਗੇ। ਇਸ ਲਈ ਤਕਨੀਕੀ ਸੰਸਥਾਵਾਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੋਸ਼ੀਮਠ ਕਸਬੇ ਵਿੱਚ ਪਈਆਂ ਤਰੇੜਾਂ ਦੇ ਮੱਦੇਨਜਰ ਊਰਜਾ ਨਿਗਮ ਦੇ ਨਾਲ-ਨਾਲ ਪਿੱਟਕੁਲ ਦੀਆਂ ਟੀਮਾਂ ਵੀ ਉਥੇ ਭੇਜੀਆਂ ਜਾ ਰਹੀਆਂ ਹਨ।
ਜੇਕਰ ਲੋੜ ਪਈ ਤਾਂ ਪੈਕੇਜ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ
ਆਫਤ ਪ੍ਰਬੰਧਨ ਸਕੱਤਰ ਨੇ ਦੱਸਿਆ ਕਿ ਰਾਹਤ ਕਾਰਜਾਂ ਲਈ ਵਧੀਕ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਸਰਕਾਰੀ ਪੱਧਰ ’ਤੇ ਕਮੇਟੀ ਦਾ ਗਠਨ ਕੀਤਾ ਜਾਵੇਗਾ। ਇਸੇ ਤਰ੍ਹਾਂ ਜ਼ਿਲ੍ਹਾ ਪੱਧਰ ’ਤੇ ਕਮਿਸਨਰ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਗਠਨ ਕੀਤਾ ਜਾਵੇਗਾ। ਜੋਸ਼ੀਮੱਠ ਦੀ ਡਰੇਨੇਜ ਯੋਜਨਾ ਦਾ ਟੈਂਡਰ, ਜੋ ਪਹਿਲਾਂ 20 ਜਨਵਰੀ ਨੂੰ ਖੋਲ੍ਹਿਆ ਜਾਣਾ ਸੀ, ਹੁਣ ਮੌਜ਼ੂਦਾ ਸਥਿਤੀ ਦੇ ਮੱਦੇਨਜਰ 13 ਜਨਵਰੀ ਨੂੰ ਖੋਲ੍ਹਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹਰ ਰੋਜ 12 ਵਜੇ ਮੁੱਖ ਸਕੱਤਰ ਜੋਸ਼ੀਮੱਠ ਦੇ ਸੰਦਰਭ ਵਿੱਚ ਸਮੀਖਿਆ ਮੀਟਿੰਗ ਕਰਨਗੇ। ਸਕੱਤਰ ਨੇ ਦੱਸਿਆ ਕਿ ਰਾਜ ਸਰਕਾਰ ਭਾਰਤ ਸਰਕਾਰ ਦੇ ਸੰਪਰਕ ਵਿੱਚ ਹੈ ਅਤੇ ਸਹਾਇਤਾ ਪ੍ਰਾਪਤ ਕੀਤੀ ਜਾ ਰਹੀ ਹੈ। ਜੇਕਰ ਲੋੜ ਪਈ ਤਾਂ ਪੈਕੇਜ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। ਫਿਲਹਾਲ ਤਿੰਨ ਥਾਵਾਂ ਕੋਟੀ ਕਲੋਨੀ, ਪਿੱਪਲਕੋਟੀ ਅਤੇ ਜੜ੍ਹੀਬੂਟੀ ਸੰਸਥਾਨ ’ਤੇ ਲੋਕਾਂ ਨੂੰ ਤਬਦੀਲ ਕਰਨ ਦਾ ਫੈਸਲਾ ਕੀਤਾ ਗਿਆ ਹੈ।